ਅਮਰੀਕਨ ਡਾਲਰ ਮੁਕਾਬਲੇ ਡਿਗ ਰਿਹਾ ਏ ਭਾਰਤੀ ਰੁਪਈਆ

ਅਮਰੀਕਨ ਡਾਲਰ ਮੁਕਾਬਲੇ ਡਿਗ ਰਿਹਾ ਏ ਭਾਰਤੀ ਰੁਪਈਆ

*ਮੋਦੀ ਰਾਜ ਵਿਚ ਡਾਲਰ ਮੁਕਾਬਲੇ ਰੁਪੱਈਆ 86.56 ਰੁਪਏ ਤੱਕ ਲੁੜਕਿਆ ,ਜਾ ਸਕਦਾ ਏ 100 ਰੁਪਏ ਤਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਾਲ ਬਾਅਦ ਇੱਕ ਵਾਰ ਫਿਰ ਆਪਣੀ ਰੀ-ਬਰਾਂਡਿੰਗ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਪਿਛਲੇ ਦਿਨੀਂ ਉਨ੍ਹਾ ਜ਼ੇਰੋਧਾ ਬ੍ਰੋਕਿੰਗ ਫਰਮ ਦੇ ਸਹਿ-ਬਾਨੀ ਨਿਖਿਲ ਕਾਮਥ ਨੂੰ ਦੋ ਘੰਟੇ ਤੋਂ ਵੀ ਲੰਮੀ ਇੰਟਰਵਿਊ ਦਿੱਤੀ ਸੀ। ਨਿਖਿਲ ਕਾਮਥ ਨੂੰ ਭਾਰਤ ਦਾ ਜਾਰਜ ਸੋਰੋਸ ਮੰਨਿਆ ਜਾਂਦਾ ਹੈ, ਜਦਕਿ ਭਾਜਪਾ ਦਾ ਆਈ ਟੀ ਸੈੱਲ ਜਾਰਜ ਸੋਰੋਸ ਨੂੰ ਸਾਜ਼ਿਸ਼ੀ ਕਰਾਰ ਦਿੰਦਾ ਹੈ। 2014 ਵਿੱਚ ਕਾਂਗਰਸ ਦੀ ਬੁਰੀ ਗਤ ਹੋਣ ਪਿੱਛੇ ਡਾਲਰ ਦੇ ਮੁਕਾਬਲੇ ਰੁਪਏ ਦਾ ਕਮਜ਼ੋਰ ਹੋਣਾ ਵੀ ਇੱਕ ਵੱਡਾ ਕਾਰਨ ਸੀ।

 ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵੇਲੇ ਜਦੋਂ ਇੱਕ ਡਾਲਰ ਦੀ ਕਦਰ 62.33 ਰੁਪਏ ਹੋ ਗਈ ਸੀ ਤਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ’ਤੇ ਰੁਪਏ ਦਾ ਵੱਕਾਰ ਬਹਾਲ ਕਰ ਦਿੱਤਾ ਜਾਵੇਗਾ ਤੇ 40 ਰੁਪਏ ਦਾ ਡਾਲਰ ਹੋ ਜਾਵੇਗਾ। ਭਾਜਪਾ ਦੇ ਇਸ ਤਾਕਤਵਰ ਆਗੂ ਦੇ ਦੌਰ ਵਿੱਚ ਡਾਲਰ ਦੇ ਮੁਕਾਬਲੇ ਰੁਪੱਈਆ 86.56 ਰੁਪਏ ਤੱਕ ਲੁੜਕ ਚੁੱਕਾ ਹੈ ਤੇ ਆਰਥਕ ਮਾਮਲਿਆਂ ਦੇ ਜਾਣਕਾਰ ਮੰਨਦੇ ਹਨ ਕਿ ਇਹ 90 ਰੁਪਏ ਤੇ ਇੱਥੋਂ ਤੱਕ ਕਿ 100 ਰੁਪਏ ਤੱਕ ਜਾ ਸਕਦਾ ਹੈ। ਡਾਲਰ ਦੇ ਮੁਕਾਬਲੇ ਰੁਪੱਈਆ ਰੋਜ਼ਾਨਾ 10-20 ਪੈਸੇ ਦੀ ਗਿਰਾਵਟ ਦਰਜ ਕਰ ਰਿਹਾ ਹੈ।

ਅੱਜਕੱਲ੍ਹ ਸੋਸ਼ਲ ਮੀਡੀਆ ਵਿੱਚ ਉਦੋਂ ਦੇ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦਾ ਭਾਸ਼ਣ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਜਿਸ ਤਰ੍ਹਾਂ ਡਾਲਰ ਮਜ਼ਬੂਤ ਹੋ ਰਿਹਾ ਹੈ ਤੇ ਰੁਪੱਈਆ ਕਮਜ਼ੋਰ ਹੁੰਦਾ ਜਾ ਰਿਹਾ ਹੈ, ਵਿਸ਼ਵ ਵਪਾਰ ’ਚ ਭਾਰਤ ਟਿਕ ਨਹੀਂ ਸਕੇਗਾ। ਸਾਡੇ ਵਪਾਰੀ ਕੌਮਾਂਤਰੀ ਪਿੜ ਵਿੱਚ ਟਿਕ ਨਹੀਂ ਸਕਣਗੇ, ਪਰ ਕੇਂਦਰ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ। ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸਿਰਫ ਮੁੰਬਈ ਤੇ ਗੁਜਰਾਤ ਦੀ ਕਾਰਪੋਰੇਟ ਲਾਬੀ ਹੀ ਇੱਕਜੁਟ ਨਹੀਂ ਸੀ ਹੋਈ, ਬਾਬਾ ਰਾਮਦੇਵ ਤੇ ਸ੍ਰੀ ਸ੍ਰੀ ਰਵੀਸ਼ੰਕਰ ਵਰਗੇ ਗੌਡਮੈਨ ਵੀ ਮੈਦਾਨ ਵਿੱਚ ਕੁੱਦੇ ਹੋਏ ਸਨ। 

21 ਮਾਰਚ 2014 ਨੂੰ ਸ੍ਰੀ ਸ੍ਰੀ ਰਵੀਸ਼ੰਕਰ ਨੇ ਟਵਿੱਟਰ ਉੱਤੇ ਇਹ ਦਾਅਵਾ ਕਰਕੇ ਪੂਰੇ ਦੇਸ਼ ’ਚ ਸਨਸਨੀ ਮਚਾ ਦਿੱਤੀ ਸੀ ਕਿ ਇਹ ਜਾਣ ਕੇ ਸੁਖਦ ਅਹਿਸਾਸ ਹੋ ਰਿਹਾ ਹੈ ਕਿ ਮੋਦੀ ਦੇ ਸੱਤਾ ’ਚ ਆਉਣ ’ਤੇ ਰੁਪੱਈਆ 40 ਰੁਪਏ ਪ੍ਰਤੀ ਡਾਲਰ ਤੱਕ ਮਜ਼ਬੂਤ ਹੋ ਜਾਵੇਗਾ। ਇਹ ਗੌਡਮੈਨ ਅੱਜਕੱਲ੍ਹ ਸਿਆਸੀ ਬਿਆਨਬਾਜ਼ੀ ਕਰਦੇ ਨਜ਼ਰ ਨਹੀਂ ਆਉਦੇ। ਬਾਬਾ ਰਾਮਦੇਵ ਹੁਣ ਲਾਲਾ ਰਾਮਦੇਵ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਕੰਪਨੀਆਂ ਸ਼ੇਅਰ ਮਾਰਕਿਟ ’ਚ ਰਜਿਸਟਰਡ ਹੋ ਚੁੱਕੀਆਂ ਹਨ। ਸ੍ਰੀ ਸ੍ਰੀ ਰਵੀਸ਼ੰਕਰ ਦੀ ਹਾਲਤ ਵੀ ਇਹ ਹੈ ਕਿ ਜਿਵੇਂ ਉਨ੍ਹਾਂ ਨੂੰ ਭਾਰਤੀ ਰੁਪੱਈਏ ਦੀ ਕਦਰ-ਘਟਾਈ ਦੇਖ ਕੇ ਸ਼ਰਮ ਨਾ ਆਉਦੀ ਹੋਵੇ। ਉਜ ਇਨ੍ਹਾਂ ਦੋਹਾਂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਕਿ ਕਰੋੜਾਂ ਧਾਰਮਿਕ ਲੋਕਾਂ ਨੇ ਇਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਕਰ ਲਿਆ ਸੀ। ਰੁਪਏ ਦੀ ਕਦਰ-ਘਟਾਈ ਨੂੰ ਰੋਕਣ ਲਈ 2024 ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਤਮਾਮ ਕੋਸ਼ਿਸ਼ਾਂ ਕੀਤੀਆਂ। ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚੋਂ ਕਾਫੀ ਡਾਲਰ ਬਾਜ਼ਾਰ ’ਚ ਸੁੱਟੇ। ਇਸ ਦੇ ਨਤੀਜੇ ਵਜੋਂ ਕੁਝ ਮਹੀਨਿਆਂ ਤੱਕ ਤਾਂ ਡਾਲਰ ਦੇ ਮੁਕਾਬਲੇ ਰੁਪੱਈਆ 83 ਤੱਕ ਪੁੱਜਣੋਂ ਰੋਕਣ ਵਿੱਚ ਬੈਂਕ ਸਫਲ ਰਹੀ, ਪਰ ਇਸ ਦਾ ਅਸਰ ਵਿਦੇਸ਼ੀ ਮੁਦਰਾ ਦੇ ਭੰਡਾਰ ਵਿੱਚ ਰਿਕਾਰਡ ਗਿਰਾਵਟ ਦੇ ਰੂਪ ’ਚ ਦੇਖਣ ਨੂੰ ਮਿਲਿਆ। ਬੈਂਕ ਦੇ 3 ਜਨਵਰੀ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 634 ਅਰਬ 59 ਕਰੋੜ ਡਾਲਰ ਦੇ ਨਾਲ 10 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਚੁੱਕਾ ਹੈ। ਵਿਦੇਸ਼ੀ ਨਿਵੇਸ਼ਕ ਵੀ ਇਸ ਪ੍ਰਵਿਰਤੀ ਤੋਂ ਚਿੰਤਤ ਸਨ ਕਿ ਰੁਪਏ ਨੂੰ ਸਥਿਰ ਦਰਸਾਉਣ ਲਈ ਭਾਰਤੀ ਮੁਦਰਾ ਦੀ ਅਸਲ ਕਦਰ ਨੂੰ ਲੁਕੋਣ ਦੀ ਕੋਸ਼ਿਸ਼ ਹੋ ਰਹੀ ਹੈ। ਨਤੀਜਤਨ ਪਿਛਲੇ ਕੁਝ ਮਹੀਨਿਆਂ ਤੋਂ ਵਿਦੇਸ਼ੀ ਨਿਵੇਸ਼ ਰਿਕਾਰਡ ਪੱਧਰ ’ਤੇ ਦੇਸ਼ ਵਿੱਚੋਂ ਬਾਹਰ ਜਾ ਰਿਹਾ ਹੈ। ਰੁਪਏ ਦੇ ਕਮਜ਼ੋਰ ਹੋਣ ਤੇ ਡਾਲਰ ਦੇ ਮਜ਼ਬੂਤ ਹੋਣ ਕਰਕੇ ਜਨਵਰੀ ਦੇ ਡੇਢ ਹਫਤੇ ’ਚ ਹੀ ਵਿਦੇਸ਼ੀ ਨਿਵੇਸ਼ਕਾਂ ਨੇ 22194 ਕਰੋੜ ਰੁਪਏ ਕੱਢ ਲਏ ਸਨ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀ ਗਿਰਾਵਟ ਚੱਲ ਰਹੀ ਹੈ। ਦੇਸ਼ ਦੇ ਕਰੋੜਾਂ ਛੋਟੇ ਨਿਵੇਸ਼ਕ ਤੇਜ਼ੀ ਨਾਲ ਤਬਾਹ ਹੋ ਰਹੇ ਹਨ, ਪਰ ਪ੍ਰਧਾਨ ਮੰਤਰੀ ਨੂੰ ਦਿੱਲੀ ਅਸੰਬਲੀ ਦੀ ਚੋਣ ਜਿੱਤਣ ਦੀ ਹੀ ਫਿਕਰ ਹੈ।

​​​​​​