ਅਮਰੀਕੀ ਕੰਪਨੀ ਦੇ ਚੀਨ ਨਾਲ ਕਥਿਤ ਚਿੱਪ ਸੌਦੇ ’ਤੇ ਵਿਵਾਦ
ਵਾਸ਼ਿੰਗਟਨ/ਏ.ਟੀ.ਨਿਊਜ਼ :
ਇੱਕ ਪਾਸੇ ਅਮਰੀਕਾ ਅਤੇ ਚੀਨ ਵੱਲੋਂ ਆਪਸੀ ਵਪਾਰਕ ਸਬੰਧ ਸੁਖਾਂਵੇਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਜੰਗ ਵੀ ਜਾਰੀ ਹੈ। ਹੁਣ ਅਮਰੀਕੀ ਤਕਨਾਲੋਜੀ ਕੰਪਨੀ ਐਨਵੀਡੀਆ ਦੇ ਚੀਨ ਨੂੰ ਚਿੱਪ ਨਿਰਯਾਤ ਕਰਨ ਦੇ ਮਾਮਲੇ ਨੇ ਅਮਰੀਕਾ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸੀਨੀਅਰ ਡੈਮੋਕ੍ਰੇਟਿਕ ਸੈਨੇਟਰ ਐਲਿਜ਼ਾਬੈਥ ਵਾਰਨ ਅਤੇ ਕ੍ਰਿਸ ਕੂਨਜ਼ ਨੇ ਟਰੰਪ ਪ੍ਰਸ਼ਾਸਨ ਨੂੰ ਕੰਪਨੀ ਨਾਲ ਸਬੰਧਿਤ ਸਾਰੇ ਦਸਤਾਵੇਜ਼ ਸੁਰੱਖਿਅਤ ਰੱਖਣ ਅਤੇ ਮਾਮਲੇ ਦੀ ਜਾਂਚ ਬਾਰੇ ਕਾਂਗਰਸ ਨੂੰ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਵਿੱਚ ਐਨਵੀਡੀਆ ਦੇ ਸੀਈਓ ਜੇਨਸਨ ਹੁਆਂਗ ਦੇ ਇੱਕ ਸ਼ੱਕੀ ਚੀਨੀ ਖੁਫੀਆ ਸੰਪਰਕ ਨਾਲ ਸਬੰਧਾਂ ਅਤੇ ਚੀਨ ਨੂੰ ਵੱਡੇ ਪੱਧਰ ’ਤੇ ਚਿੱਪਾਂ ਦੀ ਸਪਲਾਈ ਵਿੱਚ ਸਹਾਇਤਾ ਦੇ ਦੋਸ਼ ਲਾਏ ਗਏ ਹਨ। ਸੈਨੇਟਰਾਂ ਨੇ ਇਸ ਮਾਮਲੇ ਨੂੰ ਅਮਰੀਕਾ ਦੀ ਕੌਮੀ ਸੁਰੱਖਿਆ ਅਤੇ ਨਿਰਯਾਤ ਨਿਯੰਤਰਣ ਪ੍ਰਣਾਲੀ ਲਈ ਗੰਭੀਰ ਚੁਣੌਤੀ ਕਰਾਰ ਦਿੱਤਾ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਹੋਣੀ ਅਜੇ ਬਾਕੀ ਹੈ।ਆਉਣ ਵਾਲੇ ਦਿਨਾਂ ਦੌਰਾਨ ਅਮਰੀਕਾ ਵਿੱਚ ਇਹ ਵਿਵਾਦ ਹੋਰ ਭੜਕਣ ਦੀ ਸੰਭਾਵਨਾ ਹੈ। ਅਸਲ ਵਿੱਚ ਅਮਰੀਕਾ ਅਤੇ ਚੀਨ ਵਿੱਚ ਵਪਾਰਕ ਦੁਨੀਆ ਵਿੱਚ ਮੋਹਰੀ ਬਣਨ ਲਈ ਦੌੜ ਚੱਲ ਰਹੀ ਹੈ, ਜਿਸ ਕਾਰਨ ਨਿੱਤ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ।











Comments (0)