ਅਮਰੀਕਾ ਵਿਚ ਸਿੰਥੈਟਿਕ ਨਸ਼ਿਆਂ ਦਾ ਘਾਤਕ ਰੂਪ ਲੋਕਾਂ ਲਈ ਬਣਿਆ ਖਤਰਾ

ਅਮਰੀਕਾ ਵਿਚ ਸਿੰਥੈਟਿਕ ਨਸ਼ਿਆਂ ਦਾ ਘਾਤਕ ਰੂਪ ਲੋਕਾਂ ਲਈ ਬਣਿਆ ਖਤਰਾ

ਅਮਰੀਕਾ ਵਿੱਚ ਨਸ਼ਿਆਂ ਦੀ ਸਮੱਸਿਆ ਹੁਣ ਸਿਰਫ਼ ਇੱਕ ਜੁਰਮ ਜਾਂ ਸਮਾਜਿਕ ਬੁਰਾਈ ਨਹੀਂ ਰਹੀ, ਸਗੋਂ ਇਹ ਇਨਸਾਨੀ ਜ਼ਿੰਦਗੀ, ਸਿਹਤ ਅਤੇ ਸਰਕਾਰਾਂ ਦੀਆਂ ਨੀਤੀਆਂ ਲਈ ਬਹੁਤ ਵੱਡਾ ਖ਼ਤਰਾ ਬਣ ਚੁੱਕੀ ਹੈ।ਦੁਨੀਆ ਦਾ ਸਭ ਤੋਂ ਤਾਕਤਵਰ ਅਤੇ ਅਮੀਰ ਦੇਸ਼ ਅਮਰੀਕਾ ਅੱਜ ਇੱਕ ਅਜਿਹੇ ਕੈਮੀਕਲ ਸੰਕਟ ਵਿੱਚ ਫਸ ਗਿਆ ਹੈ, ਜਿਸ ਦਾ ਸਬੰਧ ਲੈਬਾਰਟਰੀਆਂ, ਘਰਾਂ ਦੇ ਬਾਥਟੱਬਾਂ ਵਿੱਚ ਬਣਦੇ ਨਕਲੀ ਨਸ਼ਿਆਂ ਅਤੇ ਦਰਦ ਨਿਵਾਰਕ ਦਵਾਈਆਂ ਦੇ ਲਾਪਰਵਾਹ ਵਪਾਰ ਨਾਲ ਹੈ।

​ਪਿਛਲੇ ਸਾਲਾਂ ਵਿੱਚ ਹੋਈਆਂ ਲੱਖਾਂ ਮੌਤਾਂ ਨੇ ਦਿਖਾ ਦਿੱਤਾ ਹੈ ਕਿ ਇਨ੍ਹਾਂ ਨਵੇਂ ਸਿੰਥੈਟਿਕ ਨਸ਼ਿਆਂ ਅੱਗੇ ਪੁਰਾਣੇ ਕਾਨੂੰਨ ਅਤੇ ਪੁਲਿਸ ਦੇ ਤਰੀਕੇ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਹਨ। ਇਹਨਾਂ  ਜਾਨਲੇਵਾ ਨਸਿ਼ਆਂ ਨੇ ਹਰ ਗਲੀ-ਮੁਹੱਲੇ ਨੂੰ ਮੌਤ ਦੇ ਮੈਦਾਨ ਵਿੱਚ ਬਦਲ ਕੇ ਰੱਖ ਦਿੱਤਾ ਹੈ।ਤਿੰਨ-ਚਾਰ ਡਾਲਰ ਦੀ ਇਹ ਖੁਰਾਕ ਅਮਰੀਕਾ ਦੇ ਲੋਕਾਂ ਲਈ ਜਾਨਲੇਵਾ ਬਣ ਰਿਹਾ ਹੈ।

ਅਮਰੀਕਾ ਵਿੱਚ ਨਸ਼ਿਆਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਖ਼ਤਰਨਾਕ ਅਤੇ ਬੇਕਾਬੂ ਹੋ ਚੁੱਕੀ ਹੈ।ਸਾਲ 2022 ਵਿੱਚ ਜਦੋਂ ਨਸ਼ੇ ਦੀ ਵੱਧ ਖ਼ੁਰਾਕ (ਓਵਰਡੋਜ਼) ਕਾਰਨ 1 ਲੱਖ 10 ਹਜ਼ਾਰ ਲੋਕ ਮਾਰੇ ਗਏ ਸਨ, ਤਾਂ ਜਾਨ ਬਚਾਉਣ ਵਾਲੀ ਨੱਕ ਦੀ ਸਪਰੇਅ (ਨਾਰਕਨ) ਘਰ-ਘਰ ਵੰਡ ਕੇ ਮੌਤਾਂ ਦਾ ਅੰਕੜਾ ਘਟਾ ਕੇ 70 ਹਜ਼ਾਰ 'ਤੇ ਲਿਆਂਦਾ ਗਿਆ ਸੀ।

 

​ਪਰ ਖ਼ਤਰਾ ਅਜੇ ਟਲਿਆ ਨਹੀਂ। ਅਸਲੀਅਤ ਇਹ ਹੈ ਕਿ ਤਸਕਰਾਂ ਨੇ ਹੁਣ ਲੈਬਾਂ ਵਿੱਚ ਅਜਿਹੇ ਨਵੇਂ ਅਤੇ ਤੇਜ਼ ਜ਼ਹਿਰੀਲੇ ਕੈਮੀਕਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਉੱਤੇ ਇਹ ਜਾਨ ਬਚਾਊ ਦਵਾਈਆਂ ਅਤੇ ਹਸਪਤਾਲਾਂ ਦੇ ਇਲਾਜ ਵੀ ਬੇਅਸਰ ਸਾਬਤ ਹੋ ਰਹੇ ਹਨ।

​ਰਵਾਇਤੀ ਤੌਰ 'ਤੇ ਨਸ਼ੇ ਅਫ਼ਗਾਨਿਸਤਾਨ ਦੇ ਭੁੱਕੀ ਦੇ ਖੇਤਾਂ ਜਾਂ ਮੈਕਸੀਕੋ ਅਤੇ ਕੋਲੰਬੀਆ ਦੇ ਕੋਕਾ ਬਾਗ਼ਾਂ ਵਿੱਚੋਂ ਲੰਮੀ ਤਸਕਰੀ ਰਾਹੀਂ ਸਰਹੱਦਾਂ ਪਾਰ ਕਰਦੇ ਸਨ। ਸਿੰਥੈਟਿਕ ਨਸ਼ਿਆਂ ਨੇ ਨਸ਼ੇ ਦੇ ਪੂਰੇ ਕਾਰੋਬਾਰ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ; ਹੁਣ ਨਾ ਤਾਂ ਨਸਿ਼ਆਂ ਲਈ ਖੇਤੀ ਦੀ ਲੋੜ ਹੈ, ਨਾ ਮੌਸਮ ਦਾ ਝੰਜਟ ਅਤੇ ਨਾ ਹੀ ਮਾਲ ਢੋਣ ਲਈ ਵੱਡੇ ਨੈਟਵਰਕ ਦੀ।

​ਸ਼ਿਕਾਗੋ ਦੇ ਪੁਲਿਸ ਅਫ਼ਸਰ (ਸ਼ੈਰਿਫ਼) ਟੌਮ ਡਾਰਟ ਮੁਤਾਬਕ, ਲੋਕ ਆਪਣੇ ਘਰਾਂ ਦੇ ਸਿੰਕਾਂ ਅਤੇ ਬਾਥਟੱਬਾਂ ਵਿੱਚ ਕੈਮੀਕਲ ਰਲਾ ਕੇ ਹੀ ਇਹ ਮਾਰੂ ਜ਼ਹਿਰ ਤਿਆਰ ਕਰ ਲੈਂਦੇ ਹਨ।

ਸਭ ਤੋਂ ਵੱਧ ਪ੍ਰਚਲਿਤ ਅਤੇ ਘਾਤਕ ਨਸ਼ਾ ਫੈਂਟਾਨਿਲ ਹੈ, ਜੋ ਮਾਰਫ਼ੀਨ ਨਾਲੋਂ 100 ਗੁਣਾ ਅਤੇ ਆਮ ਹੈਰੋਇਨ ਨਾਲੋਂ 50 ਗੁਣਾ ਵੱਧ ਤਾਕਤਵਰ ਸਿੰਥੈਟਿਕ ਓਪੀਔਇਡ ਹੈ। ਲੂਣ ਦੇ ਦੋ ਨਿੱਕੇ ਦਾਣਿਆਂ ਜਿੰਨੀ ਮਾਤਰਾ ਵੀ ਮਨੁੱਖੀ ਸਾਹ ਪ੍ਰਣਾਲੀ ਨੂੰ ਜਾਮ ਕਰਕੇ ਤੁਰੰਤ ਮੌਤ ਦਾ ਕਾਰਨ ਬਣ ਸਕਦੀ ਹੈ। ਪਰ ਹੁਣ ਮੁਨਾਫ਼ੇ ਦੇ ਭੁੱਖੇ ਤਸਕਰ ਇਸ ਵਿੱਚ ਜ਼ਾਇਲਾਜ਼ੀਨ (ਟ੍ਰੈਂਕ) ਵਰਗੇ ਘੋੜਿਆਂ ਅਤੇ ਵੱਡੇ ਜਾਨਵਰਾਂ ਨੂੰ ਬੇਹੋਸ਼ ਕਰਨ ਵਾਲੇ ਕੈਮੀਕਲ ਮਿਲਾ ਰਹੇ ਹਨ। ਜ਼ਾਇਲਾਜ਼ੀਨ  ਸੇਵਨ ਕਰਨ ਕਾਰਣ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਇਸ ਕਾਰਨ ਮਾਸਪੇਸ਼ੀਆਂ ਅਤੇ ਚਮੜੀ ਦੇ ਸੈੱਲ ਗਲਣ ਲੱਗਦੇ ਹਨ ਅਤੇ ਸਰੀਰ 'ਤੇ ਹੱਡੀਆਂ ਤੱਕ ਪਹੁੰਚਣ ਵਾਲੇ ਡੂੰਘੇ ਜ਼ਖ਼ਮ ਬਣ ਜਾਂਦੇ ਹਨ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਜ਼ਾਇਲਾਜ਼ੀਨ ਗ਼ੈਰ-ਓਪੀਔਇਡ ਹੋਣ ਕਾਰਨ ਨਾਰਕਨ ਸਪਰੇਅ ਇਸ ਦੇ ਅਸਰ ਨੂੰ ਖ਼ਤਮ ਨਹੀਂ ਕਰ ਸਕਦੀ।

​ਇਸੇ ਲੜੀ ਵਿੱਚ ਹੁਣ ਮੈਡੇਟੋਮੀਡੀਨ ਅਤੇ ਸਾਈਕਲੋਰਫ਼ੀਨ ਵਰਗੇ ਨਵੇਂ ਸਿੰਥੈਟਿਕ ਜ਼ਹਿਰ ਲੋਕਾਂ ਤਕ ਵਡੀ ਪੱਧਰ ਉਪਰ ਪਹੁੰਚ ਚੁੱਕੇ ਹਨ। ਸਾਈਕਲੋਰਫ਼ੀਨ 1960 ਦੇ ਦਹਾਕੇ ਵਿੱਚ ਕੈਂਸਰ ਦੇ ਦਰਦ ਨਿਵਾਰਕ ਵਜੋਂ ਲੈਬਾਂ ਵਿੱਚ ਖੋਜਿਆ ਗਿਆ ਸੀ, ਪਰ ਬਹੁਤ ਜ਼ਿਆਦਾ ਖ਼ਤਰਨਾਕ ਹੋਣ ਕਾਰਨ ਮਨੁੱਖੀ ਵਰਤੋਂ ਲਈ ਰੱਦ ਕਰ ਦਿੱਤਾ ਗਿਆ ਸੀ। ਮਾਹਿਰਾਂ ਮੁਤਾਬਕ ਇਹ ਫੈਂਟਾਨਿਲ ਨਾਲੋਂ ਵੀ 10 ਗੁਣਾ ਵੱਧ ਤਾਕਤਵਰ ਹੈ। ਜੇਕਰ ਇਸ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਸਰੀਰ ਅੰਦਰ ਚਲੀ ਜਾਵੇ, ਤਾਂ ਜਾਨ ਬਚਾਉਣ ਵਾਲੀ 'ਨਾਰਕਨ' ਦਵਾਈ ਦੀਆਂ ਕਈ ਖ਼ੁਰਾਕਾਂ ਵੀ ਬੇਅਸਰ ਰਹਿ ਜਾਂਦੀਆਂ ਹਨ; ਨਾਲ ਹੀ, ਬਾਜ਼ਾਰ ਵਿੱਚ ਮਿਲਦੀਆਂ ਆਮ ਜਾਂਚ ਪੱਟੀਆਂ (ਟੈਸਟ ਸਟ੍ਰਿਪਸ) ਵੀ ਇਸ ਜ਼ਹਿਰ ਨੂੰ ਫੜਨ ਵਿੱਚ ਨਾਕਾਮ ਸਾਬਤ ਹੁੰਦੀਆਂ ਹਨ।

​ਨਸ਼ਿਆਂ ਦੇ ਇਸ ਬਦਲਦੇ ਦੌਰ ਦਾ ਸਭ ਤੋਂ ਵੱਡਾ ਖ਼ਤਰਾ ਆਮ ਉਤੇਜਕ ਨਸ਼ੇ ਵਰਤਣ ਵਾਲਿਆਂ ਨੂੰ ਹੋ ਰਿਹਾ ਹੈ। ਕੋਲੰਬਸ ਵਿੱਚ 'ਹੋਪ ਡੀਲਰਜ਼' ਸੰਸਥਾ ਚਲਾਉਣ ਵਾਲੇ ਸਕੌਟ ਸੈਂਡਰਜ਼ ਦੱਸਦੇ ਹਨ ਕਿ ਪਿਛਲੇ ਸਾਲ ਫ੍ਰੈਂਕਲਿਨ ਕਾਊਂਟੀ ਵਿੱਚ ਹੋਈਆਂ 78 ਫ਼ੀਸਦੀ ਓਵਰਡੋਜ਼ ਮੌਤਾਂ ਇਹਨਾਂ  ਖਤਰਨਾਕ ਨਸ਼ਿਆਂ ਕਾਰਨ ਹੋਈਆਂ ਸਨ। ਲੋਕ ਸੋਚਦੇ ਹਨ ਕਿ ਉਹ ਸਿਰਫ਼ ਜਾਗਦੇ ਰਹਿਣ ਲਈ ਕ੍ਰੈਕ ਕੋਕੀਨ ਲੈ ਰਹੇ ਹਨ, ਪਰ ਉਸ ਵਿੱਚ ਫੈਂਟਾਨਿਲ ਮਿਲਿਆ ਹੁੰਦਾ ਹੈ। ਉਤੇਜਕ ਲੈਣ ਵਾਲੇ ਵਿਅਕਤੀ ਦਾ ਸਰੀਰ ਓਪੀਔਇਡਜ਼ ਨੂੰ ਝੱਲਣ ਦੇ ਕਾਬਲ ਨਹੀਂ ਹੁੰਦਾ।ਇਸ ਕਾਰਨ ਪਹਿਲੀ ਖੁਰਾਕ ਹੀ ਮੌਤ ਦਾ ਕਾਰਨ ਬਣ ਜਾਂਦੀ ਹੈ, ਜਿਸ ਨੂੰ ਗਲੀਆਂ ਵਿੱਚ 'ਹੌਟ ਡੋਜ਼' ਕਿਹਾ ਜਾਂਦਾ ਹੈ।

​ਇਹ ਸਿੰਥੈਟਿਕ ਜ਼ਹਿਰ ਜੇਲ੍ਹਾਂ ਵਿਚ ਪਹੁੰਚ  ਰਿਹਾ  ਹੈ। ਸ਼ਿਕਾਗੋ ਦੀ ਕੁੱਕ ਕਾਊਂਟੀ ਜੇਲ੍ਹ ਵਿੱਚ ਜਦੋਂ ਬਾਡੀ ਸਕੈਨਰਾਂ ਨੇ ਸਰੀਰ ਰਾਹੀਂ ਨਸ਼ਾ ਲਿਆਉਣਾ ਬੰਦ ਕਰਵਾ ਦਿੱਤਾ, ਤਾਂ ਤਸਕਰਾਂ ਨੇ ਸਿੰਥੈਟਿਕ ਕੈਨਾਬਿਨੋਇਡਜ਼ (ਕੇ2) ਦੇ ਘੋਲ ਵਿੱਚ ਭਿੱਜੀਆਂ ਚਿੱਠੀਆਂ ਅਤੇ ਕਿਤਾਬਾਂ ਡਾਕ ਰਾਹੀਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਕੈਦੀ ਇਨ੍ਹਾਂ ਕਾਗਜ਼ਾਂ ਦੇ ਟੁਕੜੇ ਸਾੜ ਕੇ ਨਸ਼ਾ ਲੈਂਦੇ ਸਨ। ਬੀਤੇ ਦਿਨੀਂ  ਇਸ ਨਾਲ ਪੈਣ ਵਾਲੇ ਭਿਆਨਕ ਦੌਰਿਆਂ ਕਾਰਨ ਅੱਠ ਕੈਦੀਆਂ ਦੀ ਮੌਤ ਹੋ ਗਈ ਸੀ। ਹੁਣ ਹਾਲਤ ਇਹ ਹੈ ਕਿ ਜੇਲ੍ਹ ਵਿੱਚ ਆਉਣ ਵਾਲੀ ਹਰ ਡਾਕ ਦੀ ਲੈਬ ਜਾਂਚ ਹੁੰਦੀ ਹੈ, ਜਿਸ ਵਿੱਚੋਂ 20 ਤੋਂ 25 ਫ਼ੀਸਦੀ ਚਿੱਠੀਆਂ ਨਸ਼ੀਲੇ ਪਦਾਰਥਾਂ ਨਾਲ ਭਿੱਜੀਆਂ ਨਿਕਲਦੀਆਂ ਹਨ।

​ਦੂਜੇ ਪਾਸੇ, ਡਾਕਟਰਾਂ ਵੱਲੋਂ ਲਿਖੀਆਂ ਜਾਣ ਵਾਲੀਆਂ ਦਰਦ ਨਿਵਾਰਕ ਦਵਾਈਆਂ—ਜਿਵੇਂ ਆਕਸੀਕੋਡੋਨ, ਹਾਈਡ੍ਰੋਕੋਡੋਨ, ਜ਼ੈਨੈਕਸ ਅਤੇ ਕੋਡੀਨ—ਵੀ ਇਸ ਸੰਕਟ ਦੀ ਵੱਡੀ ਜੜ੍ਹ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਸਰੀਰ ਇਨ੍ਹਾਂ ਦਾ ਆਦੀ ਹੋ ਜਾਂਦਾ ਹੈ, ਅਤੇ ਜਦੋਂ ਪਰਚੀ ਮਿਲਣੀ ਬੰਦ ਹੁੰਦੀ ਹੈ ਤਾਂ ਲੋਕ ਸਸਤੇ ਸਿੰਥੈਟਿਕ ਨਸ਼ਿਆਂ ਵੱਲ ਮੁੜਦੇ ਹਨ। ਅਮਰੀਕਾ ਵਿੱਚ ਦਿਲ ਦੇ ਰੋਗਾਂ ਅਤੇ ਕੈਂਸਰ ਤੋਂ ਬਾਅਦ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਨੁਸਖ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਹੀ ਹੈ।

​ਨਸ਼ਾ ਮੁਕਤੀ ਸਹਾਇਕ ਵਜੋਂ ਕੰਮ ਕਰ ਰਹੀ ਕੈਰਨ ਬੈੱਲ, ਜਿਸ ਨੇ ਖ਼ੁਦ 17 ਸਾਲ ਪਹਿਲਾਂ ਹੈਰੋਇਨ ਛੱਡੀ ਸੀ, ਕਹਿੰਦੀ ਹੈ ਕਿ ਪਹਿਲਾਂ ਨਸ਼ੇ ਵਿੱਚ ਘੱਟੋ-ਘੱਟ ਇਹ ਪਤਾ ਹੁੰਦਾ ਸੀ ਕਿ ਉਹ ਕੀ ਹੈ, ਪਰ ਅੱਜ ਦੀ ਪੁੜੀ ਵਿੱਚ ਸਿਰਫ਼ ਮੌਤ ਬੰਦ ਹੈ। ਉਸ ਦੀ ਧੀ ਐਬੀ ਦਾ ਮੰਨਣਾ ਹੈ ਕਿ ਵੱਧ ਰਹੀ ਮਹਿੰਗਾਈ, ਆਰਥਿਕ ਤੰਗੀ ਅਤੇ ਮਾਨਸਿਕ ਸਿਹਤ ਇਲਾਜ ਦਾ ਬਹੁਤ ਮਹਿੰਗਾ ਹੋਣਾ ਨੌਜਵਾਨਾਂ ਨੂੰ ਇਸ ਖੱਡ ਵਿੱਚ ਧੱਕ ਰਿਹਾ ਹੈ। ਮਾਹਿਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਸਿਰਫ਼ ਪੁਲਿਸ ਛਾਪਿਆਂ ਨਾਲ ਇਹ ਜੰਗ ਨਹੀਂ ਜਿੱਤੀ ਜਾ ਸਕਦੀ; ਜਦੋਂ ਤੱਕ ਨਸ਼ਾ ਛੁਡਾਊ ਇਲਾਜ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਆਉਂਦਾ, ਉਦੋਂ ਤੱਕ ਘਰਾਂ ਵਿੱਚ ਤਿਆਰ ਹੁੰਦਾ ਇਹ ਰਸਾਇਣਕ ਜ਼ਹਿਰ ਮਨੁੱਖੀ ਜ਼ਿੰਦਗੀਆਂ ਨੂੰ ਇਸੇ ਤਰ੍ਹਾਂ ਨਿਗਲਦਾ ਰਹੇਗਾ।