ਸੌਦਾ ਸਾਧ ਫਿਰ ਸੰਕਟ ਵਿਚ,ਕਸੇਗਾ ਹੋਰ ਕਨੂੰਨੀ ਸ਼ਿਕੰਜਾ
*ਰੱਬ ਨਾਲ ਜੋੜਨ ਦੇ ਨਾਂ 'ਤੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਲਗੇ ਸਨ ਦੋਸ਼
ਪੰਜਾਬ-ਹਰਿਆਣਾ ਹਾਈ ਕੋਰਟ ਨੇ ਸੌਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੇਸ ਦੀ ਡਾਇਰੀ ਅਤੇ ਗਵਾਹਾਂ ਦੇ ਬਿਆਨਾਂ ਦੀਆਂ ਕਾਪੀਆਂ ਸੌਂਪਣ ਦੇ ਪੰਚਕੂਲਾ ਸੀਬੀਆਈ ਅਦਾਲਤ ਦੇ ਹੁਕਮਾਂ ਵਿਰੁੱਧ ਦਾਇਰ ਸੀਬੀਆਈ ਦੀ ਪਟੀਸ਼ਨ 'ਤੇ ਫੈਸਲਾ ਸੁਣਾਇਆ। ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਸੁਰੱਖਿਅਤ ਰੱਖਿਆ ਹੈ।
ਹਾਈ ਕੋਰਟ ਨੇ ਸੀਬੀਆਈ ਦੀ ਇਸ ਪਟੀਸ਼ਨ 'ਤੇ 2019 ਵਿਚ ਇਸ ਕੇਸ ਦੀ ਸੁਣਵਾਈ 'ਤੇ ਰੋਕ ਲਗਾ ਦਿੱਤੀ ਸੀ, ਉਦੋਂ ਤੋਂ ਇਸ ਕੇਸ ਦੀ ਸੁਣਵਾਈ ਰੁਕੀ ਹੋਈ ਹੈ। ਹੁਣ ਇਸ ਕੇਸ ਦਾ ਫੈਸਲਾ ਆਉਣ ਤੋਂ ਬਾਅਦ ਜਲਦੀ ਹੀ ਸੁਣਵਾਈ ਸ਼ੁਰੂ ਹੋ ਸਕਦੀ ਹੈ।
ਪਟੀਸ਼ਨ ਵਿੱਚ ਕੀ ਦੋਸ਼ ਲਾਏ ਗਏ
ਡੇਰੇ ਵਿਚ ਸਾਧੂਆਂ ਨੂੰ ਕੱਢਣ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਮਾਮਲੇ ਵਿਚ ਪਟੀਸ਼ਨਕਰਤਾ ਹਰਿਆਣਾ ਦੇ ਫ਼ਤਿਹਾਬਾਦ ਦੇ ਕਸਬਾ ਟੋਹਾਣਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ (ਡੇਰਾ ਸਿਰਸਾ ਦੇ ਪੁਰਾਣੇ ਸ਼ਰਧਾਲੂ) ਨੇ ਦੋਸ਼ ਲਗਾਇਆ ਸੀ ਕਿ ਆਸ਼ਰਮ ਵਿਚ 400 ਸਾਧੂਆਂ ਨੂੰ ਭਗਵਾਨ ਨਾਲ ਜੋੜਨ ਦੇ ਨਾਂ 'ਤੇ ਨਪੁੰਸਕ ਬਣਾਇਆ ਜਾ ਰਿਹਾ ਹੈ।ਪਟੀਸ਼ਨਕਰਤਾ ਨੇ ਕਿਹਾ ਸੀ ਕਿ ਉਹ ਖੁਦ ਇਸ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੇ ਸਰੀਰ ਵਿਚ ਅਜੀਬ ਬਦਲਾਅ ਆਉਣ ਲੱਗੇ ਸਨ। ਹਾਈ ਕੋਰਟ ਨੇ ਮਾਮਲੇ ਦੀ ਲੰਮੀ ਸੁਣਵਾਈ ਤੋਂ ਬਾਅਦ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ।
ਹੁਕਮਾਂ ਤੋਂ ਬਾਅਦ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਅਤੇ ਹੇਠਲੀ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ।ਸੀ.ਬੀ.ਆਈ. ਦੇ ਦੋਸ਼ ਪੱਤਰ ਮੁਤਾਬਕ ਰਾਮ ਰਹੀਮ ਨੇ ਸਾਧੂਆਂ ਨੂੰ ਨਿਪੁੰਸਕ ਬਣਾ ਕੇ ਉਨ੍ਹਾਂ ਦੇ ਨਾਵਾਂ 'ਤੇ ਜ਼ਮੀਨ ਖਰੀਦੀ ਹੋਈ ਸੀ। ਸੌਦਾ ਸਾਧ ਰਾਮ ਰਹੀਮ ਦੀ ਇਸ ਨਿਪੁੰਸਕ ਫ਼ੌਜ ਬਾਰੇ ਛੇ ਸਾਧੂਆਂ ਦੇ ਬਿਆਨਾਂ ਤੋਂ ਖੁਲਾਸਾ ਹੋਇਆ ਹੈ। ਡੇਰਾ ਮੁਖੀ ਨਿਪੁੰਸਕ ਬਣਾਏ ਹੋਏ ਸਾਧੂਆਂ ਨੂੰ ਆਪਣੀ ਗੁਫਾ ਦੇ ਨਜ਼ਦੀਕ ਰੱਖਦਾ ਸੀ। ਉਸ ਸਾਧਵੀਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਨਿਪੁੰਸਕ ਕਰ ਦਿੰਦਾ ਸੀ।
ਚਾਰਜਸ਼ੀਟ ਮੁਤਾਬਕ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਸਿਲਸਿਲਾ ਸਾਲ 1999 ਵਿੱਚ ਸ਼ੁਰੂ ਹੋਇਆ ਸੀ। ਜਦੋਂ ਡੇਰਾ ਮੁਖੀ ਨੇ ਸਾਧੂਆਂ ਦੀ ਸਾਧਵੀਆਂ ਨਾਲ ਵਧਦੀ ਨੇੜਤਾ ਬਾਰੇ ਪਤਾ ਲੱਗਾ ਤਾਂ ਉਸ ਨੇ ਸਾਧੂਆਂ ਨੂੰ 'ਨਿਪੁੰਸਕ-ਵਿਧੀ' ਰਾਹੀਂ ਪਰਮਾਤਮਾ ਨੂੰ ਪਾਉਣ ਦਾ ਰਾਹ ਦੱਸਿਆ। ਦਰਅਸਲ 1999 ਵਿੱਚ ਸਾਧੂ ਬਲਜਿੰਦਰ ਸਿੰਘ ਨੂੰ ਰਾਮ ਰਹੀਮ ਦੇ ਸੁਰੱਖਿਆ ਗਾਰਡ ਨੇ ਇੱਕ ਸਾਧਵੀ ਨੂੰ ਕਿਸੇ ਡੇਰੇ ਰਹਿੰਦੇ ਸੇਵਾਦਾਰ ਨਾਲ ਸ਼ੱਕੀ ਹਾਲਤ ਵਿਚ ਗਲਾਂ ਕਰਦੇ ਹੋਏ ਵੇਖ ਲਿਆ ਤੇ ਉਸ ਦੀ ਸ਼ਿਕਾਇਤ ਰਾਮ ਰਹੀਮ ਕੋਲ ਪਹੁੰਚ ਗਈ। ਉਦੋਂ ਤੋਂ ਡੇਰੇ ਵਿੱਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਸੀ.ਬੀ.ਆਈ. ਵੱਲੋਂ ਦਾਇਰ ਦੋਸ਼ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ ਸਾਧੂ ਨਿਪੁੰਸਕ ਹੋਣ ਤੋਂ ਮਨ੍ਹਾ ਕਰ ਦਿੰਦਾ ਸੀ ਤਾਂ ਉਸ ਦਾ ਜ਼ਬਰਦਸਤੀ ਆਪ੍ਰੇਸ਼ਨ ਕਰ ਦਿੱਤਾ ਜਾਂਦਾ ਸੀ। ਉਦੋਂ ਤੋਂ ਇਹ ਕੇਸ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਿਹਾ ਹੈ।
ਸੀਬੀਆਈ ਅਦਾਲਤ ਨੇ 16 ਫਰਵਰੀ 2019 ਨੂੰ ਇਸ ਕੇਸ ਦੀ ਡਾਇਰੀ ਅਤੇ ਗਵਾਹਾਂ ਦੇ ਬਿਆਨਾਂ ਦੀ ਕਾਪੀ ਡੇਰਾ ਮੁਖੀ ਨੂੰ ਦੇਣ ਦਾ ਹੁਕਮ ਦਿੱਤਾ ਸੀ। ਸੀਬੀਆਈ ਅਦਾਲਤ ਦੇ ਇਸ ਹੁਕਮ ਨੂੰ ਸੀਬੀਆਈ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਉਦੋਂ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ 'ਤੇ ਰੋਕ ਲਗਾ ਦਿੱਤੀ ਸੀ ਅਤੇ ਹੁਣ ਹਾਈਕੋਰਟ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਗੁਰੂ ਬੇਅਦਬੀ ਦਾ ਕੇਸ ਵੀ ਚਲੇਗਾ
ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਹੀ ਬੇਅਦਬੀ ਮਾਮਲਿਆਂ ‘ਤੇ ਲੱਗੀ ਰੋਕ ਹਟਾ ਦਿੱਤੀ ਸੀ। ਦਰਅਸਲ, ਜੂਨ ਤੋਂ ਅਕਤੂਬਰ 2015 ਦਰਮਿਆਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਤਿੰਨ ਕਥਿਤ ਘਟਨਾਵਾਂ ਵਾਪਰੀਆਂ ਸਨ। 2 ਜੂਨ, 2015 ਨੂੰ ਸਥਾਨਕ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀਆਂ ਧਾਰਾਵਾਂ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ।
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ 1 ਜੂਨ 2015 ਨੂੰ ਕੁਝ ਅਣਪਛਾਤਿਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰ ਲਿਆ। ਉਪਰੰਤ 24 ਸਤੰਬਰ ਨੂੰ ਚੋਰੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਗਏ।
ਇਸ ਤੋਂ ਬਾਅਦ 12 ਅਕਤੂਬਰ ਨੂੰ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਇਤਰਾਜ਼ਯੋਗ ਪੋਸਟਰ ਲਾਏ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਬੇਅਦਬੀ ਦੇ ਇਲਜ਼ਾਮ ਤਹਿਤ ਤਿੰਨ ਪਰਚੇ ਦਰਜ ਕੀਤੇ, ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਸੱਤ ਡੇਰਾ ਪ੍ਰੇਮੀਆਂ ਨੂੰ ਮੁਲਜ਼ਮ ਬਣਾਇਆ ਗਿਆ। ਵਿਸ਼ੇਸ਼ ਜਾਂਚ ਟੀਮ ਦੇ ਦਾਅਵਿਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ, ਬੀੜ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੀ ਸਾਜ਼ਿਸ਼ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਿਰਸੇ ਦੇ ਡੇਰੇ ਵਿੱਚ ਰਚੀ ਗਈ ਸੀ।
ਇਸ ਕਾਂਡ ਵਿੱਚ ਨਾਮਜ਼ਦ ਹੁਣ ਤੱਕ ਤਿੰਨ ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ। ਇਸੇ ਨੂੰ ਮੁੱਦਾ ਬਣਾ ਕੇ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰਕੇ ਤਿੰਨੇ ਮੁਕੱਦਮੇ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਵਾ ਲਏ ਸਨ। ਮਾਮਲੇ ਤਬਦੀਲ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਨ੍ਹਾਂ ਮੁਕੱਦਮਿਆਂ ਦੀ ਸੁਣਵਾਈ ਉੱਪਰ ਰੋਕ ਲਾ ਦਿੱਤੀ, ਜਿਸ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹੁਣ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਮੁਕੱਦਮਿਆਂ ਦੀ ਸੁਣਵਾਈ ਉੱਪਰ ਰੋਕ ਲਾਉਣ ਵਾਲੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਡੇਰਾ ਪ੍ਰੇਮੀਆਂ ਖਿਲਾਫ ਚੰਡੀਗੜ੍ਹ ਦੀ ਅਦਾਲਤ ਵਿੱਚ ਦੁਬਾਰਾ ਸੁਣਵਾਈ ਸ਼ੁਰੂ ਹੋਣ ਦੀ ਆਸ ਬੱਝੀ ਹੈ।
20 ਸਾਲ ਦੀ ਸਜ਼ਾ ਕੱਟ ਰਿਹਾ ਹੈ ਡੇਰਾ ਮੁਖੀ
ਡੇਰਾ ਮੁਖੀ ਰਾਮ ਰਹੀਮ ਇਸ ਸਮੇਂ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੂੰ 2017 ਵਿੱਚ ਆਪਣੀਆਂ ਦੋ ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਸ ਤੋਂ ਇਲਾਵਾ ਡੇਰਾ ਮੁਖੀ ਰਾਮ ਰਹੀਮ ਅਤੇ ਤਿੰਨ ਹੋਰ ਲੋਕਾਂ ਨੂੰ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਦੋਸ਼ੀ ਪਾਇਆ ਗਿਆ ਹੈ। ਸਾਲ 2019 ਵਿੱਚ ਅਦਾਲਤ ਨੇ ਪੱਤਰਕਾਰ ਕਤਲ ਕੇਸ ਵਿੱਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ।
Comments (0)