ਟਰੰਪ ਦੇ ਚੋਣ ਧਾਂਦਲੀਆਂ ਬਾਰੇ ਸਾਰੇ ਦਾਅਵੇ ਅਚਾਨਕ ਹੋਏ ਗਾਇਬ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਦੀ ਚੋਣ ਜਿੱਤੇ ਰਿਪਬਲੀਕਨ ਨੇਤਾ ਡੋਨਾਲਡ ਟਰੰਪ ਅਕਸਰ ਦਾਅਵਾ ਕਰਦੇ ਰਹੇ ਹਨ ਕਿ ਡੈਮੋਕਰੈਟਿਕ ਧਾਂਦਲੀਆਂ ਵਿਚ ਮਸ਼ਰੂਫ ਹਨ। ਜਦੋਂ ਬੁੱਧਵਾਰ ਦੀ ਸਵੇਰ ਨੂੰ ਉਨਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਤਾਂ ਇਹ ਸਾਰੇ ਦਾਅਵੇ ਅਚਾਨਕ ਗਾਇਬ ਹੋ ਗਏ। 5 ਨਵੰਬਰ ਨੂੰ ਜਦੋਂ ਆਮ ਚੋਣਾਂ ਲਈ ਵੋਟਾਂ ਪੈ ਰਹੀਆਂ ਸਨ ਤਾਂ ਟਰੰਪ ਨੇ ਦੁਪਹਿਰ ਬਾਅਦ ਸੋਸ਼ਲ ਮੀਡੀਆ ਉਪਰ ਦਾਅਵਾ ਕੀਤਾ ਕਿ ਫਿਲਾਡੈਲਫੀਆ ਵਿਚ ਵੱਡੀ ਪੱਧਰ 'ਤੇ ਹੇਰਾਫੇਰੀ ਹੋ ਰਹੀ ਹੈ। ਸੋਸ਼ਲ ਮੀਡੀਆ ਉਪਰ ਟਰੰਪ ਨੇ ਕਿਹਾ ''ਫਿਲਾਡੈਲਫੀਆ ਵਿਚ ਵੱਡੇ ਪੱਧਰ 'ਤੇ ਹੇਰਾਫੇਰੀ ਦੀ ਗੱਲ ਹੋ ਰਹੀ ਹੈ,ਲਾਅ ਇਨਫੋਰਸਮੈਂਟ ਵਾਲੇ ਆ ਰਹੇ ਹਨ''। ਇਸੇ ਦਿਨ ਸੋਸ਼ਲ ਮੀਡੀਆ ਉਪਰ ਇਕ ਵੱਖਰੇ ਬਿਆਨ ਵਿਚ ਉਨਾਂ ਕਿਹਾ '' ਡੈਟਰਾਇਟ ਵਿਚ ਵੀ ਅਜਿਹੀ ਹੀ ਹੇਰਾਫੇਰੀ ਦੀ ਸੰਭਾਵਨਾ ਉਪਰੰਤ ਲਾਅ ਇਨਫੋਰਸਮੈਂਟ ਅਧਿਕਾਰੀ ਮੌਕੇ 'ਤੇ ਪੁੱਜੇ ਹਨ।'' ਦੋਨਾਂ ਸ਼ਹਿਰਾਂ ਵਿਚ ਲਾਅ ਇਨਫੋਰਸਮੈਂਟ ਅਧਿਕਾਰੀ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਲਈ ਜਦੋਜਹਿਦ ਕਰਦੇ ਰਹੇ ਕਿ ਹੇਰਾਫੇਰੀ ਦੇ ਕੋਈ ਸਬੂਤ ਨਹੀਂ ਮਿਲੇ ਹਨ। ਫਿਲਾਡੈਲਫੀਆ ਦੇ ਡਿਸਟ੍ਰਿਕਟ ਅਟਾਰਨੀ ਲੈਰੀ ਕਰਾਸਨਰ ਨੇ ਕਿਹਾ ਕਿ ਟਰੰਪ ਦੇ ਦਾਅਵੇ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ।
Comments (0)