ਕੀ ਬ੍ਰਿਟੇਨ ਵਿੱਚ ਸੱਜੇ-ਪੱਖੀ ਹਿੰਸਾ ਲਈ ਸਿਆਸੀ ਆਗੂ ਵੀ ਜ਼ਿੰਮੇਵਾਰ ਨੇ?

ਕੀ ਬ੍ਰਿਟੇਨ ਵਿੱਚ ਸੱਜੇ-ਪੱਖੀ ਹਿੰਸਾ ਲਈ ਸਿਆਸੀ ਆਗੂ ਵੀ ਜ਼ਿੰਮੇਵਾਰ ਨੇ?

ਲੰਡਨ/ ਏ.ਟੀ.ਨਿਊਜ਼: ਬ੍ਰਿਟੇਨ ਅੰਦਰ ਸੱਜੇ-ਪੱਖੀ ਕੱਟੜਵਾਦ ਲਗਾਤਾਰ ਪੈਰ ਪਸਾਰ ਰਿਹਾ ਹੈ। ਪਰਵਾਸੀਆਂ ਖ਼ਿਲਾਫ਼ ਨਫ਼ਰਤ ਅਤੇ ਹਿੰਸਕ ਬਿਆਨਬਾਜ਼ੀ ਬਹੁਤ ਤੇਜ਼ ਹੋ ਗਈ ਹੈ। ਸੁਰੱਖਿਆ ਏਜੰਸੀ ਐਮ.ਆਈ-5  ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਪਰਵਾਸੀ ਵਿਰੋਧੀ ਅਨਸਰ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ। ਸਮਾਜ ਵਿੱਚ ਵਧ ਰਹੀ ਨਫ਼ਰਤ ਲਈ ਸਿਰਫ਼ ਭਟਕੇ ਹੋਏ ਨੌਜਵਾਨਾਂ ਹੀ ਦੋਸ਼ੀ ਨਹੀਂ ਹਨ; ਸਗੋਂ ਵੋਟਾਂ ਖ਼ਾਤਰ ਜ਼ਹਿਰੀਲੀ ਬਿਆਨਬਾਜ਼ੀ ਕਰਨ ਵਾਲੇ ਸਿਆਸੀ ਆਗੂ ਵੀ ਬਰਾਬਰ ਦੇ ਜਵਾਬਦੇਹ ਹਨ।
ਜਿਹੜੇ ਸਿਆਸਤਦਾਨ ਇਸਲਾਮੀ ਕੱਟੜਪੰਥ ਅਤੇ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ, ਉਹ ਖ਼ੁਦ ਪਰਵਾਸੀਆਂ ਵਿਰੁੱਧ ਹਿੰਸਕ ਭਾਸ਼ਾ ਵਰਤ ਰਹੇ ਹਨ। ਨਾਈਜੇਲ ਫ਼ਰਾਜ, ਸੁਏਲਾ ਬ੍ਰੇਵਰਮੈਨ ਅਤੇ ਰੌਬਰਟ ਜੈਨਰਿਕ ਵਰਗੇ ਆਗੂ ਲਗਾਤਾਰ ਸਖ਼ਤ ਨਿਯਮਾਂ ਦੀ ਵਕਾਲਤ ਕਰਦੇ ਆਏ ਹਨ। ਪਰ ਖ਼ੁਫ਼ੀਆ ਏਜੰਸੀ ਦੀ ਚਿਤਾਵਨੀ ਵਾਲੇ ਦਿਨ ਹੀ ਰੌਬਰਟ ਜੈਨਰਿਕ ਨੇ ਬੇਹੱਦ ਵਿਵਾਦਤ ਬਿਆਨ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਸਮੁੰਦਰ ਰਾਹੀਂ ਆਉਣ ਵਾਲੇ ਪਰਵਾਸੀਆਂ ਨੂੰ ਰੋਕਣ ਲਈ ਫ਼ੌਜ ਤਾਇਨਾਤ ਹੋਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਉਹਨਾਂ ’ਤੇ ਜਾਨਲੇਵਾ ਤਾਕਤ (ਗੋਲੀ) ਵੀ ਵਰਤੀ ਜਾ ਸਕਦੀ ਹੈ।
ਇਸ ਬਿਆਨ ਤੋਂ ਬਾਅਦ ਵਿਵਾਦ ਵਧ ਗਿਆ। ਫ਼ਰਾਜ ਨੇ ਇਸ ਬਿਆਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਗੋਲੀ ਸਿਰਫ਼ ਉਦੋਂ ਹੀ ਚਲਾਈ ਜਾਵੇਗੀ ਜੇਕਰ ਸੈਨਿਕਾਂ ’ਤੇ ਹਮਲਾ ਹੋਵੇਗਾ। ਪਰ ਗ੍ਰਹਿ ਮੰਤਰਾਲੇ ਦੇ ਰਿਕਾਰਡ ਮੁਤਾਬਕ ਪਿਛਲੇ ਸੱਤ ਸਾਲਾਂ ਵਿੱਚ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲੇ ਪਰਵਾਸੀਆਂ ਕੋਲੋਂ ਕੋਈ ਹਥਿਆਰ ਨਹੀਂ ਮਿਲਿਆ। ਇਸ ਲਈ ਅਜਿਹੇ ਬਿਆਨ ਸਿਰਫ਼ ਹਿੰਸਾ ਨੂੰ ਹਵਾ ਦੇ ਰਹੇ ਹਨ।
ਇਸੇ ਦੌਰਾਨ ਆਈ.ਟੀ.ਵੀ.  ਦੇ ਇੱਕ ਸਟਿੰਗ ਅਪਰੇਸ਼ਨ ਨੇ ਵੱਡਾ ਖ਼ੁਲਾਸਾ ਕੀਤਾ ਹੈ। ‘ਰਿਫਾਰਮ ਯੂ.ਕੇ.’ ਪਾਰਟੀ ਦੇ ਕੌਂਸਲਰਾਂ ਨੇ ਏਸ਼ੀਆਈ ਪਰਿਵਾਰਾਂ ਨੂੰ ‘ਪਰਜੀਵੀ’ ਅਤੇ ਕਾਲੇ ਬੱਚਿਆਂ ਨੂੰ ‘ਜਾਨਵਰ’ ਕਿਹਾ। ਜਾਂਚ ਦੌਰਾਨ ਇਹ ਗੰਭੀਰ ਖ਼ੁਲਾਸਾ ਹੋਇਆ ਕਿ ਕੁਝ ਆਗੂਆਂ ਨੇ ਨੌਜਵਾਨਾਂ ਨੂੰ ਘਰ-ਘਰ ਜਾ ਕੇ ਪਰਵਾਸੀਆਂ ਨੂੰ ਫੜਨ ਅਤੇ ਹਿਰਾਸਤੀ ਕੈਂਪਾਂ ਵਿੱਚ ਡੱਕਣ ਦੀ ਸਿਖਲਾਈ ਦੇਣ ਦੀ ਵਕਾਲਤ ਕੀਤੀ ਸੀ। ਹੱਦ ਤਾਂ ਉਦੋਂ ਹੋਈ ਜਦੋਂ ਇੱਕ ਆਗੂ ਨੇ ਸ਼ਰੇਆਮ ਫਾਂਸੀ ਦੇਣ ਦੀ ਵਕਾਲਤ ਕਰ ਦਿੱਤੀ। ਮਾਮਲਾ ਗਰਮਾਉਣ ਅਤੇ ਚੁਫੇਰਿਓਂ ਘਿਰਨ ਮਗਰੋਂ ਇਹਨਾਂ ਵਿੱਚੋਂ ਕੁਝ ਆਗੂਆਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਪਿਆ।
?ਵੱਡੇ ਸਿਆਸੀ ਆਗੂਆਂ ਦੀ ਸੋਚ ’ਤੇ ਵੀ ਸਵਾਲ ਉੱਠ ਰਹੇ ਹਨ। ਜੈਨਰਿਕ ਵਿਵਾਦਤ ਕੱਟੜਪੰਥੀ ਆਗੂ ਟੌਮੀ ਰੌਬਿਨਸਨ ਦੇ ਹਮਾਇਤੀਆਂ ਦੇ ਯੂਟਿਊਬ ਚੈਨਲਾਂ ’ਤੇ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪਰਵਾਸੀ ਹੋਟਲਾਂ ਅੱਗੇ ਹੋਏ ਹਿੰਸਕ ਪ੍ਰਦਰਸ਼ਨਾਂ ਨੂੰ ਵੀ ਕੁਝ ਆਗੂਆਂ ਨੇ ‘ਦੇਸ਼ ਭਗਤੀ’ ਦਾ ਨਾਂ ਦਿੱਤਾ ਸੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਨੇਤਾ ਅਜਿਹੀ ਜ਼ਹਿਰੀਲੀ ਬਿਆਨਬਾਜ਼ੀ ਕਰਦੇ ਹਨ, ਤਾਂ ਆਮ ਲੋਕ ਇਸ ਤੋਂ ਗ਼ਲਤ ਪ੍ਰਭਾਵ ਲੈਂਦੇ ਹਨ। ਸੱਜੇ-ਪੱਖੀ ਹਿੰਸਾ ਨੂੰ ਰੋਕਣ ਲਈ ਸਿਆਸੀ ਆਗੂਆਂ ਨੂੰ ਨਫ਼ਰਤ ਭਰੀ ਰਾਜਨੀਤੀ ਤੁਰੰਤ ਬੰਦ ਕਰਨੀ ਚਾਹੀਦੀ ਹੈ।