ਸਾਂਝੀਵਾਲਤਾ ਤੇ ਸਮਾਂਵੇਸ਼ ਦਾ ਸੂਚਕ 'ਗੁਰੂ ਨਾਨਕ ਜਹਾਜ'

ਸਿੱਖ ਇਤਿਹਾਸ 'ਤੇ ਬੇਸ਼ਕ ਹੁਣ ਤੱਕ ਕਈ ਫ਼ਿਲਮਾਂ ਬਣੀਆਂ ਨੇ...
..ਪਰ ਅਸਲ ਸਿੱਖ ਇਤਿਹਾਸ ਨੂੰ ਅੱਖੋਂ ਉਹਲੇ ਰੱਖ ਕੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਬਹੁਤ ਸਾਰੀਆਂ ਘਟਨਾਵਾਂ ਵਿਚ ਰਲੇਵਾਂ ਕਰ ਦਿਤਾ ਜਾਂਦਾ ਹੈ ਤਾਂ ਜੋ ਫ਼ਿਲਮੀ ਖੇਤਰ ਵਿੱਚ ਕਮਾਈ ਚੰਗੀ ਹੋ ਸਕੇ। ਅਜਿਹੀ ਸਥਿਤੀ ਨੇ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੀ ਬਜਾਏ ਸਮੱਸਿਆਵਾਂ ਵਿੱਚ ਪਾ ਦਿੱਤਾ ਹੈ। ਪਰ ਇਹਨਾਂ ਹਾਲਾਤਾਂ ਵਿੱਚ ਵੀ ਪੰਜਾਬੀ ਵਿਰਾਸਤ ਤੇ ਸਿੱਖ ਇਤਿਹਾਸ ਨੂੰ ਹੂਬਹੂ ਪੇਸ਼ ਕਰਨ ਲਈ ਤਰਸੇਮ ਸਿੰਘ ਜੱਸੜ ਵਰਗੇ ਕਲਾਕਾਰ ਪੰਜਾਬੀ ਵਿਰਾਸਤ ਪ੍ਰਤੀ ਸੁਹਿਰਦ ਹਨ। ਤਰਸੇਮ ਸਿੰਘ ਜੱਸੜ ਨੇ ਆਪਣੀ ਬਣ ਰਹੀ ਫਿਲਮ 'ਕਾਮਾ ਗਾਟਾ ਮਾਰੂ ਜਹਾਜ਼' ਦਾ ਨਾਮ ਬਦਲ ਕੇ " ਗੁਰੂ ਨਾਨਕ ਜਹਾਜ " ਰੱਖਣ ਦਾ ਐਲਾਨ ਕਰ ਦਿੱਤਾ ਹੈ।
ਤਰਸੇਮ ਸਿੰਘ ਜੱਸੜ ਦੇ ਇਸ ਕਾਰਜ ਉੱਤੇ ਉੱਘੇ ਵਿਦਵਾਨ ਡਾਕਟਰ ਸਰਬਜਿੰਦਰ ਸਿੰਘ ਜੀ ਨੇ ਆਪਣੀ ਕਲਮ ਰਾਹੀਂ ਜੋ ਬਿਆਨ ਕੀਤਾ ਹੈ ਉਹਨਾਂ ਸ਼ਬਦਾਂ ਨੇ ਨਾ ਕੇਵਲ ਜੱਸੜ ਦੀ ਤਾਰੀਫ ਹੀ ਕੀਤੀ ਸਗੋਂ ਸਿੱਖ ਵਿਰਾਸਤ ਨੂੰ ਰੂਪਮਾਨ ਵੀ ਕੀਤਾ, ਉਹਨਾਂ ਲਿਖਿਆ ਕਿ ਤਰਸੇਮ ਸਿੰਘ ਜੱਸੜ ਨੇ ਫ਼ਿਲਮ ਦਾ ਨਾਮ ਬਦਲ ਕੇ ਆਪਣੀ ਵਿਰਾਸਤ ਦੇ ਫਖਰ ਨੂੰ ਰੂਪਮਾਨ ਕਰ ਲਿਆ ਹੈ ਬਲਕਿ ਆਪਣੀ ਵਿਰਾਸਤ ਦੀਆਂ ਪੈੜਾਂ ਵਿੱਚ ਪੈੜ ਪਾ ਤੁਰਨ ਵਲ ਇਸ਼ਾਰਾ ਕਰ ਇਹ ਦਸ ਦਿਤਾ ਹੈ ਕਿ ਮੈਂ ਆਨੰਦਪੁਰੀ ਵਿਰਾਸਤ ਵਲ ਪਿੱਠ ਕਰ ਆਪਣਾ ਨਾਮ ਬੇਦਾਵੀਆਂ ਵਿੱਚ ਭਲਾ ਲਿਖਾ ਵੀ ਕਿਵੇੰ ਸਕਦਾ ਹਾਂ । ਮੈੰ ' ਨੀਲੇ ਦੇ ਸ਼ਾਹ ਅਸਵਾਰ ਦਾ ਸਿੱਖ ਸੀ , ਸਿੱਖ ਹਾਂ ਤੇ ਸਿੱਖ ਹੀ ਰਹਾਂਗਾ , ਤਰਸੇਮ ਸਿੰਘ ਜੱਸੜ ਨੇ ਇਹ ਕਰ ਕੇਵਲ ਇਕ ਨਿਵੇਕਲਾ ਇਤਿਹਾਸ ਹੀ ਨਹੀਂ ਸਿਰਜਿਆ ਸਗੋਂ ਉਹ ਆਉਣ ਵਾਲੇ ਸਮਿਆਂ ਚ ' ਗ੍ਰੰਥ ਅਤੇ ਪੰਥ ' ਦੀਆਂ ਰਹਿਮਤਾਂ ਮਿਹਰਾਂ ਤੇ ਬਖਸਿਸ਼ਾਂ ਦਾ ਪਾਤਰ ਬਣੇਗਾ , ਇਹ ਮੇਰਾ ਪੂਰਨ ਭਰੋਸਾ ਹੈ ।
'ਕਾਮਾ ਗਾਟਾ ਮਾਰੂ ' ਤੋਂ ਗੁਰੂ ਨਾਨਕ ਜਹਾਜ ਬਣਨ ਤਕ ਇਹ ਭਾਫ ਵਾਲਾ ਸਟੀਮਰ ਤਿੰਨ ਵਾਰ ਲੀਜ ਉਤੇ ਲਿਆ ਗਿਆ ਤੇ ਹਰ ਵਾਰ ਇਸਨੂੰ ਨਵਾਂ ਨਾਮ ਦਿਤਾ ਗਿਆ ਪਰ ਤਿੰਨੇ ਵਾਰ ਉਸਦਾ ਉਹੀ ਨਾਮ ਅਜ ਤਕ ਪ੍ਰਚਲਿਤ ਰਿਹਾ ਜੋ ਲੀਜ ਤੇ ਲੈਣ ਵਾਲਿਆ ਨੇ ਰੱਖਿਆ ਸੀ ਪਰ ' ਗੁਰੂ ਨਾਨਕ ਜਹਾਜ ' ਨਾਮ ਰੱਖੇ ਜਾਣ ਦੇ ਬਾਵਜੂਦ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਨਾਨਕ ਜਹਾਜ ਲਗਭਗ ਮਨਫੀ ਹੀ ਵੇਖਿਆ ਜਾਂਦਾ ਰਿਹਾ ਤੇ ਹੌਲੀ ਹੌਲੀ ਸਾਡੇ ਮੱਥਿਆਂ ਵਿੱਚ ਵੀ ' ਕਾਮਾ ਗਾਟਾ ਮਾਰੂ ਜਹਾਜ ਹੀ ' ਖੁਣ ਦਿਤਾ ਕਿ ਅਸੀਂ ਖੁਦ ਸਰਦਾਰ ਗੁਰਦਿੱਤ ਸਿੰਘ ਹੋਰਾਂ ਵਲੋਂ ਦਿਤੇ ਨਾਮ ਵਲ ਪਿੱਠ ਕਰ ਲਈ ਤੇ ਹਰ ਸੈਮੀਨਾਰ, ਕਾਨਫਰੰਸ, ਮਜਲਿਸ, ਸਕੂਲ, ਕਾਲਜ , ਯੂਨੀਵਰਸਿਟੀ, ਗੁਰਦੁਆਰੇ, ਧਾਰਮਿਕ ਸਮਾਗਮ ਚ ਬਸ ਕਾਮਾਗਾਟਾ ਮਾਰੂ ਕਾਮਾਗਾਟਾ ਮਾਰੂ ਈ ਹੋਈ ਗਈ।
ਇਸ ਵੱਡੀ ਇਤਿਹਾਸਕ ਕੁਤਾਹੀ ਨੂੰ ਰੋਕਣ ਦਾ ਯਤਨ ਤੇ ਹੋਣਾ ਈ ਤੇ ਕੀ ਸੀ ਕਿਸੇ ਨੇ ਸੋਚਣ ਦਾ ਯਤਨ ਵੀ ਨ ਕੀਤਾ । ਜੇ ਇਸ ਇਤਿਹਾਸਕ ਬਲੰਡਰ ਵਿਰੁੱਧ ਗਵਾਹ ਵਜੋਂ ਕੋਈ ਹਸਤਾਖਰ ਬਣੇ ਤਾਂ ਉਹ ਸਨ ' ਕਨੇਡੀਅਨ ਵਣਜਾਰੇ ' ਜਿੰਨਾਂ ਨੇ ਇਹ ਪੁਨਰ ਸਥਾਪਤ ਕਰ ਦਿਤਾ ਕਿ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਾਲੀ ਵਿਰਾਸਤ ਦੇ ਸਦੀਵੀ ਪ੍ਰਸੰਗ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਅੰਸ-ਵੰਸ਼ ਭਲਾ ਅੱਖੋਂ ਓਹਲੇ ਕਰ ਵੀ ਕਿਵੇੰ ਸਕਦੀ ਹੈ, ਮੁੱਠੀ-ਭਰ ਬੰਦੇ ਵੀ ਲਾਮਬੰਦੀ ਕਰ ਸਕਦੇ ਹਨ ਤੇ ਜਿੱਤ ਵੀ ਸਕਦੇ ਹਨ ਤੇ ਮੇਰਾ ਇਹ ਪੱਕਾ ਯਕੀਨ ਹੈ ਕਿ ਜਦ ਤਕ ਚਮਕੌਰ ਦੀ ਗੜੀ ਦਾ ਨਿਰਛੱਲ ਹੋ ਪੰਥ ਅਜੱਪਾ-ਜਾਪ ਕਰੇਗਾ ਜਿੱਤ ਉਸਦਾ ਮਸਤਕ ਚੁੰਮੇਗੀ ਖੁਦ ' ਕੋਟ ਪੈਂਡਾ ਆਗੇ ਹੋਏ ' ।
ਇੰਨਾਂ ਵਣਜਾਰਿਆਂ ਦਾ ਸੂਤਰਧਾਰ ਰਾਜ ਸਿੰਘ ਨਾਮ ਦਾ ਗੁਰੂ ਦਾ ਸੱਚਾ ਸੁੱਚਾ ਇਕ ਸਿੱਖ ਹੈ ਜਿਸਦੇ ਮੋਢੇ ਨਾਲ ਮੋਢਾ ਜੋੜ ਤਜਿੰਦਰਪਾਲ ਸਿੰਘ, ਸਨੀ ਸਿੰਘ ਖਰੌੜ , ਜੱਸੀ ਸਿੰਘ ਧੰਜੂ , ਡਾ ਜਸਜੋਤ ਸਿੰਘ , ਭਾਅ ਜੀ ਬੌਬੀ ਬੇਦੀ , ਹਰਪ੍ਰੀਤ ਸਿੰਘ ਬਿਨਿੰਗ ਖੜੇ ਮਿਲਦੇ ਹਨ ।ਇਸ ਟੀਮ ਦੀ ਇਕਸੁਰਤਾ ਤੇ ਇਕਸਾਰਤਾ ਤੋਂ ਵਾਰੇ ਵਾਰੇ ਜਾਣ ਨੂੰ ਦਿਲ ਕਿਉੰ ਨ ਕਰੇ ਭਲਾ , ਕਿਉੰਕਿ ਜਿਸ ਵੀ ਕੰਮ ਨੂੰ ਇਹ ਵਣਜਾਰੇ ਹਥ ਪਾਉਂਦੇ ਹਨ ਇੰਨਾਂ ਦੀ ਨਿਮਰਤਾ ਤੇ ਨਿਰਮਲਤਾ , ਇੰਨਾਂ ਦਾ ਸਹਿਜ ਤੇ ਸਬੂਰੀ , ਇੰਨਾਂ ਦਾ ਸਿਦਕ ਤੇ ਜਿੰਦਾ-ਦਿਲੀ ਤੇ ਗੁਰੂ ਨਾਨਕ ਘਰ ਚ ਅਤੁੱਟ ਵਿਸ਼ਵਾਸ ਇੰਨਾਂ ਨੂੰ ਸਫਲਤਾ ਬਖਸ਼ਦਾ ਹੈ।
ਇੰਨਾਂ ਸਫਲਤਾਵਾਂ ਦੀ ਇਕ ਲੰਮੀ ਫਹਰਿਸਤ ਹੈ ਜਿਸ ਦਾ ਜਿਕਰ ਮੇਰੇ ਦੁਆਰਾ ਜਰੂਰ ਆਉਣ ਵਾਲੇ ਸਮਿਆਂ ਚ ਕੀਤਾ ਜਾਵੇਗਾ । ਜੱਸੜ ਸਾਹਿਬ ਤੇ ਉਨਾਂ ਦੀ ਟੀਮ ਨਾਲ ਵਣਜਾਰੇ ਜਿਵੇਂ ਲਗਾਤਾਰ ਜੁੜੇ ਰਹੇ ਤੇ ਸਮੇਂ ਸਮੇਂ ਇਤਿਹਾਸ ਵਿੱਚ ਆਪਣੇ ਤੇ ਬੇਗਾਨਿਆਂ ਵੱਲੋਂ ਜਾਣੇ ਅਣਜਾਣੇ ਜਾਂ ਜਾਣਬੁੱਝ ਕੇ ਵਿਗਾੜ ਪਾਏ ਜਾਣ ਦੇ ਪ੍ਰਸੰਗ ਨਾਲ ਉਨਾਂ ਨੂੰ ਵਾਬਸਤਾ ਕਰਾਉੰਦੇ ਰਹੇ ਤੇ ਉਸ ਤੋਂ ਨਿਕਲਣ ਵਾਲੇ ਮਾਰੂ ਨਤੀਜਿਆ ਤੋਂ ਚੇਤੰਨ ਵੀ ਕਰਵਾਉਂਦੇ ਰਹੇ । ਓਸੇ ਸਫਲਤਾ ਨੂੰ ਬੂਰ ਪਿਆ ਤੇ ਅਜ ਜਦ ' ਗੁਰੂ ਨਾਨਕ ਜਹਾਜ ' ਦਾ ਪੈਂਫਲਿਟ ਰਿਲੀਜ ਹੋਇਆ ਤਾਂ ਵਣਜਾਰਿਆਂ ਦਾ ਬਾਗੋ-ਬਾਗ ਹੋਣਾ ਯਕੀਨੀ ਸੀ ।
ਸਰਦਾਰ ਜਸੜ ਦਾ ਧੰਨਵਾਦ ਕਰਦਾ ਹਾਂ ਤੇ ਵਣਜਾਰਿਆਂ ਖਾਸ ਕਰ ਰਾਜ ਸਿੰਘ ਹੋਰਾਂ ਨੂੰ ਵਧਾਈ ਦਿੰਦਾ ਹਾਂ । ਗੁਰੂ ਮਹਾਰਾਜ ਇੰਨਾਂ ਨੂੰ ਹੋਰ ਸਮਰੱਥਾ ਬਖਸ਼ਣ ਤੇ ਇਹ ਸਿੱਖ ਵਿਰਾਸਤ ਦੇ ਫਖਰ ਦੀ ਵਿਲੱਖਣਤਾ ਲਈ ਦਿਲ ਜਾਨ ਨਾਲ ਕਾਰਜ ਕਰਦੇ ਰਹਿਣ ।
ਵਣਜਾਰਾ (ਵੰਜਾਰਾ) ਖਾਨਾਬਦੋਸ਼, ਜੋ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ, ਉਹਨਾਂ ਨੇ ਵੀ "ਗੁਰੂ ਨਾਨਕ ਜਹਾਜ਼" ਸਿਰਲੇਖ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, ਇਹ ਸਿਰਲੇਖ ਸਾਡੇ ਪੰਥ ਲਈ ਡੂੰਘੀ ਮਹੱਤਤਾ ਰੱਖਦਾ ਹੈ ਤੇ ਸਿੱਖ ਅਗਵਾਈ ਵਾਲੀ ਪਹਿਲਕਦਮੀ ਨੂੰ ਦਰਸਾਉਂਦਾ ਹੈ ਜਿਸ ਨੇ ਜਹਾਜ਼ ਵਿਚ ਸਵਾਰ ਹਿੰਦੂ ਪੰਜਾਬੀਆਂ ਅਤੇ ਮੁਸਲਮਾਨ ਪੰਜਾਬੀਆਂ ਦਾ ਸੁਆਗਤ ਕੀਤਾ। ਜਹਾਜ਼ ਦੇ ਅਸਲੀ ਨਾਮ, "ਗੁਰੂ ਨਾਨਕ ਜਹਾਜ਼" ਨੂੰ ਸਵੀਕਾਰ ਕਰਦੇ ਹੋਏ, ਗੁਰੂ ਸਾਹਿਬਾਨ ਦੇ ਸਦੀਵੀ ਮੁੱਲਾਂ - ਨਿਆਂ, ਏਕਤਾ ਅਤੇ ਸਮਾਵੇਸ਼ ਨੂੰ ਦਰਸਾਉਂਦਾ ਹੈ।
ਇਸ ਸਿਰਲੇਖ ਨੂੰ ਅਪਣਾ ਕੇ, ਨਾ ਸਿਰਫ਼ ਸਿੱਖ ਲੀਡਰਸ਼ਿਪ ਦਾ ਸਨਮਾਨ ਕੀਤਾ ਸਗੋਂ ਆਪਸ ਵਿੱਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਦਾ ਵੀ ਸਨਮਾਨ ਕੀਤਾ ਹੈ।
ਇਸ ਅਰਥਪੂਰਨ ਸਿਰਲੇਖ ਨੂੰ ਅਪਣਾਉਣ ਦਾ ਫੈਸਲਾ ਸਿੱਖ ਪੰਜਾਬੀਆਂ ਦੀ ਵਿਰਾਸਤ ਪ੍ਰਤੀ ਡੂੰਘੇ ਸਤਿਕਾਰ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਜਹਾਜ਼ ਵਿੱਚ ਸਵਾਰ ਹੋ ਕੇ ਲਚਕੀਲਾਪਣ, ਹਿੰਮਤ ਅਤੇ ਸਮਾਵੇਸ਼ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਇੱਕਜੁੱਟ ਕੀਤਾ ਗਿਆ। ਗੁਰੂ ਸਾਹਿਬਾਨਾਂ ਦੀ ਸਮਾਵੇਸ਼ੀ ਭਾਵਨਾ ਨੂੰ ਸੁਰੱਖਿਅਤ ਰੱਖਣ ਲਈ ਇਹ ਪ੍ਰੋਜੈਕਟ ਪੀੜ੍ਹੀਆਂ ਨੂੰ ਨਿਆਂ, ਏਕਤਾ ਅਤੇ ਚੜ੍ਹਦੀ ਕਲਾ ਦੇ ਸਥਾਈ ਮੁੱਲਾਂ ਨਾਲ ਪ੍ਰੇਰਿਤ ਕਰੇਗਾ। ਤਰਸੇਮ ਜੱਸੜ ਦੀ ਇਸ ਪਹਿਲ ਨੇ ਫਿਲਮੀ ਜਗਤ ਵਿੱਚ ਇੱਕ ਸੱਚਾਈ ਦਾ ਰਾਹ ਖੋਲਿਆ ਹੈ ਉਮੀਦ ਹੈ ਕਿ ਆਉਣ ਵਾਲੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਫਿਲਮਾਂ ਵਿਚ ਰਲੇਵਾਂ ਜਾਂ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ ਜਾਵੇਗਾ, ਤੇ ਫਿਲਮਾਂ ਦੇ ਸਿਰਲੇਖ ਵੀ ਸੱਚ ਨੂੰ ਦਰਸਾਉਂਦੇ ਹੋਏ ਰੱਖੇ ਜਾਣਗੇ।
ਡਾ. ਸਰਬਜੀਤ ਕੌਰ
Comments (0)