ਮਹਿੰਗਾਈ ’ਚ ਵਾਧੇ ਨੂੰ ਰੋਕਣ ਲਈ ਉਪਰਾਲੇ ਕਰੇ ਸਰਕਾਰ

ਮਹਿੰਗਾਈ ’ਚ ਵਾਧੇ ਨੂੰ ਰੋਕਣ ਲਈ ਉਪਰਾਲੇ ਕਰੇ ਸਰਕਾਰ

ਅੱਜ ਦੇ ਸਮੇਂ ਵਿੱਚ ਵਿਗਿਆਨ ਦੀ ਮਦਦ ਨਾਲ ਮਨੁੱਖ ਨੇ ਸ਼ਲਾਘਾਯੋਗ ਤਰੱਕੀ ਕੀਤੀ ਹੈ। ਸਾਡੀ ਸਹੂਲਤ ਲਈ ਬਹੁਤ ਸਾਰੀਆਂ ਕਾਢਾਂ ਕੀਤੀਆਂ ਗਈਆਂ ਹਨ, ਜੋ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾਉਂਦੀਆਂ ਹਨ।

ਤੁਹਾਡੀ ਰੋਜ਼ੀ-ਰੋਟੀ ਚਲਾਉਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਪਰ ਅੱਜ-ਕੱਲ੍ਹ ਵਧਦੀ ਆਬਾਦੀ ਕਾਰਨ ਇਹ ਸਹੂਲਤਾਂ ਸਾਰੇ ਲੋਕਾਂ ਨੂੰ ਨਹੀਂ ਮਿਲ ਰਹੀਆਂ।ਇਸ ਸਮੇਂ ਭਾਰਤ ਸਮੇਤ ਵੱਡੀ ਗਿਣਤੀ ਦੇਸ਼ਾਂ ਦੇ  ਲੋਕ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਸਮੇਂ ਦੇ ਨਾਲ ਕਿਸੇ ਵੀ ਦੇਸ਼ ਦੀ ਆਰਥਿਕਤਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਆਮ ਵਾਧੇ ਨੂੰ ਮਹਿੰਗਾਈ ਕਿਹਾ ਜਾਂਦਾ ਹੈ।ਦੂਜੇ ਸ਼ਬਦਾਂ ਵਿੱਚ, ਜਦੋਂ ਮੰਗ ਅਤੇ ਸਪਲਾਈ ਵਿੱਚ ਅਸੰਤੁਲਨ ਕਾਰਨ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਇਸ ਨੂੰ ਮਹਿੰਗਾਈ ਕਿਹਾ ਜਾਂਦਾ ਹੈ।ਮਹਿੰਗਾਈ ਕਾਰਨ ਕਿਸੇ ਵੀ ਦੇਸ਼ ਦੀ ਕਰੰਸੀ ਦੀ ਖਰੀਦ ਸ਼ਕਤੀ ਵਿੱਚ ਭਾਰੀ ਗਿਰਾਵਟ ਆਉਂਦੀ ਹੈ।ਮਹਿੰਗਾਈ ਸਿਰਫ਼ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਇੱਕ ਵਿਸ਼ਵ-ਵਿਆਪੀ ਸਮੱਸਿਆ ਬਣਦੀ ਜਾ ਰਹੀ ਹੈ। ਦੁਨੀਆਂ ਵਿੱਚ ਨਿੱਤ ਨਵੀਆਂ ਕਾਢਾਂ ਕੱਢੀਆਂ ਜਾਂਦੀਆਂ ਹਨ, ਪਰ ਕੋਈ ਅਜਿਹੀ ਕਾਢ ਨਹੀਂ ਕੱਢੀ ਗਈ ਜੋ ਮਹਿੰਗਾਈ ਕਾਰਨ ਪੈਦਾ ਹੋਈ ਗਰੀਬੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕੇ।ਬਾਜ਼ਾਰਾਂ ਵਿੱਚ ਚੀਜ਼ਾਂ ਦਿਨੋਂ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਗਰੀਬ ਵਿਅਕਤੀ ਲਈ ਆਮ ਵਸਤੂਆਂ ਦੀ ਖਰੀਦਦਾਰੀ ਵੀ ਬਹੁਤ ਮਹਿੰਗੀ ਹੋ ਗਈ ਹੈ।ਆਮ ਲੋਕਾਂ ਦੀ ਆਮਦਨੀ ਦਿਨੋਂ ਦਿਨ ਘਟਦੀ ਜਾ ਰਹੀ ਹੈ, ਜਾਂ ਪਹਿਲਾਂ ਜਿੰਨੀ ਹੀ ਹੈ, ਪਰ ਮਹਿੰਗਾਈ ਵਿੱਚ ਵਾਧੇ ਕਾਰਨ ਖਰਚੇ ਦਿਨੋਂ ਦਿਨ ਵੱਧ ਰਹੇ ਹਨ। ਜਿਸ ਕਰਕੇ ਆਮ ਲੋਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਲੋੜੀਂਦੀਆਂ ਚੀਜ਼ਾਂ ਖਰੀਦਣ ਵਿੱਚ ਵੀ ਸਮੱਸਿਆ ਆ ਰਹੀ ਹੈ। ਪੈਸੇ ਦੀ ਕਮੀ ਅਤੇ ਮਹਿੰਗਾਈ ਕਾਰਨ ਅਨੇਕਾਂ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। 


ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਭਾਰਤ ਸਮੇਤ ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਵਿੱਚ ਭਾਰੀ ਮਹਿੰਗਾਈ ਦੇਖਣ ਨੂੰ ਮਿਲਦੀ ਹੈ।ਸਰਕਾਰੀ ਅੰਕੜਿਆਂ ਅਨੁਸਾਰ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਹਰ ਸਾਲ ਵਧ ਰਹੀ ਹੈ।ਮਹਿੰਗਾਈ ਕਾਰਨ ਦੇਸ਼ ਦੀ ਆਰਥਿਕਤਾ ਡੁੱਬ ਜਾਂਦੀ ਹੈ ਅਤੇ ਦੇਸ਼ ਦਾ ਵਿਕਾਸ ਰੁਕ ਜਾਂਦਾ ਹੈ।ਭਾਰਤ ਵਿੱਚ ਬੀਤਿਆ ਮਹੀਨਾ ਤਿਉਹਾਰਾਂ ਦਾ ਰਿਹਾ ਹੋਣ ਕਰਕੇ ਮਹਿੰਗਾਈ ਵਿੱਚ ਬਹੁਤ ਵਾਧਾ ਹੋਇਆ। ਹੁਣ ਭਾਰਤ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਮਹਿੰਗਾਈ ਵਿੱਚ ਹੋਰ ਵਾਧਾ ਹੋ ਰਿਹਾ ਹੈ। ਵਿਆਹਾਂ ’ਤੇ ਵੀ ਪਿਛਲੇ ਸਾਲਾਂ ਨਾਲੋਂ ਇਸ ਸਾਲ ਵਧੇਰੇ ਖਰਚਾ ਆ ਰਿਹਾ ਹੈ। ਤਿਉਹਾਰਾਂ ਅਤੇ ਵਿਆਹਾਂ ਮੌਕੇ ਆਮ ਲੋਕ ਖੁੱਲ੍ਹ ਕੇ ਖਰਚਾ ਕਰਦੇ ਹਨ ਭਾਵੇਂ ਕਿ ਇਸ ਲਈ ਉਹਨਾਂ ਨੂੰ ਕਰਜ਼ਾ ਹੀ ਕਿਉਂ ਨਾ ਲੈਣਾ ਪਵੇ। ਭਾਰਤ ਦੀ ਕੇਂਦਰ ਸਰਕਾਰ ਮਹਿੰਗਾਈ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਵਿੱਚ ਅਸਫਲ ਹੋ ਗਈ ਹੈ, ਜਿਸ ਕਰਕੇ ਮਹਿੰਗਾਈ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਮੋਦੀ ਸਰਕਾਰ ਦੇ ਸਮਰਥਕ ਕੁਝ ਲੋਕ ਦਾਅਵਾ ਕਰਦੇ ਹਨ ਕਿ ਮਹਿੰਗਾਈ ਤਾਂ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਵਧੀ ਹੈ ਪਰ ਭਾਰਤ ਦੀਆਂ ਵਿਰੋਧੀ ਪਾਰਟੀਆਂ ਸਿਰਫ਼ ਭਾਰਤ ਵਿੱਚ ਮਹਿੰਗਾਈ ਦੇ ਵਾਧੇ ਦਾ ਰੌਲਾ ਪਾ ਰਹੀਆਂ ਹਨ। ਅਜਿਹੇ ਸਮਰਥਕਾਂ ਨੂੰ ਜਵਾਬ ਦਿੱਤਾ ਜਾ ਸਕਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਜੇ ਮਹਿੰਗਾਈ ਵਧੀ ਹੈ ਤਾਂ ਉਥੇ ਕਮਾਈ ਵੀ ਤਾਂ ਡਾਲਰਾਂ ਵਿੱਚ ਹੁੰਦੀ ਹੈ। ਇਸ ਸਮੇਂ ਅਮਰੀਕਾ ਦੇ ਇੱਕ ਡਾਲਰ ਦੀ ਕੀਮਤ ਭਾਰਤ ਦੇ ਕਰੀਬ 84 ਰੁਪਇਆਂ ਦੇ ਬਰਾਬਰ ਹੈ। 
    ਇਸ ਸਮੇਂ ਆਮ ਆਦਮੀ, ਹਰ ਪਰਿਵਾਰ, ਹਰ ਘਰੇਲੂ ਔਰਤ ਅਤੇ ਘਰ ਤੋਂ ਬਾਹਰ ਕੰਮ ਕਰਨ ਵਾਲਾ ਹਰ ਵਿਅਕਤੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ।
ਜੇ ਤੁਸੀਂ ਘਰੋਂ ਬਾਹਰ ਜਾਓਗੇ ਤਾਂ ਟਰਾਂਸਪੋਰਟ ’ਤੇ ਕੁਝ ਪੈਸੇ ਖਰਚ ਹੋ ਜਾਣਗੇ, ਜੇ ਤੁਸੀਂ ਬਾਹਰ ਖਾਣਾ ਖਾਓਗੇ ਤਾਂ  ਬਿੱਲ ਵੀ ਮਹਿੰਗਾ ਹੋ ਜਾਵੇਗਾ। ਕੁੱਲ ਮਿਲਾ ਕੇ ਮਹਿੰਗਾਈ ਦਾ ਆਮ ਲੋਕਾਂ ਦੇ ਘਰੇਲੂ ਬਜਟ ’ਤੇ ਸਿੱਧਾ ਅਸਰ ਪੈਂਦਾ ਹੈ।  ਆਮਦਨ ’ਚ ਜੋ ਵਾਧਾ ਮਹਿੰਗਾਈ ਦੇ ਹਿਸਾਬ ਨਾਲ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਰਿਹਾ।
ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਕਈ ਕਾਰਨ ਹਨ, ਜਿਸ ਕਾਰਨ ਇਹ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੀ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਆਬਾਦੀ ਦਾ ਵਾਧਾ ਅਸਲ ਵਿੱਚ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ।ਵਧਦੀ ਆਬਾਦੀ ਕਾਰਨ ਦੇਸ਼ ਵਿੱਚ ਖਪਤਕਾਰਾਂ ਦੀ ਮਾਤਰਾ ਵਧ ਰਹੀ ਹੈ ਅਤੇ ਉਤਪਾਦਨ ਸੀਮਤ ਹੋ ਗਿਆ ਹੈ। ਜਿਸ ਕਾਰਨ ਗਰੀਬੀ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ।
ਬਹੁਤ ਜ਼ਿਆਦਾ ਮਹਿੰਗਾਈ ਆਰਥਿਕਤਾ ਲਈ ਬਹੁਤ ਨੁਕਸਾਨਦੇਹ ਹੈ।ਇਸ ਤੋਂ ਇਲਾਵਾ  ਕਈ ਵਾਰ ਵੱਡੇ ਕਾਰੋਬਾਰੀਆਂ ਅਤੇ ਹੋਰ ਲੋਕਾਂ ਵੱਲੋਂ ਸੈਂਕੜੇ ਚੀਜ਼ਾਂ ਦਾ ਭੰਡਾਰ ਕੀਤਾ ਜਾਂਦਾ ਹੈ। ਇਹ ਵਸਤੂਆਂ ਗੋਦਾਮ ਵਿੱਚ ਪਈਆਂ ਹੋਣ ਕਾਰਨ ਖ਼ਰਾਬ ਹੋ ਜਾਂਦੀਆਂ ਹਨ। ਲੋੜ ਪੈਣ ’ਤੇ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਜਾਂਦੀਆਂ ਹਨ।ਦੂਜੇ ਸ਼ਬਦਾਂ ਵਿੱਚ ਕੁਝ ਲਾਲਚੀ ਵਪਾਰੀ ਅਤੇ ਕੰਪਨੀਆਂ ਜ਼ਰੂਰੀ ਚੀਜ਼ਾਂ ਦੀ ਕਾਲਾ ਬਾਜ਼ਾਰੀ ਕਰਕੇ ਇਹਨਾਂ ਚੀਜ਼ਾਂ ਦੇ ਭਾਅ ਵਿੱਚ ਬਹੁਤ ਵਾਧਾ ਕਰ ਦਿੰਦੇ ਹਨ, ਜਿਸ ਕਾਰਨ ਮਹਿੰਗਾਈ ਵਿੱਚ ਵਾਧਾ ਹੋ ਜਾਂਦਾ ਹੈ। 
ਅੱਜ ਦੇ ਸਮੇਂ ਵਿੱਚ ਮਹਿੰਗਾਈ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਦੇਸ਼ ਦਾ ਹਰ ਨਾਗਰਿਕ ਮਹਿੰਗਾਈ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ।ਅਜਿਹੇ ਵਿੱਚ ਦੇਸ਼ ਦੀ ਸਰਕਾਰ ਨੂੰ ਮਹਿੰਗਾਈ ਨੂੰ ਰੋਕਣ ਲਈ ਜ਼ਰੂਰੀ ਉਪਰਾਲੇ ਕਰਨੇ ਚਾਹੀਦੇ ਹਨ।ਕੇਂਦਰ ਸਰਕਾਰ ਜਦੋਂ ਬਜਟ ਤਿਆਰ ਕਰਦੀ ਹੈ ਤਾਂ ਜ਼ਰੂਰੀ ਅਤੇ ਬੇਲੋੜੀਆਂ ਚੀਜ਼ਾਂ ’ਤੇ ਬਰਾਬਰ ਟੈਕਸ ਲਗਾ ਦਿੰਦੀ ਹੈ।ਸਰਕਾਰ ਨੂੰ ਆਪਣੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਚਾਹੀਦਾ ਹੈ ਅਤੇ ਸਿਰਫ਼ ਤੰਬਾਕੂ, ਸ਼ਰਾਬ, ਚਮੜੇ ਦੀਆਂ ਚੀਜ਼ਾਂ ਆਦਿ ਵਰਗੀਆਂ ਬੇਲੋੜੀਆਂ ਵਸਤਾਂ ’ਤੇ ਉੱਚੇ ਟੈਕਸ ਲਗਾਉਣੇ ਚਾਹੀਦੇ ਹਨ।
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਪਰ ਫਿਰ ਵੀ ਕਿਸਾਨਾਂ ਕੋਲ ਸਿੰਚਾਈ ਲਈ ਲੋੜੀਂਦੀਆਂ ਆਧੁਨਿਕ ਸਹੂਲਤਾਂ ਨਹੀਂ ਹਨ, ਜੋ ਕਿ ਸਾਡੇ ਲਈ ਅਫਸੋਸ ਦੀ ਗੱਲ ਹੈ।ਮਹਿੰਗਾਈ ’ਤੇ ਕਾਬੂ ਪਾਉਣ ਲਈ ਸਾਨੂੰ ਛੋਟੇ ਅਤੇ ਘਰੇਲੂ ਉਦਯੋਗਾਂ ਨੂੰ ਮੁੜ ਚਾਲੂ ਕਰਨ ਅਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਲੋੜ ਹੈ। ਸਰਕਾਰ ਨੂੰ ਕਾਲਾ ਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਸਖ਼ਤ ਨਿਯਮ-ਕਾਨੂੰਨ ਬਣਾਉਣੇ ਚਾਹੀਦੇ ਹਨ।

 

ਸੰਪਾਦਕੀ