ਭਾਜਪਾ ਦਿੱਲੀ ਕਮੇਟੀ ਮੈਂਬਰਾਂ ਨੂੰ ਟਿਕਟ ਦੇਕੇ ਆਪਣੀਆਂ ਵੋਟਾਂ ਕਰੇਗੀ ਖਰਾਬ: ਪੀਤਮਪੁਰਾ

ਭਾਜਪਾ ਦਿੱਲੀ ਕਮੇਟੀ ਮੈਂਬਰਾਂ ਨੂੰ ਟਿਕਟ ਦੇਕੇ ਆਪਣੀਆਂ ਵੋਟਾਂ ਕਰੇਗੀ ਖਰਾਬ: ਪੀਤਮਪੁਰਾ

ਮੌਜੂਦਾ ਕਮੇਟੀ ਦੀ ਸਰਪ੍ਰਸਤੀ ਹੇਠ ਸਕੂਲਾਂ ਦੀ ਜਗ੍ਹਾ ਕੁਰਕ ਹੋਣ ਦੀ ਤਿਆਰੀ ਵਿਚ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 2 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਜਿਹੜੇ ਲੋਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭ੍ਰਿਸ਼ਟਾਚਾਰ ਕਰਕੇ ਬਰਬਾਦ ਕਰ ਦਿੱਤਾ । ਜਿੰਨਾਂ ਲੋਕਾਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਕਰੋੜਾਂ ਦੇ ਘਾਟੇ ਵਿੱਚ ਲਿਆਂਦਾ ਹੈ ਤੇ ਜਿਹੜੇ ਲੋਕ ਆਪਣੀ ਲੁੱਟ ਖਸੁੱਟ ਦੀ ਬਿਰਤੀ ਕਾਰਨ ਸਿੱਖ ਮਨਾਂ ਵਿੱਚੋਂ ਪੂਰੀ ਤਰ੍ਹਾਂ ਉਤਰ ਚੁੱਕੇ ਹਨ। ਅਜਿਹੇ ਭੇਖੀ ਸਿੱਖਾਂ ਤੇ ਭ੍ਰਿਸ਼ਟ ਲੋਕਾਂ ਨੂੰ ਭਾਜਪਾ ਕਿਸ ਆਧਾਰ ਤੇ ਟਿਕਟ ਦੇਵੇਗੀ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਵਿਅੰਗ ਕਰਦਿਆਂ ਕੀਤਾ ।
ਪੀਤਮਪੁਰਾ ਨੇ ਕਿਹਾ ਕਿ ਕੌਮ ਦਾ ਸਰਮਾਇਆ ਖਰਾਬ ਕਰਣ ਦੇ ਨਾਲ ਦਿੱਲੀ ਅੰਦਰ ਸਿੱਖ ਸੰਸਥਾਵਾਂ ਨੂੰ ਬਰਬਾਦ ਕਰਕੇ ਰੱਖਣ ਵਾਲੇ ਲੋਕਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਹੋਇਆ ਹੈ । ਅਜਿਹੇ ਬਦਨਾਮ ਤੇ ਭ੍ਰਿਸ਼ਟ ਲੋਕਾਂ ਨੂੰ ਜੇਕਰ ਭਾਜਪਾ ਟਿਕਟ ਦਿੰਦੀ ਹੈ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਉਹ ਵੀ ਇਹਨਾਂ ਦੇ ਭ੍ਰਿਸ਼ਟ ਕਾਰਨਾਮਿਆਂ ਦੀ ਹਿਮਾਇਤ ਕਰਦੀ ਹੈ ਤਾਂ ਫੇਰ ਭਾਜਪਾ ਨੂੰ ਸਿੱਖਾਂ ਦੀਆਂ ਵੋਟਾਂ ਦੀ ਆਸ ਨਹੀ ਰੱਖਣੀ ਚਾਹੀਦੀ ।