ਕੁੱਤੇ ਦੇ ਹਮਲੇ ਵਿੱਚ ਔਰਤ ਦੀ ਮੌਤ ਤੇ ਇਕ ਵਿਅਕਤੀ ਜ਼ਖਮੀ, ਮੌਕੇ 'ਤੇ ਪੁੱਜੇ ਪੁਲਿਸ ਅਫਸਰ ਨੇ ਕੁੱਤੇ ਨੂੰ ਮਾਰੀ ਗੋਲੀ

ਕੁੱਤੇ ਦੇ ਹਮਲੇ ਵਿੱਚ ਔਰਤ ਦੀ ਮੌਤ ਤੇ ਇਕ ਵਿਅਕਤੀ ਜ਼ਖਮੀ, ਮੌਕੇ 'ਤੇ ਪੁੱਜੇ ਪੁਲਿਸ ਅਫਸਰ ਨੇ ਕੁੱਤੇ ਨੂੰ ਮਾਰੀ ਗੋਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਬੋਸਟਨ (ਮਾਸਾਚੂਸੈਟਸ) ਸ਼ਹਿਰ ਵਿਚ ਇਕ ਕੁੱਤੇ ਵੱਲੋਂ ਕੀਤੇ ਹਮਲੇ ਵਿਚ ਇਕ  ਔਰਤ ਦੀ ਮੌਤ ਹੋਣ ਤੇ ਇਕ ਹੋਰ ਵਿਅਕਤੀ ਜੋ ਕੁੱਤੇ ਦਾ ਮਾਲਕ ਹੈ, ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਵਿਭਾਗ ਅਨੁੁਸਾਰ ਮੌਕੇ 'ਤੇ ਪੁੱਜੇ ਦੋ ਪੁਲਿਸ ਅਫਸਰਾਂ ਉਪਰ ਵੀ ਕੁੱਤੇ ਨੇ ਹਮਲਾ ਕਰ ਦਿੱਤਾ ਜਿਸ ਦੌਰਾਨ ਇਕ ਪੁਲਿਸ ਅਫਸਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਡਿਪਟੀ ਸੁਪਰਡੈਂਟ ਪਾਲ ਮੈਕਲਾਘਲਿਨ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਉਨਾਂ ਕਿਹਾ ਕਿ ਜ਼ਖਮੀ ਹਾਲਤ ਵਿਚ ਦੋਨਾਂ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਔਰਤ ਦਮ ਤੋੜ ਗਈ। ਬੋਸਟਨ ਪਾਰਕਸ ਵਿਭਾਗ ਦੇ ਬੁਲਾਰੇ ਗਰੇਸ ਬਰੂਕ ਅਨਸਾਰ ਜ਼ਖਮੀ ਕੁੱਤੇ ਪਿੱਟ ਬੁਲ ਨੂੰ ਐਨਜਲ ਐਨੀਮਲ ਮੈਡੀਕਲ ਸੈਂਟਰ ਲਿਜਾਇਆ ਗਿਆ ਜਿਥੇ ਉਸ ਦੀ ਖਰਾਬ ਹਾਲਤ ਕਾਰਨ ਉਸ ਦੇ ਮਾਲਕ ਦੇ ਪੁੱਤਰ ਨੇ ਉਸ ਨੂੰ ਖਤਮ ਕਰਨ ਦੀ ਇਜਾਜਤ ਦੇ ਦਿੱਤੀ ਹੈ।