ਵਰਿਆਂ ਦੀ ਤਲਖੀ ਬਾਅਦ ਜੋ ਬਾਈਡਨ ਤੇ ਡੋਨਾਲਡ ਟਰੰਪ ਵਿਚਾਲੇ ਮੀਟਿੰਗ 13 ਨਵੰਬਰ ਨੂੰ ਹੋਵੇਗੀ

ਵਰਿਆਂ ਦੀ ਤਲਖੀ ਬਾਅਦ ਜੋ ਬਾਈਡਨ ਤੇ ਡੋਨਾਲਡ ਟਰੰਪ ਵਿਚਾਲੇ ਮੀਟਿੰਗ 13 ਨਵੰਬਰ ਨੂੰ ਹੋਵੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਰਿਆ ਦੀ ਤਲਖੀ ਬਾਅਦ ਰਾਸ਼ਟਰਪਤੀ ਜੋ ਬਾਈਡਨ ਤੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 13 ਨਵੰਬਰ ਨੂੰ ਸਵੇਰੇ 11.30 ਵਜੇ ਮੀਟਿੰਗ ਦਾ ਸਮਾਂ ਨਿਸਚਤ ਕੀਤਾ ਗਿਆ ਹੈ। ਇਹ ਮੀਟਿੰਗ ਓਵਾਲ ਦਫਤਰ ਵਿਚ ਹੋਵੇਗੀ। ਇਹ ਜਾਣਕਾਰੀ ਬਾਈਡਨ ਦੇ ਪ੍ਰੈਸ ਸਕੱਤਰ ਕਰਾਈਨ ਜੀਨ ਪੀਰੇ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। 2020 ਵਿਚ ਜਦੋਂ ਬਾਈਡਨ ਰਾਸ਼ਟਰਪਤੀ ਦੀ ਚੋਣ ਜਿੱਤੇ ਸਨ ਤਾਂ ਉਸ ਵੇਲੇ ਤਤਕਾਲ ਰਾਸ਼ਟਰਪਤੀ ਟਰੰਪ ਨੇ ਬਾਈਡਨ ਨੂੰ ਅਜਿਹਾ ਮਾਣ ਸਨਮਾਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਟਰੰਪ ਨੇ ਚੋਣਾਂ ਵਿਚ ਹੇਰਾਫੇਰੀ ਦਾ ਦੋਸ਼ ਲਾ ਕੇ ਆਪਣੇ ਹਜਾਰਾਂ ਸਮਰਥਕਾਂ ਨੂੰ ਉਕਸਾਇਆ ਸੀ ਤੇ ਆਪਣੇ ਆਪ ਨੂੰ ਵਾਈਟ ਹਾਊਸ ਦੀਆਂ ਸਾਰੀਆਂ ਸਰਗਰਮੀਆਂ ਤੋਂ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਦੋਨਾਂ ਆਗੂਆਂ ਵਿਚਾਲੇ ਤਲਖੀ ਤੇ ਟਕਰਾਅ ਦਾ ਮਹੌਲ ਬਣਿਆ ਰਿਹਾ। ਬਾਈਡਨ ਅਕਸਰ ਟਰੰਪ ਨੂੰ ਲੋਕਤੰਤਰ ਵਿਰੋਧੀ ਆਖਦੇ ਰਹੇ ਹਨ ਪਰੰਤੂ ਆਖਰਕਾਰ ਟਰੰਪ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਿਚ ਸਫਲ ਰਹੇ। ਚੋਣ ਨਤੀਜੇ ਉਪਰੰਤ ਬਾਈਡਨ ਨੇ ਟਰੰਪ ਨੂੰ ਫੋਨ ਉਪਰ ਵਧਾਈ ਦਿੱਤੀ ਸੀ ਤੇ ਨਾਲ ਹੀ ਉਨਾਂ ਨੂੰ ਵਾਈਟ ਹਾਊਸ ਵਿਚ ਆਉਣ ਦਾ ਸੱਦਾ ਦਿੱਤਾ ਸੀ ਜਿਸ 'ਤੇ ਟਰੰਪ ਦੇ ਇਕ ਬੁਲਾਰੇ ਨੇ ਕਿਹਾ ਸੀ ਕਿ ਟਰੰਪ ਵਾਈਟ ਹਾਊਸ ਵਿਚ ਆਉਣ ਲਈ ਤਤਪਰ ਹਨ।