ਅਮਰੀਕੀ ਜੀਵਨ ਸ਼ੈਲੀ ਅਪਣਾਉਣ ਦੇ ਨਾਲ-ਨਾਲ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਯਤਨਸ਼ੀਲ ਭਾਈਚਾਰਾ

ਅਮਰੀਕੀ ਜੀਵਨ ਸ਼ੈਲੀ ਅਪਣਾਉਣ ਦੇ ਨਾਲ-ਨਾਲ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਯਤਨਸ਼ੀਲ ਭਾਈਚਾਰਾ
ਅਮਰੀਕਾ ਦੇ ਮੈਸਾਚੂਸਟਸ ਸੂਬੇ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਆਪਣੀਆਂ ਧਾਰਮਿਕ ਜੜ੍ਹਾਂ ਨਾਲ ਜੁੜੇ ਰਹਿਣਾ ਇੱਕ ਵੱਡਾ ਚੈਲਿੰਜ ਬਣ ਚੁੱਕਾ ਹੈ। ਇੱਥੇ ਪੱਛਮੀ ਸੱਭਿਆਚਾਰ ਵਿੱਚ ਰਲਣ-ਮਿਲਣ ਦੀ ਦੌੜ ਅਤੇ ਆਪਣੀਆਂ ਰਵਾਇਤਾਂ ਨੂੰ ਬਚਾਉਣ ਦੀ ਤਾਂਘ ਵਿਚਾਲੇ ਇੱਕ ਗੰਭੀਰ ਜਦੋਜਹਿਦ ਸਾਫ਼ ਦਿਖਾਈ ਦੇ ਰਹੀ ਹੈ। ਮੈਡਫੋਰਡ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀਆਂ ਕੰਧਾਂ ਅੰਦਰ ਗੂੰਜਦੀ ਗੁਰਮਤਿ ਸੰਗੀਤ ਦੀ ਆਵਾਜ਼ ਇਸੇ ਸੰਘਰਸ਼ ਦੀ ਗਵਾਹੀ ਭਰਦੀ ਹੈ। ਐਤਵਾਰ ਵਾਲੇ ਦਿਨ ਇੱਥੇ ਬੱਚੇ ਹਰਮੋਨੀਅਮ, ਤਬਲਾ ਅਤੇ ਮੋਰ ਦੇ ਆਕਾਰ ਵਾਲੇ ਤੰਤੀ ਸਾਜ਼ ਤਾਊਸ ਦੀਆਂ ਤਾਰਾਂ ਛੇੜਦੇ ਨਜ਼ਰ ਆਉਂਦੇ ਹਨ। ਮਾਪਿਆਂ ਦੀ ਪੂਰੀ ਕੋਸ਼ਿਸ਼ ਹੈ ਕਿ ਅਮਰੀਕੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਨੂੰ ਨਾ ਵਿਸਾਰਨ।
​ਮੈਲਰੋਜ਼ ਸ਼ਹਿਰ ਦੇ ਵਸਨੀਕ 45 ਸਾਲਾ ਤਲਵਿੰਦਰ ਸਿੰਘ ਲਈ ਇਹ ਸਿਰਫ਼ ਇੱਕ ਰਸਮ ਨਹੀਂ, ਸਗੋਂ ਜੀਵਨ ਦਾ ਅਹਿਮ ਫ਼ਰਜ਼ ਹੈ। ਮੁੰਬਈ ਤੋਂ ਦੋ ਦਹਾਕੇ ਪਹਿਲਾਂ ਅਮਰੀਕਾ ਆਏ ਤਲਵਿੰਦਰ ਦਾ ਕਹਿਣਾ ਹੈ ਕਿ ਵਿਦੇਸ਼ ਦੀ ਧਰਤੀ ਉੱਤੇ ਬੱਚਿਆਂ ਨੂੰ ਧਰਮ ਨਾਲ ਜੋੜ ਕੇ ਰੱਖਣ ਲਈ ਮਾਪਿਆਂ ਨੂੰ ਆਪਣਾ ਬਹੁਤ ਸਾਰਾ ਸਮਾਂ ਲਗਾਉਣਾ ਪੈਂਦਾ ਹੈ। ਉਹ ਹਰ ਐਤਵਾਰ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਹਨ ਤਾਂ ਜੋ ਉਹ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝ ਸਕਣ। ਸਿੱਖ ਧਰਮ ਦੀ ਨੀਂਹ ਪੰਜ ਸਦੀਆਂ ਪਹਿਲਾਂ ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ, ਜਿਨ੍ਹਾਂ ਨੇ ਜਾਤ-ਪਾਤ ਦਾ ਖੰਡਨ ਕਰਕੇ ਸਾਰੇ ਇਨਸਾਨਾਂ ਨੂੰ ਇੱਕ ਰੱਬ ਦੇ ਲੜ ਲਾਇਆ ਸੀ। ਇਸੇ ਬੁਨਿਆਦੀ ਸੋਚ ਨੂੰ ਬੱਚਿਆਂ ਦੇ ਹਿਰਦਿਆਂ ਵਿੱਚ ਉਤਾਰਨਾ ਅੱਜ ਪ੍ਰਵਾਸੀ ਸਿੱਖਾਂ ਲਈ ਸਭ ਤੋਂ ਅਹਿਮ ਕਾਰਜ ਹੈ।
​ਹਾਲਾਂਕਿ, ਇਹ ਰਸਤਾ ਇੰਨਾ ਆਸਾਨ ਨਹੀਂ ਹੈ। ਗੁਰਦੁਆਰਾ ਸਾਹਿਬ ਦੇ ਅਧਿਆਪਕ 35 ਸਾਲਾ ਰਮਨਜੀਤ ਸਿੰਘ ਦੱਸਦੇ ਹਨ ਕਿ ਵਾਲੰਟੀਅਰਾਂ ਅਤੇ ਮਾਪਿਆਂ ਦਾ ਇਹ ਸੰਘਰਸ਼ ਇੱਕ ਲਗਾਤਾਰ ਲੜੀ ਜਾਣ ਵਾਲੇ ਧਰਮਯੁੱਧ ਵਰਗਾ ਹੈ। ਬੱਚੇ ਹਫ਼ਤੇ ਦੇ ਪੰਜ ਦਿਨ ਅਮਰੀਕੀ ਸਕੂਲਾਂ ਵਿੱਚ ਬਿਤਾਉਂਦੇ ਹਨ, ਜਿੱਥੇ ਪੱਛਮੀ ਸਮਾਜ ਦਾ ਪ੍ਰਭਾਵ ਬਹੁਤ ਡੂੰਘਾ ਹੁੰਦਾ ਹੈ। ਉਸ ਦੇ ਮੁਕਾਬਲੇ ਗੁਰਦੁਆਰਾ ਸਾਹਿਬ ਵਿੱਚ ਮਿਲਣ ਵਾਲਾ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ। ਰਮਨਜੀਤ ਸਿੰਘ ਅਨੁਸਾਰ ਪਹਿਲੀ ਪੀੜ੍ਹੀ ਦੇ ਬਹੁਤ ਸਾਰੇ ਪ੍ਰਵਾਸੀ ਆਪਣੀ ਰੋਜ਼ੀ-ਰੋਟੀ ਕਮਾਉਣ ਅਤੇ ਆਰਥਿਕ ਪੈਰ ਜਮਾਉਣ ਵਿੱਚ ਇੰਨੇ ਉਲਝੇ ਰਹੇ ਕਿ ਉਹ ਆਪਣੇ ਬੱਚਿਆਂ ਨੂੰ ਰਵਾਇਤਾਂ ਦੀ ਪੂਰੀ ਸਿੱਖਿਆ ਨਹੀਂ ਦੇ ਸਕੇ। ਪਰ ਹੁਣ ਨਵੀਂ ਪੀੜ੍ਹੀ ਨੂੰ ਇਸ ਕਮੀ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
​ਮੈਸਾਚੂਸਟਸ ਵਿੱਚ ਸਿੱਖਾਂ ਦੀ ਕੁੱਲ ਆਬਾਦੀ ਕੁਝ ਹਜ਼ਾਰ ਹੀ ਹੈ। ਅਮਰੀਕਾ ਦੇ ਹੋਰਨਾਂ ਵੱਡੇ ਸੂਬਿਆਂ ਦੇ ਮੁਕਾਬਲੇ ਇਹ ਗਿਣਤੀ ਬਹੁਤ ਘੱਟ ਹੈ, ਪਰ ਆਪਣੇ ਵਿਲੱਖਣ ਬਾਣੇ ਕਰਕੇ ਇਹ ਭਾਈਚਾਰਾ ਆਸਾਨੀ ਨਾਲ ਪਛਾਣਿਆ ਜਾਂਦਾ ਹੈ। ਦਸਤਾਰਾਂ ਸਜਾਏ ਅਤੇ ਦਾੜ੍ਹੀਆਂ ਰੱਖੇ ਸਿੱਖ ਮਰਦ ਅਤੇ ਰੰਗ-ਬਿਰੰਗੇ ਸੂਟ ਪਹਿਨੀਆਂ ਔਰਤਾਂ ਭੀੜ ਵਿੱਚੋਂ ਅਲੱਗ ਨਜ਼ਰ ਆਉਂਦੀਆਂ ਹਨ। ਪਰ ਇਹ ਵੱਖਰੀ ਦਿੱਖ ਕਈ ਵਾਰ ਨਸਲੀ ਨਫ਼ਰਤ ਦਾ ਕਾਰਨ ਵੀ ਬਣ ਜਾਂਦੀ ਹੈ।
​ਸਾਲ 2025 ਵਿੱਚ ਫਲੋਰੀਡਾ ਵਿਖੇ ਇੱਕ ਸਿੱਖ ਟਰੱਕ ਡਰਾਈਵਰ ਨਾਲ ਵਾਪਰੇ ਸੜਕ ਹਾਦਸੇ ਤੋਂ ਬਾਅਦ ਅਮਰੀਕਾ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਮੁਹਿੰਮ ਸ਼ੁਰੂ ਹੋ ਗਈ ਸੀ। ਹੋਮਲੈਂਡ ਸਕਿਓਰਿਟੀ ਵਿਭਾਗ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਦਸਤਾਰਧਾਰੀ ਸਿੱਖ ਦੀ ਤਸਵੀਰ ਸਾਂਝੀ ਕਰਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ, ਜਿਸ ਨੇ ਨਫ਼ਰਤ ਦੀ ਅੱਗ ਨੂੰ ਹੋਰ ਭੜਕਾਇਆ ਸੀ। ਇਸ ਘਟਨਾ ਦੇ ਕੁਝ ਹੀ ਦਿਨਾਂ ਬਾਅਦ ਵਾਇਓਮਿੰਗ ਵਿੱਚ ਇੱਕ ਟਰੱਕ ਸਟਾਪ ’ਤੇ ਗੁਰਵਿੰਦਰ ਸਿੰਘ ਨਾਮੀ ਸਿੱਖ ਡਰਾਈਵਰ ਉੱਤੇ 17 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਅਜਿਹੀਆਂ ਖ਼ੌਫ਼ਨਾਕ ਵਾਰਦਾਤਾਂ ਨੇ ਅਮਰੀਕਾ ਭਰ ਦੇ ਸਿੱਖਾਂ ਦੇ ਮਨਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਭਰ ਦਿੱਤੀ ਹੈ।
​ਮੈਡਫੋਰਡ ਗੁਰਦੁਆਰੇ ਨਾਲ ਜੁੜੀ ਇੱਕ ਸਥਾਨਕ ਨਰਸ, ਜੋ ਆਪਣੀ ਪਛਾਣ 'ਨਿੱਕੀ' ਵਜੋਂ ਦੱਸਦੀ ਹੈ, ਨੇ ਕੰਮ ਦੇ ਸਥਾਨ ਉੱਤੇ ਹੋਣ ਵਾਲੇ ਵਿਤਕਰੇ ਦੇ ਡਰੋਂ ਆਪਣਾ ਅਸਲ ਨਾਂ ਗੁਪਤ ਰੱਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਹ 21 ਸਾਲ ਪਹਿਲਾਂ ਇਸ ਉਮੀਦ ਨਾਲ ਭਾਰਤ ਤੋਂ ਅਮਰੀਕਾ ਆਈ ਸੀ ਕਿ ਇਹ ਇੱਕ ਬਰਾਬਰੀ, ਇਨਸਾਫ਼ ਅਤੇ ਅਧਿਕਾਰਾਂ ਵਾਲਾ ਦੇਸ਼ ਹੈ। ਪਰ ਪਿਛਲੇ ਕੁਝ ਸਮੇਂ ਦੌਰਾਨ ਲੋਕਾਂ ਦੇ ਨਜ਼ਰੀਏ ਵਿੱਚ ਵੱਡੀ ਤਬਦੀਲੀ ਆਈ ਹੈ। ਜਦੋਂ ਉਸ ਨੇ ਆਪਣੀ ਧਾਰਮਿਕ ਆਸਥਾ ਨੂੰ ਪੂਰੀ ਤਰ੍ਹਾਂ ਅਪਣਾਉਂਦਿਆਂ ਜਨਤਕ ਥਾਵਾਂ ਉੱਤੇ ਸਿੱਖ ਔਰਤਾਂ ਵਾਲੀ ਦਸਤਾਰ ਸਜਾਉਣੀ ਸ਼ੁਰੂ ਕੀਤੀ, ਤਾਂ ਹਸਪਤਾਲ ਵਿੱਚ ਉਸ ਦੇ ਸਾਥੀਆਂ ਅਤੇ ਮਰੀਜ਼ਾਂ ਦੇ ਦੇਖਣ ਦਾ ਢੰਗ ਬਦਲ ਗਿਆ ਸੀ। ਨਿੱਕੀ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਸਾਫ਼ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਨੂੰ ਸਵੀਕਾਰ ਕਰ ਰਹੇ ਹਨ ਜਾਂ ਸ਼ੱਕੀ ਨਜ਼ਰ ਨਾਲ ਦੇਖ ਰਹੇ ਹਨ।
​ਭਾਵੇਂ ਮੈਸਾਚੂਸਟਸ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਕਾਫ਼ੀ ਸਹਿਣਸ਼ੀਲ ਮੰਨਿਆ ਜਾਂਦਾ ਹੈ, ਪਰ ਸਮਾਜ ਵਿੱਚ ਰਲਣ-ਮਿਲਣ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਕਈ ਸਿੱਖ ਅਮਰੀਕਾ ਪਹੁੰਚਦਿਆਂ ਹੀ ਆਪਣੇ ਕੇਸ ਕਟਵਾ ਲੈਂਦੇ ਹਨ। ਐਵਰੇਟ ਸ਼ਹਿਰ ਦੀ ਬਲਵਿੰਦਰ ਕੌਰ ਇਸ ਦਰਦ ਨੂੰ ਬਾਖ਼ੂਬੀ ਸਮਝਦੀ ਹੈ। ਉਸ ਦੇ ਸਵਰਗੀ ਪਿਤਾ ਅਤੇ ਉਸ ਦੇ ਪਤੀ ਨੇ ਵੀ ਅਮਰੀਕਾ ਆ ਕੇ ਦਸਤਾਰ ਲਾਹ ਦਿੱਤੀ ਸੀ। ਬਲਵਿੰਦਰ ਅਨੁਸਾਰ ਉਸ ਦੇ ਪਤੀ 9/11 ਦੇ ਹਮਲਿਆਂ ਤੋਂ ਇੱਕ ਸਾਲ ਬਾਅਦ ਇੱਥੇ ਪਹੁੰਚੇ ਸਨ, ਜਦੋਂ ਅਮਰੀਕਾ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਗ਼ਲਤਫ਼ਹਿਮੀ ਵਿੱਚ ਮੁਸਲਿਮ ਸਮਝ ਕੇ ਨਫ਼ਰਤੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਐਰੀਜ਼ੋਨਾ ਵਿੱਚ ਇੱਕ ਸਿੱਖ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
​ਇਸੇ ਡਰ ਅਤੇ ਨੌਕਰੀਆਂ ਨਾ ਮਿਲਣ ਦੇ ਖ਼ਦਸ਼ੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣਾ ਬਾਹਰੀ ਸਰੂਪ ਤਿਆਗ ਦਿੱਤਾ ਸੀ। ਬਲਵਿੰਦਰ ਕੌਰ ਖ਼ੁਦ ਵੀ ਸਿਰ ਨਹੀਂ ਢਕਦੀ, ਪਰ ਉਸ ਦਾ ਮੰਨਣਾ ਹੈ ਕਿ ਬਾਹਰੀ ਦਿੱਖ ਬਦਲ ਜਾਣ ਦਾ ਮਤਲਬ ਧਰਮ ਨੂੰ ਛੱਡਣਾ ਨਹੀਂ ਹੁੰਦਾ। ਉਸ ਦੇ ਦਿਲ ਵਿੱਚ ਸਿੱਖੀ ਪੂਰੀ ਤਰ੍ਹਾਂ ਵੱਸਦੀ ਹੈ ਅਤੇ ਉਸ ਦਾ ਪਰਿਵਾਰ ਹਰ ਗੁਰਪੁਰਬ ਪੂਰੀ ਸ਼ਰਧਾ ਨਾਲ ਮਨਾਉਂਦਾ ਹੈ। ਸਿੱਖੀ ਦਾ ਅਸਲ ਤੱਤ ਇੱਕ ਚੰਗਾ ਇਨਸਾਨ ਬਣਨਾ, ਸਾਰਿਆਂ ਨੂੰ ਬਰਾਬਰ ਸਮਝਣਾ  ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਬਾਹਰੀ ਰੂਪ ਨਾ ਧਾਰਨ ਕਰਨ ਕਾਰਨ ਅਜਿਹੇ ਪਰਿਵਾਰਾਂ ਨੂੰ ਅਕਸਰ ਆਪਣੇ ਹੀ ਭਾਈਚਾਰੇ ਅੰਦਰ ਨੁਕਤਾਚੀਨੀ  ਦਾ ਸਾਹਮਣਾ ਕਰਨਾ ਪੈਂਦਾ ਹੈ।
​ਇਸ ਸਾਰੇ ਮਾਹੌਲ ਦੇ ਵਿਚਕਾਰ ਨਵੀਂ ਪੀੜ੍ਹੀ ਦੀ ਇੱਕ ਅਜਿਹੀ ਤਸਵੀਰ ਵੀ ਉੱਭਰ ਰਹੀ ਹੈ ਜੋ ਹੌਸਲਾ ਵਧਾਉਣ ਵਾਲੀ ਹੈ। ਤਲਵਿੰਦਰ ਸਿੰਘ ਦਾ 16 ਸਾਲਾ ਪੁੱਤਰ ਰਣਵੀਰ ਸਿੰਘ ਇਸ ਦੀ ਵੱਡੀ ਮਿਸਾਲ ਹੈ। ਮਾਲਡਨ ਦੇ ਇੱਕ ਚਾਰਟਰ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਰਣਵੀਰ ਆਈਸ ਹਾਕੀ ਖੇਡਦਾ ਹੈ, ਉੱਚ ਪੜ੍ਹਾਈ ਦੀ ਤਿਆਰੀ ਕਰ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਪੂਰੀ ਮੁਹਾਰਤ ਨਾਲ ਤਬਲਾ ਵਜਾਉਂਦਾ ਹੈ। ਰਣਵੀਰ ਆਪਣੇ ਸਕੂਲ ਵਿੱਚ ਇਕੱਲਾ ਦਸਤਾਰਧਾਰੀ ਨੌਜਵਾਨ ਹੈ। ਜਦੋਂ ਸਾਥੀ ਵਿਦਿਆਰਥੀ ਉਸ ਨੂੰ ਗ਼ਲਤਫ਼ਹਿਮੀ ਵਿੱਚ ਮੁਸਲਿਮ ਸਮਝਦੇ ਹਨ, ਤਾਂ ਉਹ ਗੁੱਸਾ ਕਰਨ ਦੀ ਬਜਾਏ ਉਨ੍ਹਾਂ ਨੂੰ ਸਿੱਖ ਧਰਮ ਅਤੇ ਆਪਣੇ ਵਿਰਸੇ ਬਾਰੇ ਦੱਸਦਾ ਹੈ।
​ਰਣਵੀਰ ਨੂੰ ਆਪਣੀ ਵੱਖਰੀ ਦਿੱਖ ਉੱਤੇ ਪੂਰਾ ਮਾਣ ਹੈ। ਉਸ ਦਾ ਕਹਿਣਾ ਹੈ ਕਿ ਦਸਤਾਰ ਉਸ ਨੂੰ ਭੀੜ ਤੋਂ ਵੱਖਰਾ ਕਰਦੀ ਹੈ ਅਤੇ ਅਮਰੀਕਾ ਵਰਗੇ ਦੇਸ਼ ਵਿੱਚ ਇੱਕ ਵਿਲੱਖਣ ਪਛਾਣ ਦਿੰਦੀ ਹੈ। ਉਹ ਭਵਿੱਖ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਜਿੱਥੇ ਵੀ ਜਾਵੇਗਾ, ਆਪਣੀ ਦਸਤਾਰ ਅਤੇ ਤਬਲੇ ਨੂੰ ਆਪਣੇ ਨਾਲ ਲੈ ਕੇ ਜਾਵੇਗਾ।
​ਵਿਦੇਸ਼ਾਂ ਵਿੱਚ ਵਸਦੇ ਸਿੱਖ ਪਰਿਵਾਰਾਂ ਲਈ ਅੱਜ ਸਭ ਤੋਂ ਵੱਡੀ ਤਰਜੀਹ ਇਹੋ ਹੈ ਕਿ ਉਹ ਬੱਚਿਆਂ ਉੱਤੇ ਧਰਮ ਨੂੰ ਜ਼ਬਰਦਸਤੀ ਥੋਪਣ ਦੀ ਬਜਾਏ ਆਪਣੇ ਕਿਰਦਾਰ ਰਾਹੀਂ ਉਨ੍ਹਾਂ ਸਾਹਮਣੇ ਮਿਸਾਲ ਪੇਸ਼ ਕਰਨ। ਪੱਛਮੀ ਰਹਿਣ-ਸਹਿਣ ਦੀਆਂ ਚੁਣੌਤੀਆਂ ਅਤੇ ਸਮਾਜਿਕ ਵਿਤਕਰੇ ਦੇ ਬਾਵਜੂਦ, ਇਹ ਭਾਈਚਾਰਾ ਮਨੁੱਖਤਾ ਦੀ ਸੇਵਾ, ਬਰਾਬਰੀ ਅਤੇ ਸਤਿਕਾਰ ਦੇ ਗੁਰੂ-ਸੰਦੇਸ਼ ਨੂੰ ਅਪਣਾ ਕੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਦ੍ਰਿੜ੍ਹ ਹੈ।