ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਨਵੀਂ ਦਿੱਲੀ/ਏ.ਟੀ.ਨਿਊਜ਼ : ਤਜ਼ਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੂੰ ਭੋਪਾਲ ’ਚ ਹੋਣ ਵਾਲੀ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਤੋਂ ਆਰਾਮ ਦਿੱਤਾ ਗਿਆ ਹੈ ਤੇ ਉਸ ਦੀ ਜਗ੍ਹਾ ਬੰਸਰੀ ਸੋਲੰਕੀ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮੁੱਖ ਕੋਚ ਸ਼ੋਰਡ ਮਾਰਿਨ ਨੇ ਲੰਘੇ ਦਿਨੀਂ ਐਲਾਨੀ ਟੀਮ ’ਚ ਕੁਝ ਖਿਡਾਰਨਾਂ ਦੀਆਂ ਭੂਮਿਕਾਵਾਂ ’ਚ ਬਦਲਾਅ ਦੀ ਵੀ ਜਾਣਕਾਰੀ ਦਿੱਤੀ।
ਟੂਰਨਾਮੈਂਟ ਦਾ ਆਯੋਜਨ 19 ਤੋਂ 28 ਨਵੰਬਰ ਤੱਕ ਭੋਪਾਲ ਦੇ ਨਾਥੂ ਬਰਖੇੜਾ ’ਚ ਨਵੇਂ ਬਣੇ ਕੌਮਾਂਤਰੀ ਖੇਡ ਕੰਪਲੈਕਸ ’ਚ ਕੀਤਾ ਜਾਵੇਗਾ। ਭਾਰਤੀ ਟੀਮ ਮੌਜੂਦਾ ਚੈਂਪੀਅਨ ਦੇ ਰੂਪ ’ਚ ਪ੍ਰਤੀਯੋਗਤਾ ’ਚ ਉਤਰੇਗੀ ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਟੂਰਨਾਮੈਂਟ ਦੇ ਪਹਿਲੇ ਦਿਨ ਮਲੇਸ਼ੀਆ ਵਿਰੁੱਧ ਕਰੇਗੀ। ਮਿਡਫੀਲਡਰ ਸਲੀਮਾ ਟੇਟੇ ਟੀਮ ਦੀ ਕਪਤਾਨ ਬਰਕਰਾਰ ਰਹੇਗੀ।
ਜਾਪਾਨ ’ਚ ਪਿਛਲੇ ਮਹੀਨੇ ਏਸ਼ੀਆਈ ਖੇਡਾਂ ’ਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ ਕਿਸੇ ਕੌਮਾਂਤਰੀ ਟੂਰਨਾਮੈਂਟ ’ਚ ਖੇਡੇਗੀ। ਭਾਰਤ 2016, 2023 ਤੇ 2024 ’ਚ ਏਸ਼ੀਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਚੁੱਕਾ ਹੈ। 6 ਟੀਮਾਂ ਦੀ ਇਸ ਪ੍ਰਤੀਯੋਗਤਾ ’ਚ ਭਾਰਤ ਤੋਂ ਇਲਾਵਾ ਚੀਨ, ਜਾਪਾਨ, ਮਲੇਸ਼ੀਆ, ਥਾਈਲੈਂਡ ਤੇ ਦੱਖਣੀ ਕੋਰੀਆ ਹਿੱਸਾ ਲੈਣਗੇ। ਭਾਰਤ ਦੀ ਤਰ੍ਹਾਂ ਦੱਖਣੀ ਕੋਰੀਆ ਨੇ ਵੀ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ 3 ਵਾਰ ਜਿੱਤਿਆ ਹੈ।
25 ਸਾਲਾ ਬੰਸਰੀ ਪਿਛਲੇ ਸਾਲ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਬਿਚੂ ਦੇਵੀ ਖਰੀਬਾਮ ਨੇ ਟੀਮ ’ਚ ਦੂਜੀ ਗੋਲਕੀਪਰ ਦੇ ਰੂਪ ’ਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਮਾਰਿਨ ਨੇ ਕਿਹਾ, ‘‘ਇਹ ਹੋਰ ਖਿਡਾਰਨਾਂ ਨੂੰ ਕੌਮਾਂਤਰੀ ਪੱਧਰ ’ਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣ ਦਾ ਸਮਾਂ ਹੈ। ਕੁਝ ਖਿਡਾਰਨਾਂ ਆਪਣੀ ਆਮ ਪੋਜੀਸ਼ਨ ਤੋਂ ਵੱਖਰੀ ਭੂਮਿਕਾ ’ਚ ਖੇਡਣਗੀਆਂ ਜਿਸ ਨਾਲ ਕਿ ਮੈਂ ਦੇਖ ਸਕਾਂ ਕਿ ਉਹ ਨਵੀਂ ਜ਼ਿੰਮੇਵਾਰੀ ’ਚ ਕਿਹੋ ਜਿਹਾ ਪ੍ਰਦਰਸ਼ਨ ਕਰਦੀਆਂ ਹਨ।’’ ਉਸ ਨੇ ਕਿਹਾ, ‘‘ਅਸੀਂ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਤੇ ਸਾਲ ਦੀ ਸਮਾਪਤੀ ਚੰਗੇ ਪ੍ਰਦਰਸ਼ਨ ਦੇ ਨਾਲ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।’’
ਖਿਡਾਰਨਾਂ ਦੀਆਂ ਭੂਮਿਕਾਵਾਂ ’ਚ ਬਦਲਾਅ ਦੇ ਤਹਿਤ ਏਸ਼ੀਆਈ ਖੇਡਾਂ ’ਚ ਫਾਰਵਰਡ ਦੇ ਰੂਪ ’ਚ ਖੇਡਣ ਵਾਲੀ ਰਿਤੂਜਾ ਦਦਾਸੋ ਪਿਸਲ ਨੂੰ ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਮਿਡਫੀਲਡ ’ਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਮਿਡਫੀਲਡਰ ਨਿੱਕੀ ਪ੍ਰਧਾਨ ਨੂੰ ਡਿਫੈਂਸ ’ਚ ਸ਼ਾਮਲ ਕੀਤਾ ਗਿਆ ਹੈ ਜਦਕਿ ਇਸ਼ਿਕਾ ਚੌਧਰੀ ਨੂੰ ਡਿਫੈਂਸ ਤੋਂ ਮਿਡਫੀਲਡ ’ਚ ਭੇਜਿਆ ਗਿਆ ਹੈ।
ਟਰਾਫੀ ਦਾ ਆਯੋਜਨ ਰਾਊਂਡ ਰੌਬਿਨ ਫਾਰਮੈੱਟ ’ਚ ਹੋਵੇਗਾ ਜਿਸ ’ਚ ਹਰੇਕ ਟੀਮ ਹੋਰ 5 ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡੇਗੀ। ਲੀਗ ਪੜਾਅ ਦੇ ਅੰਤ ’ਚ ਟਾਪ-4 ਟੀਮਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣਗੀਆਂ। ਟੂਰਨਾਮੈਂਟ ਦੇ ਪਹਿਲੇ ਦਿਨ ਏਸ਼ੀਆ ਦੀ ਚੋਟੀ ਰੈਂਕਿੰਗ ਵਾਲੀ ਟੀਮ ਚੀਨ ਦਾ ਸਾਹਮਣਾ ਥਾਈਲੈਂਡ ਨਾਲ ਹੋਵੇਗਾ। ਇਸ ਤੋਂ ਬਾਅਦ ਉਦਘਾਟਨੀ ਸਮਾਰੋਹ ਤੋਂ ਬਾਅਦ ਭਾਰਤ ਤੇ ਮਲੇਸ਼ੀਆ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਭਾਰਤੀ ਟੀਮ 21 ਨਵੰਬਰ ਨੂੰ ਦੱਖਣੀ ਕੋਰੀਆ, 22 ਨਵੰਬਰ ਨੂੰ ਥਾਈਲੈਂਡ, 24 ਨਵੰਬਰ ਨੂੰ ਚੀਨ ਤੇ 25 ਨਵੰਬਰ ਨੂੰ ਜਾਪਾਨ ਨਾਲ ਭਿੜੇਗੀ। ਸੈਮੀਫਾਈਨਲ ਮੁਕਾਬਲੇ 27 ਨਵੰਬਰ ਨੂੰ ਜਦਕਿ ਤਗਮੇ ਲਈ ਮੈਚ 28 ਨਵੰਬਰ ਨੂੰ ਖੇਡੇ ਜਾਣਗੇ।

ਭਾਰਤੀ ਟੀਮ :

ਗੋਲਕੀਪਰ : ਬੰਸਰੀ ਸੋਲੰਕੀ, ਬਿਚੂ ਦੇਵੀ ਖਰੀਬਾਮ।
ਡਿਫੈਂਡਰ : ਨਿੱਕੀ ਪ੍ਰਧਾਨ, ਜਯੋਤੀ, ਜਯੋਤੀ ਸਿੰਘ, ਸੁਸ਼ੀਲਾ ਚਾਨੂ, ਲਾਲਥਾਂਤਲੁਆਂਗੀ, ਪੂਜਾ ਸਾਹੂ।
ਮਿਡਫੀਲਡਰ : ਰਿਤੂਜਾ ਦਦਾਸੋ ਪਿਸਲ, ਸੁਨੇਲਿਤਾ ਟੋਪੋ, ਸਲੀਮਾ ਟੇਟੇ (ਕਪਤਾਨ), ਨੇਹਾ, ਸਾਖਸ਼ੀ ਰਾਣਾ, ਬਲਜੀਤ ਕੌਰ, ਇਸ਼ਿਕਾ।
ਫਾਰਵਰਡ : ਨਵਨੀਤ ਕੌਰ, ਦੀਪਿਕਾ, ਬਿਊਟੀ ਡੁੰਗਡੁੰਗ, ਲਾਲਰੇਮਸਿਆਮੀ, ਮੁਮਤਾਜ਼ ਖਾਨ।