ਸਿੱਖ ਪੰਥ ਵਿਰੁੱਧ ਨਸਲੀ ਟਿੱਪਣੀਆਂ ਪਈਆਂ ਭਾਰੀ: ਆਸਟ੍ਰੇਲੀਆ ਨੇ ਬ੍ਰਾਇਨ ਤਮਾਕੀ ਦੇ ਦਾਖ਼ਲੇ 'ਤੇ ਲਾਈ ਰੋਕ

ਸਿੱਖ ਪੰਥ ਵਿਰੁੱਧ ਨਸਲੀ ਟਿੱਪਣੀਆਂ ਪਈਆਂ ਭਾਰੀ: ਆਸਟ੍ਰੇਲੀਆ ਨੇ ਬ੍ਰਾਇਨ ਤਮਾਕੀ ਦੇ ਦਾਖ਼ਲੇ 'ਤੇ ਲਾਈ ਰੋਕ
ਨਿਊਜ਼ੀਲੈਂਡ ਦੇ ਵਿਵਾਦਤ ‘ਡੈਸਟੀਨੀ ਚਰਚ’ ਦੇ ਮੁਖੀ ਬ੍ਰਾਇਨ ਤਮਾਕੀ ਨੂੰ ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਤਮਾਕੀ ਆਪਣੇ ਪਰਿਵਾਰ ਸਮੇਤ ਇੱਕ ਈਸਾਈ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਪ੍ਰਵਚਨ ਦੇਣ ਲਈ ਆਸਟ੍ਰੇਲੀਆ ਪਹੁੰਚੇ ਸਨ। ਹਵਾਈ ਅੱਡੇ 'ਤੇ ਪਹੁੰਚਦੇ ਹੀ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਲਗਭਗ 12 ਘੰਟਿਆਂ ਤੋਂ ਵੱਧ ਸਮਾਂ ਸਖ਼ਤ ਪੁੱਛਗਿੱਛ ਕਰਨ ਉਪਰੰਤ ਉਨ੍ਹਾਂ ਦਾ ਵੀਜ਼ਾ ਰੱਦ ਕਰ ਕੇ ਉਨ੍ਹਾਂ ਨੂੰ ਵਾਪਸ ਆਕਲੈਂਡ ਭੇਜ ਦਿੱਤਾ।
 
ਨਸਲਵਾਦੀ ਬਿਆਨਬਾਜ਼ੀ ਬਣੀ ਕਾਰਵਾਈ ਦਾ ਕਾਰਨ
 
​ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਸਖ਼ਤ ਕਦਮ ਤਮਾਕੀ ਵੱਲੋਂ ਸੋਸ਼ਲ ਮੀਡੀਆ 'ਤੇ ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਕੀਤੀਆਂ ਗਈਆਂ ਇਤਰਾਜ਼ਯੋਗ ਅਤੇ ਨਫ਼ਰਤੀ ਟਿੱਪਣੀਆਂ ਦੇ ਆਧਾਰ 'ਤੇ ਚੁੱਕਿਆ ਗਿਆ ਹੈ। ਤਮਾਕੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਰਹੱਦੀ ਅਧਿਕਾਰੀਆਂ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਦਾ ਵੀਜ਼ਾ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਐਕਟ ਦੀ ਧਾਰਾ 116 ਤਹਿਤ ਰੱਦ ਕੀਤਾ ਗਿਆ ਹੈ।
​ਅਧਿਕਾਰਤ ਦਸਤਾਵੇਜ਼ਾਂ ਮੁਤਾਬਕ, ਆਸਟ੍ਰੇਲੀਆਈ ਪ੍ਰਸ਼ਾਸਨ ਨੇ ਉਨ੍ਹਾਂ ਦੇ ਪੁਰਾਣੇ ਆਨਲਾਈਨ ਬਿਆਨਾਂ ਨੂੰ ਬਹੁਤ ਭੜਕਾਊ, ਚਿੰਤਾਜਨਕ ਅਤੇ ਭਾਈਚਾਰਕ ਸਾਂਝ ਲਈ ਖ਼ਤਰਾ ਮੰਨਿਆ ਹੈ। ਰਿਪੋਰਟ ਵਿੱਚ ਦਰਜ ਹੈ ਕਿ ਤਮਾਕੀ ਦੀ ਆਸਟ੍ਰੇਲੀਆ ਵਿੱਚ ਮੌਜੂਦਗੀ ਨਾਲ ਦੇਸ਼ ਦੀ ਕਾਨੂੰਨ-ਵਿਵਸਥਾ ਅਤੇ ਖ਼ਾਸ ਤੌਰ 'ਤੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਅਮਨ-ਅਮਾਨ ਦੀ ਸਥਿਤੀ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਸੀ। ਤਮਾਕੀ ਵੱਲੋਂ ਇਸਲਾਮ ਅਤੇ ਸਿੱਖ ਧਰਮ ਬਾਰੇ ਲਗਾਤਾਰ ਦਿੱਤੇ ਗਏ ਬਿਆਨਾਂ ਨੂੰ ਪ੍ਰਸ਼ਾਸਨ ਨੇ ਸਮਾਜਿਕ ਸ਼ਾਂਤੀ ਲਈ ਗੰਭੀਰ ਚੁਣੌਤੀ ਵਜੋਂ ਲਿਆ ਹੈ।
 
​ਨਿਊਜ਼ੀਲੈਂਡ ਵਿੱਚ  ਚੱਲ ਰਹੇ ਹਨ ਨਫ਼ਰਤੀ ਭਾਸ਼ਣ ਦੇ ਕੇਸ
 
​ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਬ੍ਰਾਇਨ ਤਮਾਕੀ ਨਿਊਜ਼ੀਲੈਂਡ ਵਿੱਚ ਵੀ ਨਸਲੀ ਨਫ਼ਰਤ ਫੈਲਾਉਣ ਦੇ ਦੋਸ਼ਾਂ ਤਹਿਤ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਹ ਮਾਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਸਨ, ਜਿੱਥੇ ਉਨ੍ਹਾਂ ਵਿਰੁੱਧ ਨਸਲੀ ਕੁੜੱਤਣ ਭੜਕਾਉਣ ਦੇ ਤਿੰਨ ਵੱਖ-ਵੱਖ ਮਾਮਲੇ ਦਰਜ ਹਨ।
​ਇਹ ਮਾਮਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਫੇਸਬੁੱਕ 'ਤੇ ਪਾਈਆਂ ਗਈਆਂ ਪੋਸਟਾਂ ਨਾਲ ਸੰਬੰਧਤ ਹਨ। ਪੁਲਿਸ ਅਤੇ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਤਮਾਕੀ ਵੱਲੋਂ ਪਾਈਆਂ ਗਈਆਂ ਪੋਸਟਾਂ ਜਾਣਬੁੱਝ ਕੇ ਨਸਲ ਅਤੇ ਮੂਲ ਦੇ ਆਧਾਰ 'ਤੇ ਭਾਰਤੀ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਦੁਰਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਕੀਤੀਆਂ ਗਈਆਂ ਸਨ। ਨਿਊਜ਼ੀਲੈਂਡ ਦੇ ਮਨੁੱਖੀ ਅਧਿਕਾਰ ਕਾਨੂੰਨ ਤਹਿਤ ਅਜਿਹੇ ਮਾਮਲਿਆਂ ਵਿੱਚ ਕੇਸ ਚਲਾਉਣ ਲਈ ਅਟਾਰਨੀ-ਜਨਰਲ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ, ਜੋ ਕਿ ਇਸ ਮਾਮਲੇ ਵਿੱਚ ਦਿੱਤੀ ਗਈ ਹੈ। ਹਾਲਾਂਕਿ, ਤਮਾਕੀ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।
 
​ਤਮਾਕੀ ਵੱਲੋਂ ਬੋਲਣ ਦੀ ਆਜ਼ਾਦੀ 'ਤੇ ਹਮਲੇ ਦਾ ਦਾਅਵਾ
​ਆਸਟ੍ਰੇਲੀਆ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਤਮਾਕੀ ਨੇ ਇਸ ਪੂਰੇ ਘਟਨਾਕ੍ਰਮ ਨੂੰ ਧਾਰਮਿਕ ਆਜ਼ਾਦੀ ਅਤੇ ਬੋਲਣ ਦੇ ਹੱਕ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਉਹ ਇੱਕ ਚਰਚ ਕਾਨਫ਼ਰੰਸ ਵਿੱਚ ਪ੍ਰਵਚਨ ਦੇਣ ਲਈ ਗਏ ਸਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸ਼ਾਇਦ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਈਸਾਈ ਪ੍ਰੋਗਰਾਮ ਨੂੰ ਨਫ਼ਰਤੀ ਜੁਰਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਇਸ ਨੂੰ ਈਸਾਈ ਧਰਮ ਨੂੰ ਬਦਨਾਮ ਅਤੇ ਗ਼ੈਰ-ਕਾਨੂੰਨੀ ਠਹਿਰਾਉਣ ਦੀ ਕੋਸ਼ਿਸ਼ ਕਿਹਾ।
​ਤਮਾਕੀ ਨੇ ਇਹ ਵੀ ਦੋਸ਼ ਲਾਇਆ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਅਧਿਕਾਰੀ ਰਲ ਕੇ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਕੰਮ ਕਰ ਰਹੇ ਹਨ। ਆਕਲੈਂਡ ਵਾਪਸ ਪਹੁੰਚ ਕੇ ਤਮਾਕੀ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਕਾਰਵਾਈਆਂ ਉਨ੍ਹਾਂ ਨੂੰ ਚੁੱਪ ਨਹੀਂ ਕਰਵਾ ਸਕਦੀਆਂ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਸਰਹੱਦ 'ਤੇ ਰੋਕ ਦਿੱਤਾ ਜਾਵੇ, ਵੀਜ਼ਾ ਰੱਦ ਕਰ ਦਿੱਤਾ ਜਾਵੇ ਜਾਂ ਅਦਾਲਤਾਂ ਦੇ ਚੱਕਰ ਕਟਵਾਏ ਜਾਣ, ਉਹ ਜਨਤਕ ਤੌਰ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਪਿੱਛੇ ਨਹੀਂ ਹਟਣਗੇ। ਦੂਜੇ ਪਾਸੇ, ਆਸਟ੍ਰੇਲੀਆਈ ਸਰਕਾਰੀ ਅਧਿਕਾਰੀਆਂ ਨੇ ਇਸ ਮਾਮਲੇ 'ਤੇ ਕੋਈ ਰਸਮੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ, ਪਰ ਇਹ ਕਾਰਵਾਈ ਦਰਸਾਉਂਦੀ ਹੈ ਕਿ ਦੋਵੇਂ ਦੇਸ਼ ਧਾਰਮਿਕ ਅਤੇ ਨਸਲੀ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਮਲਿਆਂ ਵਿੱਚ ਸਖ਼ਤ ਨੀਤੀ ਅਪਣਾ ਰਹੇ ਹਨ।