ਕੀ ਸੱਚਮੁੱਚ ‘ਆਰਥਿਕ ਤਬਾਹੀ’ ਦੇ ਕਿਨਾਰੇ ’ਤੇ ਹੈ ਭਾਰਤ?
ਨਿਊਜ਼ ਵਿਸ਼ਲੇਸ਼ਣ
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਦਿੱਤੇ ਗਏ ਬਿਆਨ ਨੇ ਭਾਰਤੀ ਸਿਆਸਤ ਤੇ ਆਰਥਿਕ ਗਲਿਆਰਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਅਮਰੀਕੀ ਪੱਤਰਕਾਰ ਲਿਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇ ਮੌਜੂਦਾ ਆਰਥਿਕ ਮਾਡਲ ਦੀ ਆਲੋਚਨਾ ਕਰਦਿਆਂ ਦੇਸ਼ ਦੀ ਅਰਥਵਿਵਸਥਾ ਨੂੰ ‘ਆਰਥਿਕ ਤਬਾਹੀ’ ਦੇ ਕਿਨਾਰੇ ਦੱਸਿਆ ਹੈ। ਰਾਹੁਲ ਗਾਂਧੀ ਅਨੁਸਾਰ, ਸਰਕਾਰੀ ਨੀਤੀਆਂ ਕਾਰਨ ਨਿਰਮਾਣ ਖੇਤਰ, ਛੋਟੇ ਕਾਰੋਬਾਰ ਅਤੇ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਨਾਲ ਬੇਰੁਜ਼ਗਾਰੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਅਤੇ ਸਿਰਫ਼ ਚੋਣਵੇਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚ ਰਿਹਾ ਹੈ। ਕੋਲੰਬੀਆ ਯੂਨੀਵਰਸਿਟੀ ਵਿੱਚ ਬੋਲਦਿਆਂ ਰਾਹੁਲ ਗਾਂਧੀ ਨੇ ਨੇ ਦਾਅਵਾ ਕੀਤਾ ਕਿ ਭਾਰਤ ਦੇ ਨਿਰਮਾਣ ਖੇਤਰ ਦੀ ਰੀੜ੍ਹ ਦੀ ਹੱਡੀ ਟੁੱਟ ਚੁੱਕੀ ਹੈ ਅਤੇ ‘ਮੇਕ ਇਨ ਇੰਡੀਆ’ ਜਾਂ ‘ਸਟਾਰਟ-ਅੱਪ ਇੰਡੀਆ’ ਵਰਗੀਆਂ ਯੋਜਨਾਵਾਂ ਜ਼ਮੀਨੀ ਪੱਧਰ ’ਤੇ ਰੁਜ਼ਗਾਰ ਪੈਦਾ ਕਰਨ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਸੇਵਾ ਖੇਤਰ ਦੇ ਸਹਾਰੇ ਕਰੋੜਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਅਤੇ ਖੇਤੀਬਾੜੀ ਖੇਤਰ ਦੀ ਮਾੜੀ ਹਾਲਤ ਲਈ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਮੌਜੂਦਾ ਆਰਥਿਕ ਮਾਡਲ ਵਿੱਚ ਸਿਰਫ਼ ਕੁਝ ਚੋਣਵੇਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਖ਼ਤਮ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਜ਼ਰਾਈਲ ਅਤੇ ਪਾਕਿਸਤਾਨ ਬਾਰੇ ਵੀ ਅਜਿਹੇ ਸਟੈਂਡ ਲਏ ਹਨ, ਜਿਨ੍ਹਾਂ ਨੇ ਨਾ ਸਿਰਫ਼ ਸੱਤਾਧਾਰੀ ਭਾਜਪਾ ਬਲਕਿ ਵਿਰੋਧੀ ਧਿਰ ਦੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਸੱਤਾਧਾਰੀ ਧਿਰ ਦਾ ਪਲਟਵਾਰ
ਭਾਜਪਾ ਬੁਲਾਰਿਆਂ ਨੇ ਰਾਹੁਲ ਗਾਂਧੀ ’ਤੇ ਵਿਦੇਸ਼ੀ ਧਰਤੀ ’ਤੇ ਭਾਰਤ ਦੀ ਸਾਖ਼ ਨੂੰ ਨੁਕਸਾਨ ਪਹੁੰਚਾਉਣ ਅਤੇ ‘ਭਾਰਤ ਵਿਰੋਧੀ ਪ੍ਰਾਪੇਗੰਡਾ’ ਫੈਲਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਦੇ ਬਿਆਨਾਂ ਨੂੰ ਸਿਆਸੀ ਨਿਰਾਸ਼ਾ ਕਰਾਰ ਦਿੱਤਾ ਹੈ। ਹਾਲਾਂਕਿ, ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਰਥਿਕ ਨੀਤੀਆਂ ਦੀ ਆਲੋਚਨਾ ਨੂੰ ਸਿੱਧਾ ‘ਦੇਸ਼ ਵਿਰੋਧੀ’ ਕਹਿਣਾ ਸਹੀ ਨਹੀਂ ਹੈ, ਪਰ ਅਰਥਸ਼ਾਸਤਰ ਦੀ ਪਰਿਭਾਸ਼ਾ ਮੁਤਾਬਕ ਦੇਸ਼ ਵਿੱਚ ‘ਆਰਥਿਕ ਤਬਾਹੀ’ ਵਰਗੀ ਕੋਈ ਸਥਿਤੀ ਨਹੀਂ ਹੈ। ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਦੀਆਂ ਰਿਪੋਰਟਾਂ ਅਨੁਸਾਰ ਵਿੱਤੀ ਸਾਲ 2025-26 ਵਿੱਚ ਭਾਰਤ ਦੀ ਵਿਕਾਸ ਦਰ 7.6 ਤੋਂ 7.8 ਫੀਸਦੀ ਦੇ ਆਸ-ਪਾਸ ਰਹਿਣ ਕਾਰਨ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ। ਆਰਥਿਕ ਮਾਹਿਰਾਂ ਅਤੇ ਸੱਤਾਧਾਰੀ ਧਿਰ ਅਨੁਸਾਰ, ਬੁਨਿਆਦੀ ਢਾਂਚੇ ਅਤੇ ਡਿਜੀਟਲ ਖੇਤਰ ਵਿੱਚ ਨਿਵੇਸ਼ ਸਦਕਾ ਚਾਲੂ ਖਾਤਾ ਘਾਟਾ (1 ਤੋਂ 1.5 ਫੀਸਦੀ) ਕੰਟਰੋਲ ਹੇਠ ਹੈ, ਵਿਦੇਸ਼ੀ ਮੁਦਰਾ ਭੰਡਾਰ ਮਜ਼ਬੂਤ ਹਨ ਅਤੇ ਰੱਖਿਆ ਉਤਪਾਦਨ ਸਮੇਤ ਨਿਰਯਾਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਰਾਹੁਲ ਦੀ ਗੱਲ ਵਿੱਚ ਕਿੰਨਾ ਦਮ?
ਆਰਥਿਕ ਮਾਹਿਰਾਂ ਅਨੁਸਾਰ, ਭਾਰਤ ਭਾਵੇਂ ਆਰਥਿਕ ਤਬਾਹੀ ਵੱਲ ਨਹੀਂ ਵਧ ਰਿਹਾ, ਪਰ ਰਾਹੁਲ ਗਾਂਧੀ ਵੱਲੋਂ ਚੁੱਕੇ ਗਏ ਬੇਰੁਜ਼ਗਾਰੀ, ਛੋਟੇ ਉਦਯੋਗਾਂ ਦੀ ਸੁਸਤੀ ਅਤੇ ਆਰਥਿਕ ਅਸਮਾਨਤਾ ਵਰਗੇ ਮੁੱਦੇ ਗੰਭੀਰ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨੋਟਬੰਦੀ, ਜੀ.ਐਸ.ਟੀ. ਅਤੇ ਕੋਰੋਨਾ ਮਹਾਂਮਾਰੀ ਦੇ ਝਟਕਿਆਂ ਤੋਂ ਬਾਅਦ ਵੱਡੀਆਂ ਕਾਰਪੋਰੇਟ ਕੰਪਨੀਆਂ ਦਾ ਮੁਨਾਫ਼ਾ ਤਾਂ ਤੇਜ਼ੀ ਨਾਲ ਵਧਿਆ ਹੈ, ਪਰ ਗੈਰ-ਸੰਗਠਿਤ ਖੇਤਰ ਅਤੇ ਛੋਟੇ ਉਦਯੋਗ ਅਜੇ ਤੱਕ ਪੂਰੀ ਤਰ੍ਹਾਂ ਪੈਰਾਂ ਸਿਰ ਨਹੀਂ ਹੋ ਸਕੇ ਹਨ। ਜੀ.ਡੀ.ਪੀ. ਵਿੱਚ ਨਿਰਮਾਣ ਖੇਤਰ ਦਾ ਹਿੱਸਾ ਉਮੀਦ ਮੁਤਾਬਕ ਨਹੀਂ ਵਧ ਸਕਿਆ ਹੈ, ਜੋ ਕਿ ਵੱਡੇ ਪੱਧਰ ’ਤੇ ਰੁਜ਼ਗਾਰ ਪੈਦਾ ਕਰਨ ਲਈ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ, ਮਹਿੰਗਾਈ ਦਾ ਕਈ ਵਾਰ ਰਿਜ਼ਰਵ ਬੈਂਕ ਦੀ 6 ਫੀਸਦੀ ਦੀ ਉੱਪਰੀ ਸੀਮਾ ਦੇ ਨੇੜੇ ਪਹੁੰਚਣਾ ਆਮ ਆਦਮੀ ਦੀ ਜੇਬ ’ਤੇ ਬੋਝ ਪਾਉਂਦਾ ਹੈ।
ਇਜ਼ਰਾਇਲ ਅਤੇ ਪਾਕਿਸਤਾਨ ’ਤੇ ਬਦਲਿਆ ਰਾਹੁਲ ਦਾ ਸਟੈਂਡ
ਰਾਹੁਲ ਗਾਂਧੀ ਨੇ ਗਾਜ਼ਾ ਦੇ ਹਾਲਾਤਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਦੇ ਇਜ਼ਰਾਈਲ ਨਾਲ ਮਜ਼ਬੂਤ ਸਬੰਧਾਂ ਦੀ ਵਕਾਲਤ ਕੀਤੀ ਹੈ। ਸਿਆਸੀ ਮਾਹਿਰ ਇਸ ਨੂੰ ਕਾਂਗਰਸ ਦੀ ਰਵਾਇਤੀ ਲਾਈਨ ਅਤੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਸਟੈਂਡ ਤੋਂ ਵੱਖਰਾ ਮੰਨ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਇਜ਼ਰਾਈਲ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਫਲਸਤੀਨ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕੀਤੀ ਸੀ।
ਵਿਰੋਧੀ ਖੇਮੇ ਵਿੱਚ ਬੇਚੈਨੀ:
ਸਿਆਸੀ ਮਾਹਿਰਾਂ ਅਨੁਸਾਰ, ਉੱਤਰ ਪ੍ਰਦੇਸ਼ ਸਮੇਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਇਨ੍ਹਾਂ ਬਿਆਨਾਂ ਨੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਰਗੀਆਂ ਸਹਿਯੋਗੀ ਪਾਰਟੀਆਂ ਵਿੱਚ ਬੇਚੈਨੀ ਵਧਾ ਦਿੱਤੀ ਹੈ। ਉਨ੍ਹਾਂ ਨੂੰ ਡਰ ਹੈ ਕਿ ਅਸਦੁਦੀਨ ਓਵੈਸੀ ਵਰਗੇ ਆਗੂ ਇਨ੍ਹਾਂ ਬਿਆਨਾਂ ਨੂੰ ਮੁੱਦਾ ਬਣਾ ਕੇ ਮੁਸਲਿਮ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦੂਜੇ ਪਾਸੇ, ਕੁਝ ਸਿਆਸੀ ਵਿਸ਼ਲੇਸ਼ਕ ਇਸ ਨੂੰ ਰਾਹੁਲ ਗਾਂਧੀ ਦੀ ਇੱਕ ਸੋਚੀ-ਸਮਝੀ ਰਣਨੀਤੀ ਮੰਨਦੇ ਹਨ, ਜਿਸ ਤਹਿਤ ਉਹ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮੁੱਦਿਆਂ ’ਤੇ ਭਾਜਪਾ ਦੇ ਰਾਸ਼ਟਰਵਾਦੀ ਬਿਰਤਾਂਤ ਦੀ ਕਾਟ ਲੱਭਣ ਅਤੇ ਖੇਤਰੀ ਪਾਰਟੀਆਂ ਦੇ ਮੁਕਾਬਲੇ ਕਾਂਗਰਸ ਨੂੰ ਮੁੱਖ ਧਿਰ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਜੇਕਰ ਮੋਦੀ ਸਰਕਾਰ ਨੇ ਸਮਾਂ ਰਹਿੰਦੇ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਾ ਕੱਢਿਆ, ਤਾਂ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੀ ਨੌਜਵਾਨ ਆਬਾਦੀ (ਇੱਕ ਵੱਡੀ ਆਰਥਿਕ ਅਤੇ ਸਮਾਜਿਕ ਚੁਣੌਤੀ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਿਆਸੀ ਅਤੇ ਆਰਥਿਕ ਪੱਖਾਂ ਤੋਂ ਇਲਾਵਾ, ਇਸ ਪੂਰੇ ਘਟਨਾਕ੍ਰਮ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਦੇਸ਼ ਦੀ ਵਿਕਾਸ ਕਹਾਣੀ ਸਿਰਫ਼ ਵੱਡੇ ਅੰਕੜਿਆਂ ਜਾਂ ਸ਼ੇਅਰ ਬਾਜ਼ਾਰ ਦੀ ਚਮਕ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਦਾ ਅਸਰ ਆਮ ਆਦਮੀ ਦੀ ਰਸੋਈ, ਨੌਜਵਾਨਾਂ ਦੇ ਹੱਥਾਂ ਵਿੱਚ ਰੁਜ਼ਗਾਰ ਅਤੇ ਛੋਟੇ ਕਾਰੋਬਾਰੀਆਂ ਦੀ ਖ਼ੁਸ਼ਹਾਲੀ ਦੇ ਰੂਪ ਵਿੱਚ ਜ਼ਮੀਨ ’ਤੇ ਵੀ ਦਿਖਾਈ ਦੇਣਾ ਚਾਹੀਦਾ ਹੈ। ਲੋਕਤੰਤਰ ਦੀ ਖ਼ੂਬਸੂਰਤੀ ਹੀ ਇਹ ਹੈ ਕਿ ਸੱਤਾਧਾਰੀ ਧਿਰ ਆਪਣੀਆਂ ਪ੍ਰਾਪਤੀਆਂ ਗਿਣਾਵੇ ਅਤੇ ਵਿਰੋਧੀ ਧਿਰ ਉਨ੍ਹਾਂ ਕਮਜ਼ੋਰੀਆਂ ’ਤੇ ਉਂਗਲ ਰੱਖੇ ਜੋ ਆਮ ਜਨਤਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਸਰਕਾਰ ਇਨ੍ਹਾਂ ਬੁਨਿਆਦੀ ਚੁਣੌਤੀਆਂ ਨੂੰ ਸਵੀਕਾਰ ਕਰਕੇ ਨੀਤੀਆਂ ਵਿੱਚ ਸੁਧਾਰ ਕਰਦੀ ਹੈ ਜਾਂ ਫਿਰ ਇਹ ਮੁੱਦੇ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਜਾਂਦੇ ਹਨ।











Comments (0)