ਮਹਾਨ  ਚਿੱਤਰਕਾਰ ਸੋਭਾ ਸਿੰਘ ਦੀ ਯਾਦ ’ਚ 125 ਰੁਪਏ ਦਾ ਸਿੱਕਾ

ਮਹਾਨ  ਚਿੱਤਰਕਾਰ ਸੋਭਾ ਸਿੰਘ ਦੀ ਯਾਦ ’ਚ 125 ਰੁਪਏ ਦਾ ਸਿੱਕਾ

ਧਰਮਸ਼ਾਲਾ : ਕੇਂਦਰ ਸਰਕਾਰ ਨੇ ਭਾਰਤੀ ਕਲਾ ਤੇ ਸੱਭਿਆਚਾਰ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਮਹਾਨ ਚਿੱਤਰਕਾਰ ਸੋਭਾ ਸਿੰਘ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਯਾਦ ਵਿੱਚ 125 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੋਭਾ ਸਿੰਘ ਦੇਸ਼ ਦੇ ਪਹਿਲੇ ਭਾਰਤੀ ਚਿੱਤਰਕਾਰ ਹਨ, ਜਿਨ੍ਹਾਂ ਦੇ ਸਨਮਾਨ ਵਿੱਚ ਕੇਂਦਰ ਸਰਕਾਰ ਯਾਦਗਾਰੀ ਸਿੱਕਾ ਜਾਰੀ ਕਰੇਗੀ। ਇਹ ਸਿੱਕਾ ਅਗਲੇ ਸਾਲ ਫਰਵਰੀ ਵਿੱਚ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਸੋਭਾ ਸਿੰਘ ਦੀ 125ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਨਵੰਬਰ 2027 ਤੱਕ ਪੂਰਾ ਸਾਲ ਮਨਾਏ ਜਾਣਗੇ। ਇਨ੍ਹਾਂ ਸਮਾਗਮਾਂ ਦਾ ਮੁੱਖ ਵਿਸ਼ਾ ‘ਜਨਮਭੂਮੀ ਤੋਂ ਕਰਮਭੂਮੀ ਤੱਕ’ ਰੱਖਿਆ ਗਿਆ ਹੈ, ਜੋ ਉਨ੍ਹਾਂ ਦੇ ਜੀਵਨ ਦੇ ਸਫ਼ਰ ਅਤੇ ਕਲਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਸੋਭਾ ਸਿੰਘ ਮੈਮੋਰੀਅਲ ਆਰਟ ਸੁਸਾਇਟੀ, ਅੰਦਰੇਟਾ ਦੇ ਪ੍ਰਧਾਨ ਕੇ ਜੀ ਬੁਟੇਲ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਿਰਫ਼ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਲਈ ਹੀ ਨਹੀਂ, ਸਗੋਂ ਸਮੁੱਚੇ ਭਾਰਤੀ ਕਲਾ ਜਗਤ ਲਈ ਮਾਣ ਵਾਲਾ ਪਲ ਹੈ। ਸੋਭਾ ਸਿੰਘ ਦਾ ਭਾਰਤੀ ਕਲਾ ਵਿੱਚ ਯੋਗਦਾਨ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਕੌਮੀ ਪੱਧਰ ’ਤੇ ਮਾਨਤਾ ਦਾ ਹੱਕਦਾਰ ਸੀ। ਸੁਸਾਇਟੀ ਦੇ ਜਨਰਲ ਸਕੱਤਰ ਅਤੇ ਸੋਭਾ ਸਿੰਘ ਦੇ ਪੋਤਰੇ ਡਾ. ਹਿਰਦੇ ਪਾਲ ਸਿੰਘ ਨੇ ਇਸ ਫ਼ੈਸਲੇ ਨੂੰ ਪਰਿਵਾਰ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਭਾਵਨਾਤਮਕ ਪਲ ਦੱਸਿਆ। ਉਨ੍ਹਾਂ ਕਿਹਾ ਕਿ ਸੋਭਾ ਸਿੰਘ ਦੀ ਕਲਾ ਨੇ ਧਰਮ, ਭੂਗੋਲ ਅਤੇ ਸਮਾਜਿਕ ਵੰਡਾਂ ਤੋਂ ਉੱਪਰ ਉੱਠ ਕੇ ਮਨੁੱਖਤਾ, ਪਿਆਰ ਅਤੇ ਦਇਆ ਦਾ ਸੰਦੇਸ਼ ਦਿੱਤਾ। ਉਨ੍ਹਾਂ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ 1947 ’ਚ ਉਨ੍ਹਾਂ ਅੰਦਰੇਟਾ ਨੂੰ ਆਪਣੀ ਕਰਮਭੂਮੀ ਬਣਾਇਆ।