ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਵਿਚਾਲੇ ਸਾਂਝ ਤੇ ਸਹਿਯੋਗ ਦੀ ਜ਼ਰੂਰਤ : ਡਾ. ਨਬੀਲਾ ਰਹਿਮਾਨ
ਫ਼ਰਿਜਨੋਂ/ਏ.ਟੀ.ਨਿਊਜ਼: ਪੱਛਮੀ ਪੰਜਾਬ ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਪ੍ਰੋਫ਼ੈਸਰ ਡਾਕਟਰ ਨਬੀਲਾ ਰਹਿਮਾਨ ਨੇ ਦੋਵਾਂ ਪੰਜਾਬਾਂ ਵਿੱਚ ਅਟੁੱਟ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।
ਓਰੀਐਂਟਲ ਕਾਲਜ ਯੂਨੀਵਰਸਿਟੀ ਆਫ਼ ਪੰਜਾਬ ਦੀ ਪ੍ਰਿੰਸੀਪਲ ਡਾਕਟਰ ਨਬੀਲਾ ਰਹਿਮਾਨ ਨੇ ਇਸ ਵਿਚਾਰ ਇੱਥੇ ਕੀਤੇ ਇੱਕ ਸਮਾਗਮ ਸ਼ਾਨਦਾਰ ਦੌਰਾਨ ਬੋਲਦਿਆਂ ਪ੍ਰਗਟਾਏ।
ਝੰਗ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਅਤੇ ਗੁਰਮੁਖੀ ਦੀ ਪੜ੍ਹਾਈ ਲਈ ਮੋਹਰੀ ਵਜੋਂ ਜਾਣੇ ਜਾਂਦੇ ਡਾ. ਨਬੀਲਾ ਨੇ ਇਤਿਹਾਸਕ ਹਵਾਲੇ ਦਿੰਦਿਆਂ ਪੰਜਾਬੀਆਂ ਨੂੰ ਆਪਣੇ ਸਭਿਆਚਾਰ ਖ਼ਾਸ ਕਰ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਵਿਚਾਲੇ ਸਾਂਝ ਤੇ ਸਹਿਯੋਗ ਦੀ ਜਰੂਰਤ ਦਾ ਅਹਿਸਾਸ ਕਰਵਾਉਂਦਿਆਂ ਅਹਿਮ ਸੁਝਾਅ ਦਿੱਤੇ।
ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਅਤੇ ਪੰਜਾਬੀ ਰੇਡੀਓ ਯੂ. ਐੱਸ. ਏ. ਵੱਲੋਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਯੂ.ਐੱਸ.ਏ. ਦੇ ਵਿਸ਼ੇਸ਼ ਸਹਿਯੋਗ ਨਾਲ ਕੀਤੀ ਇਸ ਸਾਹਿਤਕ ਮਿਲਣੀ ਵਿੱਚ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੇ ਭਾਸ਼ਾਈ ਤੇ ਸਭਿਆਚਾਰਕ ਸਰੋਕਾਰਾਂ ਬਾਰੇ ਬਹੁਤ ਸਾਰਥਕ ਵਿਚਾਰਾਂ ਕੀਤੀਆਂ ਗਈਆਂ।
ਰੇਡੀਓ ਹੋਸਟ ਅਤੇ ਡਾ. ਨਬੀਲਾ ਦੀ ਨਿਗਰਾਨੀ ਹੇਠ ਪੰਜਾਬੀ ਰੇਡੀਓ ਪੱਤਰਕਾਰੀ ਦੇ ਵਿਸ਼ੇ ਉੱਤੇ ਪੀਐੱਚਡੀ ਦੇ ਖੋਜਾਰਥੀ ਮਸੂਦ ਮੱਲ੍ਹੀ ਨੇ ਆਪਣੇ ਵਿਲੱਖਣ ਅੰਦਾਜ਼ ਰਾਹੀਂ ਆਪਣੀ ਗੁਰੂ ਦਾ ਸਵਾਗਤ ਅਤੇ ਮੋਹ ਭਰੀਆਂ ਗੱਲਾਂ ਕੀਤੀਆਂ।
ਪੰਜਾਬੀ ਰੇਡੀਓ ਯੂ.ਐੱਸ.ਏ. ਵੱਲੋਂ ਸਥਾਪਤ ਕੀਤੇ ਪੰਜਾਬੀ ਕਲਚਰਲ ਸੈਂਟਰ ਦੀ ਟੀਮ ਦੀ ਤਰਫ਼ੋਂ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਰਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ. ਨਬੀਲਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਜੀਵਨ ਤੇ ਅਕਾਦਮਿਕ ਸਫ਼ਰ ਦੇ ਅਹਿਮ ਪੜਾਵਾਂ ਨਾਲ ਹਾਜਰੀਨ ਦੀ ਸਾਂਝ ਪਵਾਈ।
ਪੰਜਾਬੀ ਰੇਡੀਓ ਯੂ ਐੱਸ ਏ ਫ਼ਰਿਜਨੋਂ ਦੇ ਸਟੂਡੀਓ ਦੇ ਵਿਹੜੇ ਕਰਵਾਏ ਇਸ ਇੱਕ ਰੋਜ਼ਾ ਸਮਾਗਮ ਵਿੱਚ ਹੋਏ ਕਵੀ ਦਰਬਾਰ ਵਿੱਚ ਸ਼ਾਇਰਾਂ ਨੇ ਆਪਣੇ ਆਪਣੇ ਕਲਾਮ ਤੇ ਅੰਦਾਜ਼ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।
ਪੰਜਾਬੀ ਰੇਡੀਓ ਯੂ.ਐੱਸ.ਏ. ਨੂੰ ਬੁਲੰਦੀਆਂ ਵੱਲ ਲਿਜਾਉਣ ਵਾਲੇ ਹਰਜੋਤ ਸਿੰਘ ਖ਼ਾਲਸਾ ਤੇ ਬਲਵਿੰਦਰ ਕੌਰ ਖ਼ਾਲਸਾ ਵੱਲੋਂ ਸਨਮਾਨ ਲਈ ਉਲੀਕੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿ੍ਰੰਸੀਪਲ ਡਾ. ਦਲਜੀਤ ਸਿੰਘ ਨੇ ਨਬੀਲਾ ਰਹਿਮਾਨ ਵੱਲੋਂ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੇ ਫ਼ਰਿਜ਼ਨੋਂ ਪਹੁੰਚਣ ਨੂੰ ਸਭਨਾਂ ਦਾ ਧੰਨਭਾਗ ਦੱਸਿਆ।
ਹਰਮਨ-ਪਿਆਰੇ ਰੇਡੀਓ ਹੋਸਟ ਰਾਜਕਰਨਬੀਰ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਨੂੰ ਸਥਾਪਤ ਕਰਨ ਦਾ ਮੁੱਖ ਮੰਤਵ ਹਰ ਉਮਰ ਦੇ ਪੰਜਾਬੀਆਂ ਨੂੰ ਉਸਾਰੂ ਰੁਝੇਵਿਆਂ ਵਾਸਤੇ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੀਨ ਤੇ ਵਿਰਾਸਤ ਦੇ ਉੱਘੇ ਵਿਗਿਆਨੀ, ਵਿਦਵਾਨ ਤੇ ਸ਼ਾਇਰ ਡਾ. ਗੁਰਮੇਲ ਸਿੰਘ ਸਿੱਧੂ ਲਾਇਬਰੇਰੀ ਦੀ ਨਵੀਂ ਦਿੱਖ ਦੀ ਘੁੰਡ ਚੁਕਾਈ ਡਾ. ਨਬੀਲਾ ਰਹਿਮਾਨ ਨੇ ਨਿਭਾਈ। ਵਰਨਣਯੋਗ ਹੈ ਕਿ ਫ਼ਰਿਜਨੋਂ ਸਟੇਟ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਡਾ. ਗੁਰਮੇਲ ਸਿੱਧੂ ਸੰਨ 2020 ਵਿੱਚ ਸਦੀਵੀ ਵਿਛੋੜੇ ਤੋਂ ਪਹਿਲਾਂ ਕਿਤਾਬਾਂ ਦਾ ਵੱਡਾ ਤੇ ਵਡਮੁੱਲਾ ਖ਼ਜ਼ਾਨਾ ਪੰਜਾਬੀ ਕਲਚਰਲ ਸੈਂਟਰ ਦੇ ਹਵਾਲੇ ਕਰ ਗਏ ਸਨ।
ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਕਵੀ ਦਰਬਾਰ ਦੀ ਵਾਗ-ਡੋਰ ਸੰਭਾਲਦਿਆਂ ਸ਼ਾਇਰਾਂ ਤੇ ਸਰੋਤਿਆਂ ਵਿਚਾਲੇ ਕਾਵਿਕ ਪੁਲ ਦਾ ਰੋਲ ਨਿਭਾਇਆ।
ਕਵੀ ਦਰਬਾਰ ਵਿੱਚ ਬੇਏਰੀਆ ਤੋਂ ਉਚੇਚਾ ਪਹੁੰਚੇ ਵਿਸਪਾਅ ਦੇ ਮੋਹਰੀਆਂ ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਲਾਜ ਨੀਲਮ ਸੈਣੀ, ਨਛੱਤਰ ਭੋਗਲ (ਬਰਮਿੰਗਮ ਯੂ ਕੇ), ਸਥਾਨਕ ਸ਼ਾਇਰਾਂ ਸੰਤੋਖ ਸਿੰਘ ਮਿਨਹਾਸ, ਰਣਜੀਤ ਸਿੰਘ ਗਿੱਲ, ਦਲਜੀਤ ਰਿਆੜ, ਇੰਦਰਜੀਤ ਚੌਗਾਵਾਂ, ਹੈਰੀ ਮਾਨ, ਮਹਿੰਦਰ ਸਿੰਘ ਸੰਧਾਵਾਲੀਆ, ਕੁੰਦਨ ਸਿੰਘ ਧਾਮੀ, ਸਰਬਜੀਤ ਸਿੰਘ ਸਰਾਂ ਅਤੇ ਇੰਦਰਜੀਤ ਸਿੰਘ ਬਰਾੜ ਨੇ ਆਪਣਾ ਕਲਾਮ ਪੜਿ੍ਹਆ।
ਹੋਰਨਾਂ ਤੋਂ ਇਲਾਵਾ “ਫ਼ਰਿਜ਼ਨੋਂ ਬੀ” ਅਖ਼ਬਾਰ ਦੇ ਪੱਤਰਕਾਰ ਗਗਨਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਹੋਸਟ ਪਰਵੀਨ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ।
ਕਵੀ ਦਰਬਾਰ ਦੀ ਸਮਾਪਤੀ ਤੋਂ ਪਹਿਲਾਂ ਸਨਮਾਨ ਵੇਲੇ ਬੀਬੀ ਬਲਵਿੰਦਰ ਕੌਰ ਖਾਲਸਾ ਨੇ ਡਾ. ਨਬੀਲਾ ਨੂੰ ਸ਼ਾਲ ਅਤੇ ਦਿਲਪ੍ਰੀਤ ਸਿੰਘ ਨੇ ਸਨਮਾਨ ਚਿੰਨ੍ਹ ਭੇਟ ਕੀਤਾ।
ਹਰਜਿੰਦਰ ਕੰਗ ਦੀ ਸਭਨਾਂ ਨੂੰ ਭਾਵੁਕ ਕਰਦੀ ਨਜ਼ਮ ‘ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ...’ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।











Comments (0)