ਇਤਿਹਾਸਕ ਸ਼ਹਿਰ ਮੁਕਤਸਰ ,ਖਿਦਰਾਣੇ ਦੀ ਢਾਬ ਤੇ ਮੇਲਾ ਮਾਘੀ

ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ ਅਤੇ ਇਸ ਜਗ੍ਹਾ ''ਤੇ ਖਿਦਰਾਣੇ ਦੀ ਢਾਬ ਸੀ।..
ਇਹ ਇਲਾਕਾ ਜੰਗਲੀ ਹੋਣ ਕਰਕੇ ਇਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤਹ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ ਤਾਂ ਥੱਲਿਓਂ ਪਾਣੀ ਹੀ ਇੰਨਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇਥੇ ਇਕ ਢਾਬ ਖੋਦਾਈ ਗਈ, ਜਿਸ 'ਵਿਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ ਅਤੇ ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਜਲਾਲਾਬਾਦ ਦਾ ਵਸਨੀਕ ਸੀ। ਇਸ ਜਗ੍ਹਾ ''ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਅੰਤਿਮ ਜੰਗ ਲੜੀ, ਜਿਸ ਨੂੰ ''ਖਿਦਰਾਣੇ ਦੀ ਜੰਗ'' ਕਿਹਾ ਜਾਂਦਾ ਹੈ।
ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈ. ਵਿਚ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਆਪ ਨੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦਿਆਂ ਵੱਖ-ਵੱਖ ਥਾਵਾਂ ਵਿਚ ਦੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਰੁਖ਼ ਕੀਤਾ। ਕੋਟਕਪੂਰੇ ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ ਖਿਦਰਾਣੇ ਦੀ ਢਾਬ ਉੱਤੇ ਜਾ ਪਹੁੰਚੇ।
ਗੁਰੂ ਜੀ ਖਿਦਰਾਣੇ ਅਜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀਆਂ ਫੌਜਾਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਇਥੇ ਪਹੁੰਚ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧਿਆਂ, ਜੋ ਕਿ ਕਦੇ ਬੇਦਾਵਾ ਦੇ ਗਏ ਸਨ, ਨੇ ਵੀ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ 'ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਇਰਦ-ਗਿਰਦ ਝਾੜ ਉੱਗੇ ਹੋਏ ਸਨ। ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆਉਂਦੀ ਫੌਜ ਉਤੇ ਇਕਦਮ ਬਾਜ਼ਾਂ ਵਾਂਗ ਝਪਟ ਪਏ। ਇਹ ਲੜਾਈ 21 ਵਿਸਾਖ ਸੰਮਤ 1762 ਬਿਕ੍ਰਮੀ ਨੂੰ ਹੋਈ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ 'ਵਿਚੋਂ ਭੱਜ ਗਈਆਂ।
ਇਸ ਜੰਗ 'ਵਿਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਗੁਰੂ ਜੀ ਦੇ ਵੀ ਕਈ ਸਿੰਘ ਸ਼ਹੀਦ ਹੋ ਗਏ। ਇਸੇ ਜਗ੍ਹਾ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ, ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵੀਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ''ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ 'ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ਵਿਚ ਮਾਈ ਭਾਗੋ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ ਵਿ'ਚ ਸ਼ਾਮਿਲ ਕਰ ਲਿਆ।
ਦਸਮ ਗੁਰੂ ਨੇ ਖਿਦਰਾਣੇ ਦੀ ਜੰਗ ਵਿਚ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤਿਆਂ ਦਾ ਅਤੇ ਖਿਦਰਾਣੇ ਦੀ ਢਾਬ ਨੂੰ ਮੁਕਤੀਸਰ ਦਾ ਵਰ ਦਿੱਤਾ। ਇਸ ਕਰਕੇ ਹਰ ਵਰ੍ਹੇ 14 ਜਨਵਰੀ ਨੂੰ ਮੁਕਤਸਰ ਵਿਖੇ ਮਾਘੀ ਦਾ ਮੇਲਾ ਲੱਗਦਾ ਹੈ ਅਤੇ ਲੋਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ।
ਇਸ ਮੁਕੱਦਸ ਟਿਕਾਣੇ ’ਤੇ ਜੰਗ, ਸ਼ਹੀਦੀ ਅਤੇ ਮੁਕਤੀਸਰ ਦੇ ਵਰ ਨਾਲ ਸਬੰਧਿਤ ਕਈ ਗੁਰਦੁਆਰੇ ਹਨ ਜਿੱਥੇ ਮਾਘੀ ਦੇ ਮੇਲੇ ਮੌਕੇ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਤਮਸਤਕ ਹੁੰਦੀਆਂ ਹਨ ਅਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਵੀ ਨਮਸਕਾਰ ਕਰਦਿਆਂ ਖ਼ੁਦ ਵੀ ਜਨਮਾਂ ਦੇ ਜੰਜਾਲ ਤੋਂ ਮੁਕਤੀ ਦੀ ਕਾਮਨਾ ਕਰਦੀਆਂ ਹਨ।
ਗੁਰਦੁਆਰਾ ਤੰਬੂ ਸਾਹਿਬ:
ਜੰਗ ਦੌਰਾਨ ਇਸ ਅਸਥਾਨ ’ਤੇ ਗੁਰੂ ਸਾਹਿਬ ਦੀਆਂ ਫ਼ੌਜਾਂ ਨੇ ਕਰੀਰਾਂ, ਮਲ੍ਹੇ ਤੇ ਝਾੜੀਆਂ ਆਦਿ ਜੰਗਲੀ ਦਰੱਖਤਾਂ ਉਪਰ ਆਪਣੀਆਂ ਚਾਦਰਾਂ ਅਤੇ ਹੋਰ ਬਸਤਰ ਪਾ ਕੇ ਫ਼ੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ ਤਾਂ ਕਿ ਦੁਸ਼ਮਣ ਦੀ ਫ਼ੌਜ ਇਨ੍ਹਾਂ ਤੰਬੂਆਂ ਤੋਂ ਖਾਲਸਾ ਫ਼ੌਜ ਦੀ ਗਿਣਤੀ ਵੱਡੀ ਹੋਣ ਦੇ ਭੁਲੇਖੇ ਵਿਚ ਰਹੇ ਕਿਉਂਕਿ ਅਸਲ ਵਿੱਚ ਉਸ ਸਮੇਂ ਗੁਰੂ ਸਾਹਿਬ ਨਾਲ ਫ਼ੌਜ ਬਹੁਤ ਥੋੜ੍ਹੀ ਗਿਣਤੀ ਵਿਚ ਸੀ। ਇਹ ਗੁਰੂ ਸਾਹਿਬ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫ਼ੌਜ ਦੇ ਹੁੰਦੇ ਹੋਏ ਵੀ ਦੁਸ਼ਮਣ ਦੇ ਹੌਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ:
ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਹੱਥੀਂ ਜਿਸ ਜਗ੍ਹਾ ’ਤੇ ਸਸਕਾਰ ਕੀਤਾ ਗਿਆ ਉੱਥੇ ਇਹ ਗੁਰਦੁਆਰਾ ਸੁਸ਼ੋਭਤ ਹੈ। ਇਸ ਅਸਥਾਨ ’ਤੇ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ ਚਾਲੀ ਮੁਕਤਿਆਂ ਦੀ ਯਾਦ ਵਿਚ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰਕੇ ਭੋਗ ਪਾਏ ਜਾਂਦੇ ਹਨ। ਵਰਣਨਯੋਗ ਹੈ ਕਿ ਖਿਦਰਾਣੇ ਦੀ ਢਾਬ ’ਤੇ ਇਸ ਜਗ੍ਹਾ ਗਰਮੀ ਦੇ ਮੌਸਮ ਵਿਚ ਜੰਗ ਲੜੀ ਗਈ ਸੀ, ਪਰ ਇਸ ਨਾਲ ਸਬੰਧਿਤ ਉਤਸਵ ਮਾਘੀ ਮਹੀਨੇ ਮਨਾਇਆ ਜਾਂਦਾ ਹੈ। ਕਿਉਂਕਿ ਪੁਰਾਣੇ ਸਮਿਆਂ ਵਿਚ ਪਾਣੀ ਦੀ ਘਾਟ ਅਤੇ ਰੇਤਲਾ ਇਲਾਕਾ ਹੋਣ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ:
ਇਸ ਅਸਥਾਨ ’ਤੇ ਗੁਰੂ ਜੀ ਨੇ ਬੇਦਾਵਾ ਪਾੜਿਆ ਅਤੇ ਆਪਣੇ ਤੋਂ ਬੇਮੁਖ ਹੋਏ ਸਿੰਘਾਂ ਨੂੰ ਆਪਣੇ ਲੜ ਲਾਇਆ। ਇਸ ਪੁਰਾਤਨ ਗੁਰਦੁਆਰੇ ਦਾ ਕਾਫ਼ੀ ਹਿੱਸਾ 1984 ਦੇ ਮੰਦਭਾਗੇ ਸਮੇਂ ਨੁਕਸਾਨਿਆ ਗਿਆ ਸੀ ਜਿਸ ਕਰਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਗਈ। ਗੁਰਦੁਆਰੇ ਦੇ ਬਿਲਕੁਲ ਸਾਹਮਣੇ ਵਿਸ਼ਾਲ ਸਰੋਵਰ ਹੈ। ਸਰਵੋਰ ਦੇ ਚਾਰੇ ਪਾਸੇ ਪਰਿਕਰਮਾ ਵਿਚ ਸ਼ਾਨਦਾਰ ਵਰਾਂਡਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸਰਾਂ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਦੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ।
ਗੁਰਦੁਆਰਾ ਮਾਈ ਭਾਗੋ:
ਸਿੱਖ ਇਤਿਹਾਸ ਵਿਚ ਮਾਈ ਭਾਗੋ ਨੂੰ ਬਹੁਤ ਹੀ ਸਨਮਾਨ ਯੋਗ ਸਥਾਨ ਹਾਸਲ ਹੈ। ਉਨ੍ਹਾਂ ਦਾ ਜ਼ਿਕਰ ਸਿੱਖ ਪੰਥ ਦੀਆਂ ਸਿਰਮੌਰ ਇਸਤਰੀ ਸ਼ਖ਼ਸੀਅਤਾਂ ਵਿਚ ਸ਼ੁਮਾਰ ਹੁੰਦਾ ਹੈ। ਮਾਈ ਭਾਗੋ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਹੀ ਸਾਥ ਛੱਡ ਗਏ ਸਿੰਘਾਂ ਨੇ ਇਸ ਅਸਥਾਨ ’ਤੇ ਯੁੱਧ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਮਾਈ ਭਾਗੋ ਦੀ ਯਾਦ ਵਿੱਚ ਗੁਰਦੁਆਰਾ ਤੰਬੂ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਤਾਮੀਰ ਕੀਤਾ ਗਿਆ।
ਗੁਰਦੁਆਰਾ ਟਿੱਬੀ ਸਾਹਿਬ:
ਜੰਗੀ ਨੁਕਤਾ-ਏ-ਨਜ਼ਰ ਦੇ ਮੱਦੇਨਜ਼ਰ ਗੁਰੂ ਸਾਹਿਬ ਨੇ ਇਕ ਉੱਚੀ ਟਿੱਬੀ ’ਤੇ ਮੋਰਚਾ ਲਾਇਆ ਹੋਇਆ ਸੀ ਜਿੱਥੋਂ ਉਹ ਫ਼ੌਜ ਦੀ ਕਮਾਨ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਦੀਆਂ ਭਾਜੜਾਂ ਵੀ ਪਾ ਰਹੇ ਸਨ। ਇਹ ਗੁਰਦੁਆਰਾ ਸ਼ਹਿਰ ਦੀ ਪੱਛਮੀ ਬਾਹੀ ’ਤੇ ਸਥਿਤ ਹੈ।
ਗੁਰਦੁਆਰਾ ਦਾਤਣਸਰ:
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ਸਿੱਖੀ ਅਸੂਲਾਂ ਵਿਚ ਸਰੀਰ ਦੀ ਨਿਯਮਬੱਧ ਸਫ਼ਾਈ ਰੱਖਣਾ ਵੀ ਸ਼ਾਮਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ਵਿਚ ਵੀ ਆਪਣਾ ਨਿਤਨੇਮ ਨਹੀਂ ਛੱਡਿਆ। ਖਿਦਰਾਣੇ ਦੀ ਜੰਗ ਦੌਰਾਨ ਆਪਣੇ ਨਿਤਨੇਮ ਅਨੁਸਾਰ ਗੁਰੂ ਜੀ ਸਵੇਰੇ ਸੁਵਖਤੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਅਸਥਾਨ ’ਤੇ ਗੁਰਦੁਆਰਾ ਦਾਤਣਸਰ ਸਥਾਪਤ ਹੈ।
ਗੁਰਦੁਆਰਾ ਰਕਾਬਸਰ ਸਾਹਿਬ:
ਜੰਗ ਦੌਰਾਨ ਗੁਰੂ ਜੀ ਦੇ ਘੋੜੇ ਦੀ ਇਕ ਰਕਾਬ ਟੁੱਟ ਗਈ ਜਿਸ ਨੂੰ ਇਸ ਅਸਥਾਨ ’ਤੇ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਗੁਰਦੁਆਰੇ ਵਿਖੇ ਸਰੋਵਰ ਵੀ ਸਥਿਤ ਹੈ।
ਪਿੱਠ ਪਿੱੱਛੋਂ ਵਾਰ ਕਰਨ ਵਾਲੇ ਮੁਗ਼ਲ ਦੀ ਕਬਰ:
ਜੰਗ ਦੌਰਾਨ ਜਦੋਂ ਗੁਰੂ ਜੀ ਇੱਕ ਦਿਨ ਆਪਣੇ ਨਿੱਤ ਨੇਮ ਮੁਤਾਬਿਕ ਦਾਤਣ ਕਰ ਰਹੇ ਸਨ ਤਾਂ ਸੂਬਾ ਸਰਹਿੰਦ ਦਾ ਇੱਕ ਮੁਗ਼ਲ ਸਿਪਾਹੀ ਦਸਮ ਗੁਰੂ ਨੂੰ ਕਤਲ ਕਰਨ ਦੀ ਨੀਅਤ ਨਾਲ ਆਇਆ ਤੇ ਜੰਗੀ ਨਿਯਮਾਂ ਦੇ ਉਲਟ ਪਿੱਠ ਪਿੱਛੋਂ ਵਾਰ ਕੀਤਾ। ਪਰ ਹਰ ਸਮੇਂ ਤਿਆਰ ਰਹਿਣ ਵਾਲੇ ਗੁਰੂ ਸਾਹਿਬ ਨੇ ਆਪਣੇ ਹੱਥ ਵਿਚਲੇ ਸਰਬਲੋਹ ਦੇ ਗੜਵੇ ਦੇ ਇਕ ਵਾਰ ਨਾਲ ਹੀ ਉਸ ਨੂੰ ਚਿੱਤ ਕਰ ਦਿੱਤਾ। ਇਸ ਅਸਥਾਨ ’ਤੇ ਉਸ ਕਾਫ਼ਰ ਮੁਸਲਮਾਨ ਦੀ ਕਬਰ ਬਣੀ ਹੋਈ ਹੈ ਜਿੱਥੇ ਗੁਰੂ ਦਾ ਹਰ ਸਿੱਖ ਕਬਰ ’ਤੇ ਜੁੱਤੀਆਂ ਮਾਰਦਾ ਹੈ।
ਬਘੇਲ ਸਿੰਘ ਧਾਲੀਵਾਲ
Comments (0)