ਕੀ ਵਿਰਾਸਤੀ ਖੂਹਾਂ ਰਾਹੀਂ ਪਾਣੀ ਬਚਾਇਆ ਜਾ ਸਕਦਾ ਹੈ?

ਕੀ ਵਿਰਾਸਤੀ ਖੂਹਾਂ ਰਾਹੀਂ ਪਾਣੀ ਬਚਾਇਆ ਜਾ ਸਕਦਾ ਹੈ?
ਕੈਪਸ਼ਨ : ਹੰਡਿਆਇ ਦੇ ਗੁਰਦੁਆਰਾ ਗੁਰੂਸਰ ਪੱਕਾ ਵਿਖੇ ਮੌਜੂਦ ਪੁਰਾਤਨ ਖੂਹ

ਪਾਣੀ ਪ੍ਰਕ੍ਰਿਤੀ ਅਤੇ ਮਨੁੱਖ ਦੀ ਮੁੱਢਲੀ ਲੋੜ ਹੈ। ਦੋਵਾਂ ਦੇ ਜੀਵਨ ਵਿਚ ਹੀ ਖੇੜਾ ਅਤੇ ਖ਼ੁਸ਼ਹਾਲੀ ਪਾਣੀ ਦੀ ਹੋਂਦ ਨਾਲ ਸੰਭਵ ਮੰਨਦੇ ਹੋਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ -

"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥

ਗੁਰੂ ਜੀ ਦੁਆਰਾ ਲਗਪਗ 500 ਸਾਲ ਪਹਿਲਾਂ ਉਚਾਰੇ ਗਏ ਇਹ ਬਚਨ ਪਾਣੀ ਬਚਾਉਣ ਵਾਲੀਆਂ ਲਗਪਗ ਸਮੂਹ ਸੰਸਥਾਵਾਂ ਵੱਲੋਂ ਨਿਰੰਤਰ ਵਰਤੇ ਜਾ ਰਹੇ ਹਨ ਤਾਂ ਕਿ ਆਮ ਲੋਕਾਂ ਦੇ ਮਨ ਵਿਚ ਪਾਣੀ ਬਚਾਉਣ ਪ੍ਰਤੀ ਸੰਵੇਦਨਾ ਪੈਦਾ ਕੀਤੀ ਜਾ ਸਕੇ। ਪੰਜ ਦਰਿਆਵਾਂ ਤੋਂ ਬਣੇ ਪੰਜਾਬ ਦੇ ਅੱਜ ਇਹ ਹਾਲਾਤ ਬਣੇ ਹੋਏ ਹਨ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਦੇ ਨਾਲ-ਨਾਲ ਸ਼ੁੱਧ ਪਾਣੀ ਦੀ ਹੋਂਦ ਨਿਰੰਤਰ ਮਨਫ਼ੀ ਹੁੰਦੀ ਜਾ ਰਹੀ ਹੈ। ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ ਜਿਸ ਤੋਂ ਬਗ਼ੈਰ ਉਸ ਦੀ ਹੋਂਦ ਸੰਭਵ ਨਹੀਂ ਮੰਨੀ ਜਾ ਸਕਦੀ। ਜਦੋਂ ਮਨੁੱਖ ਪਾਣੀ ਪੀਂਦਾ ਹੈ ਤਾਂ ਇਸ ਵਿਚਲੇ ਤੱਤ ਸਰੀਰ ਵਿਚ ਪ੍ਰਵੇਸ਼ ਕਰ ਜਾਂਦੇ ਹਨ ਜਿਹੜੇ ਉਸ ਦੇ ਜੀਵਨ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

 ਪੰਜਾਬ ਦੇ ਦਰਿਆਵਾਂ ਦੇ ਪਾਣੀ ਨਾਲ ਪਹਾੜਾਂ ਤੋਂ ਰੁੜ੍ਹ ਕੇ ਆਉਣ ਵਾਲੀ ਮਿੱਟੀ ਨੇ ਇਸ ਖਿੱਤੇ ਨੂੰ ਖ਼ੁਸ਼ਹਾਲੀ ਪ੍ਰਦਾਨ ਕੀਤੀ ਸੀ ਜਿਸ ਨੂੰ ਦੇਖ ਕੇ ਬਾਹਰੀ ਹਮਲਾਵਰਾਂ ਦੇ ਮਨ ਵਿਚ ਖੋਟ ਪੈਦਾ ਹੋ ਗਈ ਸੀ। ਉਹਨਾਂ ਦੇ ਨਿਰੰਤਰ ਹਮਲਿਆਂ ਨੇ ਇਸ ਖਿੱਤੇ ਨੂੰ ਲੁੱਟਣ ਅਤੇ ਉਜਾੜਨ ਵਿਚ ਕੋਈ ਕਸਰ ਨਹੀਂ ਛੱਡੀ। ਬਾਹਰੀ ਹਮਲਾਵਰਾਂ ਦੀ ਹਕੂਮਤ ਭਾਰਤ ਵਿਚ ਸਥਾਪਿਤ ਹੋਈ ਤਾਂ ਉਹਨਾਂ ਨੇ ਕਿਹੜੇ ਜ਼ੁਲਮ ਹਨ ਜਿਹੜੇ ਇੱਥੋਂ ਦੇ ਲੋਕਾਂ ’ਤੇ ਨਹੀਂ ਕੀਤੇ ਸਨ। ਇੱਥੋਂ ਦੇ ਹਾਕਮ ਉਹਨਾਂ ਨੂੰ ਆਪਣੀਆਂ ਬੇਟੀਆਂ ਦੇ ਰਿਸ਼ਤੇ ਦੇ ਕੇ ਆਪਣਾ ਰਾਜ ਬਚਾਉਣ ਵਿਚ ਸਫ਼ਲ ਹੋ ਗਏ ਸਨ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਈਨ ਨਹੀਂ ਮੰਨੀ ਸੀ। ਆਮ ਲੋਕਾਂ ਨੂੰ ਹਾਕਮਾਂ ਦੇ ਜ਼ੁਲਮ ਤੋਂ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੇ ਪਾਣੀ ਵਿਚ ਬਾਣੀ ਦਾ ਰਸ ਘੋਲ ਦਿੱਤਾ ਸੀ ਜਿਸ ਤੋਂ ਤਿਆਰ ਹੋਏ ਖੰਡੇ ਦੇ ਅੰਮ੍ਰਿਤ ਨੇ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਇੱਥੋਂ ਦੇ ਲੋਕਾਂ ਨੂੰ ਅਣਖ ਅਤੇ ਸਵੈਮਾਨ ਭਰਪੂਰ ਜੀਵਨ ਬਸਰ ਕਰਨ ਦੀ ਜਾਚ ਸਿਖਾਈ ਸੀ।

 ਪੰਜਾਬ ਦਾ ਜਿਹੜਾ ਇਲਾਕਾ ਦਰਿਆਵਾਂ ਤੋਂ ਦੂਰ ਸੀ ਉਹਨਾਂ ਇਲਾਕਿਆਂ ਵਿਚ ਗੁਰੂ ਸਾਹਿਬਾਨ ਨੇ ਖੂਹ ਲਵਾਏ ਸਨ ਤਾਂ ਕਿ ਆਮ ਲੋਕਾਂ ਲਈ ਪਾਣੀ ਦੀ ਪੂਰਤੀ ਕੀਤੀ ਜਾ ਸਕੇ। ਗੁਰੂ ਸਾਹਿਬਾਨ ਦੁਆਰਾ ਲਵਾਏ ਗਏ ਖੂਹਾਂ ਨੇ ਪਾਣੀ ਦੀ ਪੂਰਤੀ ਕਰਨ ਦੇ ਨਾਲ-ਨਾਲ ਜਾਤ-ਪਾਤ ਅਤੇ ਭੇਦਭਾਵ ਦੀ ਭਾਵਨਾ ਨੂੰ ਦੂਰ ਕਰਨ ਦਾ ਕਾਰਜ ਵੀ ਕੀਤਾ ਸੀ। ਗੋਇੰਦਵਾਲ ਸਾਹਿਬ, ਧਮਤਾਨ ਸਾਹਿਬ ਆਦਿ ਨਗਰਾਂ ਵਿਖੇ ਗੁਰੂ ਜੀ ਦੁਆਰਾ ਲਵਾਏ ਗਏ ਖੂਹ ਇਤਿਹਾਸ ਦਾ ਹਿੱਸਾ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਉਹਨਾਂ ਖੂਹਾਂ ਦਾ ਪਾਣੀ ਮਿੱਠਾ ਕਰ ਦਿੱਤਾ ਸੀ ਜਿਹੜੇ ਖਾਰੇ ਸਨ। 

ਬਨਾਰਸ ਦੇ ਗੁਰਦੁਆਰਾ ਬੜੀ ਸੰਗਤ, ਨੀਚੀ ਬਾਗ਼ ਦੇ ਦਰਬਾਰ ਹਾਲ ਵਿਚ ਸੰਭਾਲ ਕੇ ਰੱਖਿਆ ਹੋਇਆ ਖੂਹ।

ਇਸ ਸੰਬੰਧੀ ਇਕ ਮਹੱਤਵਪੂਰਨ ਘਟਨਾ ਰਾਜਸਥਾਨ ਵਿਖੇ ਦੇਖਣ ਨੂੰ ਮਿਲੀ। ਇਸ ਪ੍ਰਦੇਸ਼ ਵਿਚ ਸਥਿਤ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ ਜਦੋਂ ਪੋਖਰਨ ਪੁੱਜੇ ਤਾਂ ਇਕ ਬਜ਼ੁਰਗ ਨਾਲ ਵਿਚਾਰ-ਚਰਚਾ ਅਰੰਭ ਹੋ ਗਈ। ਬਜ਼ੁਰਗ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਜਾਂਦੇ ਹੋਏ ਪਹਿਲੀ ਵਾਰੀ ਲਗਪਗ 3-4 ਮਹੀਨੇ ਰਾਜਸਥਾਨ ਵਿਚ ਰਹੇ ਪਰ ਬਹੁਤੇ ਗੁਰਧਾਮਾਂ ਬਾਰੇ ਜਾਣਕਾਰੀ ਨਹੀਂ ਮਿਲਦੀ। ਬਜ਼ੁਰਗ ਕਹਿਣ ਲੱਗਾ ਕਿ ਰਾਜਸਥਾਨ ਦੇ ਜਿਹੜੇ ਖੂਹ ਮਿੱਠੇ ਹਨ, ਉਹ ਗੁਰੂ ਸਾਹਿਬ ਦੇ ਚਰਨ-ਛੋਹ ਅਸਥਾਨ ਹਨ। ਇਸ ਸੰਬੰਧੀ ਵਿਚ ਨੌਹਰ ਦੀ ਛੀਨ ਤਲਾਈ ਵਿਚ ਲੱਗੀ ਹੋਈ ਅੰਮ੍ਰਿਤ ਖੂਹੀ ਨੂੰ ਦੇਖਿਆ ਜਾ ਸਕਦਾ ਹੈ ਜਿਸ ਦਾ ਪਾਣੀ ਗੁਰੂ ਸਾਹਿਬ ਨੇ ਮਿੱਠਾ ਕੀਤਾ ਸੀ। 

ਖੂਹਾਂ ਤੋਂ ਇਲਾਵਾ ਛੱਪੜਾਂ ਦਾ ਪਾਣੀ ਸਾਫ਼ ਕਰਨਾ ਅਤੇ ਇਹਨਾਂ ਦੀ ਸੁਰੱਖਿਆ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਗੁਰੂ ਸਾਹਿਬਾਨ ਨੇ ਪ੍ਰਦਾਨ ਕੀਤੀ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਚਰਨ-ਛੋਹ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਿਲਆ ਤਾਂ ਪਤਾ ਲੱਗਿਆ ਕਿ ਗੁਰੂ ਸਾਹਿਬ ਦੇ ਬਹੁਤ ਸਾਰੇ ਅਸਥਾਨ ਉਸ ਜਗ੍ਹਾ ’ਤੇ ਸਸ਼ੋਭਿਤ ਹਨ ਜਿੱਥੇ ਪਹਿਲਾਂ ਪਾਣੀ ਦੇ ਛੱਪੜ ਹੁੰਦਾ ਸਨ ਅਤੇ ਹੁਣ ਉਹ ਸਰੋਵਰਾਂ ਦਾ ਰੂਪ ਧਾਰਨ ਕਰ ਗਏ ਹਨ। ਇਹ ਛੱਪੜ ਹੀ ਪਿੰਡ ਦੇ ਲੋਕਾਂ ਲਈ ਪਾਣੀ ਦਾ ਸਰੋਤ ਸਨ। ਗੁਰੂ ਸਾਹਿਬਾਨ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਛੱਪੜਾਂ ਦੇ ਪਾਣੀ ਨੂੰ ਸਾਫ਼ ਰੱਖਣ ਅਤੇ ਰੋਜ਼ਾਨਾਂ ਇਸ਼ਨਾਨ ਕਰਨ ਦੀ ਪ੍ਰੇਰਨਾ ਪੈਦਾ ਕੀਤੀ ਸੀ ਤਾਂ ਕਿ ਉੱਥੋਂ ਦੇ ਵਸਨੀਕ ਬੀਮਾਰੀਆਂ ਤੋਂ ਬਚਣ ਦੇ ਨਾਲ-ਨਾਲ ਪਾਣੀ ਦੇ ਮਹੱਤਵ ਸੰਬੰਧੀ ਜਾਗਰੂਕ ਹੋ ਸਕਣ। 

ਮੌਜੂਦਾ ਸਮੇਂ ਵਿਚ ਇਹ ਚਿੰਤਾ ਅਤੇ ਚੇਤਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਨਿਰੰਤਰ ਘੱਟਦਾ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਰਾਜਸਥਾਨ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਦਿਸ਼ਾ ਵਿਚ ਕਾਰਜ ਕਰਦੇ ਹੋਏ ਪਾਣੀ ਦੀ ਦੁਰਵਰਤੋਂ ਰੋਕਣ, ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨਿਵਾਣ ਵੱਲ ਜਾਣ ਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ-ਨਾਲ ਅਜਿਹੇ ਯਤਨ ਵੀ ਕੀਤੇ ਜਾ ਰਹੇ ਹਨ ਕਿ ਦਰਿਆਵਾਂ ਦਾ ਪਾਣੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ ਤਾਂ ਕਿ ਇਸ ਦੀ ਵਰਤੋਂ ਕਰਨ ਵਾਲੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬੱਚ ਸਕਣ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਭ ਦਾ ਧਿਆਨ ਇਸ ਪਾਸੇ ਵਧੇਰੇ ਹੈ ਕਿ ਕਿਸਾਨ ਵਧੇਰੇ ਪਾਣੀ ਦੀ ਵਰਤੋਂ ਵਾਲੀਆਂ ਫ਼ਸਲਾਂ ਉਗਾਉਂਦੇ ਹਨ ਜਿਸ ਨਾਲ ਪਾਣੀ ਦਾ ਪੱਧਰ ਦਿਨੋ-ਦਿਨ ਘੱਟਦਾ ਜਾ ਰਿਹਾ ਹੈ। ਪਾਣੀ ਦੇ ਮਾਹਰ ਇਹ ਤਰਕ ਦੇ ਰਹੇ ਹਨ ਕਿ ਨਹਿਰਾਂ ਰਾਹੀਂ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਹਜ਼ਾਰਾਂ ਸਾਲਾਂ ਦੇ ਮੀਂਹ ਨਾਲ ਤੁਪਕਾ-ਤੁਪਕਾ ਕਰਕੇ ਧਰਤੀ ਵਿਚ ਸਿੰਜਿਆ ਪਾਣੀ ਬਿਜਲੀ ਦੀਆਂ ਮੋਟਰਾਂ ਨਾਲ ਕੁੱਝ ਸਾਲਾਂ ਵਿਚ ਹੀ ਕੱਢ ਲੈਣ ਨਾਲ ਇਹ ਸੰਕਟ ਗੰਭੀਰ ਰੂਪ ਧਾਰਨ ਕਰ ਗਿਆ ਹੈ। 

ਧਰਤੀ ਹੇਠਲੇ ਪਾਣੀ ਦਾ ਪੱਧਰ ਬਚਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸ਼ਹਿਰਾਂ ਵਿਚ ਉਹਨਾਂ ਅਸਥਾਨਾਂ ’ਤੇ ਬੋਰ ਕੀਤੇ ਗਏ ਜਿੱਥੇ ਮੀਂਹ ਦਾ ਪਾਣੀ ਇਕੱਤਰ ਹੁੰਦਾ ਸੀ ਅਤੇ ਪਿੰਡਾਂ ਵਿਚ ਮੀਂਹ ਦੇ ਪਾਣੀ ਖੂਹਾਂ ਵਿਚ ਪਾਉਣ ਦੇ ਉਪਰਾਲੇ ਕੀਤੇ ਜਾਣ ਲੱਗੇ ਪਰ ਇਹ ਯਤਨ ਬਹੁਤੇ ਸਫ਼ਲ ਨਹੀਂ ਹੋ ਸਕੇ। ਕੁੱਝ ਮਾਹਰ ਇਹ ਕਹਿਣ ਲੱਗੇ ਕਿ ਗੈਰ ਕੁਦਰਤੀ ਢੰਗ ਨਾਲ ਜ਼ਮੀਨ ਵਿਚ ਪਾਇਆ ਜਾਣ ਵਾਲਾ ਅਤੇ ਸਪਰੇਅ ਵਾਲੀਆਂ ਫ਼ਸਲਾਂ ਵਿਚੋਂ ਹੋ ਕੇ ਧਰਤੀ ਵਿਚ ਜਾਣ ਵਾਲਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਵੀ ਖਰਾਬ ਕਰ ਦੇਵੇਗੇ। ਕੁਦਰਤ ਨੇ ਧਰਤੀ ਵਿਚ ਹਜ਼ਾਰਾਂ ਫਿਲਟਰ ਲਗਾਏ ਹੋਏ ਹਨ ਅਤੇ ਜਦੋਂ ਕੁਦਰਤੀ ਢੰਗ ਨਾਲ ਇਹਨਾਂ ਫਿਲਟਰਾਂ ਵਿਚੋਂ ਹੁੰਦਾ ਹੋਇਆ ਪਾਣੀ ਧਰਤੀ ਵਿਚ ਜਾਂਦਾ ਹੈ ਤਾਂ ਹੀ ਪੂਰਨ ਤੌਰ ’ਤੇ ਸ਼ੁੱਧ ਹੋ ਸਕਦਾ ਹੈ। 

ਖੇਤੀ ਲਈ ਪਾਣੀ ਬਚਾਉਣ ਦੇ ਯਤਨ ਕਰਨ ਵਾਲੇ ਮਾਹਰ ਚਿੰਤਾ ਪ੍ਰਗਟ ਕਰ ਰਹੇ ਹਨ ਕਿ ਜੇਕਰ ਸੁਚੇਤ ਹੋ ਕੇ ਇਸ ਦਿਸ਼ਾ ਵਿਚ ਯਤਨ ਨਾ ਕੀਤੇ ਗਏ ਤਾਂ ਪੀਣ ਵਾਲਾ ਪਾਣੀ ਮਿਲਣਾ ਵੀ ਮੁਸ਼ਕਲ ਹੋ ਜਾਵੇਗਾ। ਇਸ ਸੰਬੰਧੀ ਕੁਝ ਨਵੇਂ ਢੰਗ-ਤਰੀਕੇ ਅਪਨਾਉਣ ਦੀ ਲੋੜ ਹੈ ਤਾਂ ਕਿ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿਚ ਫ਼ਸਲਾਂ ਦੀ ਬੀਜਾਈ ਨਿਰੰਤਰ ਚੱਲਦੀ ਰਹਿਣੀ ਹੈ ਅਤੇ ਉਹਨਾਂ ਫ਼ਸਲਾਂ ਦੀ ਬੀਜਾਈ ਵੱਲ ਧਿਆਨ ਦੇਣ ਦੀ ਲੋੜ ਹੈ ਜਿਹੜੀਆਂ ਘੱਟ ਪਾਣੀ ਨਾਲ ਵਧੇਰੇ ਝਾੜ ਪੈਦਾ ਕਰ ਸਕਦੀਆਂ ਹਨ। 

ਸ਼ਹਿਰਾਂ ਵਿਚ ਪਾਣੀ ਪਹਿਲਾਂ ਹੀ ਸਰਕਾਰੀ ਸਮੇਂ ਅਨੁਸਾਰ ਆਉਂਦਾ ਹੈ ਅਤੇ ਜਿਹੜੇ ਘਰ ਗਲੀਆਂ-ਮੁਹੱਲਿਆਂ ਦੇ ਅਖੀਰ ਵਿਚ ਹਨ, ਉੱਥੇ ਨਿਸਚਿਤ ਕੀਤੇ ਗਏ ਸਮੇਂ ਵਿਚ ਵੀ ਪਾਣੀ ਪੂਰਾ ਨਹੀਂ ਆਉਂਦਾ ਜਿਸ ਕਰਕੇ ਬਹੁਤ ਸਾਰੇ ਘਰਾਂ ਵਿਚ ਬਿਜਲਈ ਮੋਟਰਾਂ ਲੱਗੀਆਂ ਹੋਈਆਂ ਹਨ। ਪਾਣੀ ਦੀ ਸਪਲਾਈ ਨਿਰੰਤਰ ਅਤੇ ਨਿਸਚਿਤ ਕਰਕੇ ਧਰਤੀ ਹੇਠੋਂ ਪਾਣੀ ਕੱਢਣ ਵਾਲੀਆਂ ਮੋਟਰਾਂ ਨੂੰ ਘਟਾਇਆ ਜਾ ਸਕਦਾ ਹੈ। ਪਟਿਆਲਾ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਪਹਿਲ ਕੀਤੀ ਹੈ ਕਿ ਪਟਿਆਲਾ ਸ਼ਹਿਰ ਦੀ ਵਾਟਰ ਸਪਲਾਈ ਦੀ ਪੂਰਤੀ ਭਾਖੜਾ ਨਹਿਰ ਤੋਂ ਕੀਤੀ ਜਾਵੇ। ਇਸ ਸੰਬੰਧੀ ਬਹੁਤ ਸਾਰਾ ਕਾਰਜ ਪੂਰਾ ਹੋ ਗਿਆ ਹੈ। ਅਜਿਹੇ ਯਤਨ ਕਰਨ ਦੀ ਹੋਰ ਵਧੇਰੇ ਲੋੜ ਹੈ ਕਿ ਜਿਸ ਵੀ ਸ਼ਹਿਰ ਵਿਚੋਂ ਸਾਫ਼ ਪਾਣੀ ਦੀਆਂ ਨਹਿਰਾਂ ਵਗਦੀਆਂ ਜਾਂ ਲੰਘਦੀਆਂ ਹਨ, ਉਹਨਾਂ ਦੀ ਸਪਲਾਈ ਨਹਿਰੀ ਪਾਣੀ ਨੂੰ ਫਿਲਟਰ ਕਰਕੇ ਕੀਤੀ ਜਾ ਸਕਦੀ ਹੈ ਜਿਸ ਨਾਲ ਲੱਖਾਂ ਲੀਟਰ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ।

ਇਸ ਸੰਬੰਧੀ ਇਕ ਮਹੱਤਵਪੂਰਨ ਨੁਕਤਾ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਵਿਚ ਸੈਂਕੜੇ ਗੁਰਦੁਆਰਾ ਸਾਹਿਬਾਨ ਮੌਜੂਦ ਹਨ ਜਿਨ੍ਹਾਂ ਦੇ ਚੁਗਿਰਦੇ ਵਿਚ ਸਰੋਵਰ ਨਿਰਮਲਤਾ ਦਾ ਪ੍ਰਤੀਕ ਹਨ। ਇਹਨਾਂ ਗੁਰਧਾਮਾਂ ਦੇ ਨਾਲ ਉਹ ਖੂਹ ਵੀ ਮੌਜੂਦ ਹਨ ਜਿਹੜੇ ਗੁਰੂ ਸਾਹਿਬਾਨ ਦੇ ਸਮੇਂ ਹੋਂਦ ਵਿਚ ਆਏ ਸਨ। ਪਾਣੀ ਦੇ ਨਵੇਂ ਸਰੋਤ ਪ੍ਰਾਪਤ ਹੋਣ ਉਪਰੰਤ ਇਹਨਾਂ ਖੂਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਾਂ ਇਹ ਉਜਾੜ ਰੂਪ ਧਾਰਨ ਕਰ ਗਏ ਹਨ। ਇਹਨਾਂ ਖੂਹਾਂ ਨਾਲ ਆਮ ਲੋਕਾਂ ਦੀ ਸ਼ਰਧਾ ਭਾਵਨਾ ਜੁੜੀ ਹੋਈ ਹੈ। ਤਲਵੰਡੀ ਸਾਬੋ ਦੇ ਸਰੋਵਰ ਦੀ ਗਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਕੱਢੀ ਸੀ, ਅੰਮ੍ਰਿਤਸਰ ਦੇ ਸਰੋਵਰ ਨੂੰ ਰਾਵੀ ਦਰਿਆ ਨਾਲ ਉਦਾਸੀ ਮਹੰਤਾਂ ਨੇ ਜੋੜਿਆ ਸੀ, ਪਟਿਆਲੇ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਮੋਤੀ ਬਾਗ਼ ਸਾਹਿਬ ਦੇ ਸਰੋਵਰਾਂ ਲਈ ਪਾਣੀ ਦੀ ਸਪਲਾਈ ਭਾਖੜਾ ਨਹਿਰ ਤੋਂ ਕੀਤੀ ਜਾ ਰਹੀ ਹੈ। 

ਸਰੋਵਰਾਂ ਦੇ ਨਾਲ-ਨਾਲ ਖੂਹ ਵੀ ਸਿੱਖ ਵਿਰਾਸਤ ਅਤੇ ਭਾਵਨਾ ਨਾਲ ਜੁੜੇ ਹੋਏ ਹਨ। ਪੰਜਾਬ ਅਤੇ ਪੰਜਾਬ ਤੋਂ ਬਾਹਰ ਬਹੁਤ ਸਾਰੇ ਗੁਰਧਾਮ ਅਜਿਹੇ ਹਨ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਕੰਪਲੈਕਸ ਵਿਚ ਮੌਜੂਦ ਖੂਹ ਸੰਭਾਲ ਕੇ ਰੱਖੇ ਹੋਏ ਹਨ। ਬਨਾਰਸ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਬੜੀ ਸੰਗਤ ਦਾ ਖੂਹ ਦਰਬਾਰ ਹਾਲ ਦੇ ਅੰਦਰ ਹੀ ਸੰਭਾਲ ਕੇ ਰੱਖਿਆ ਹੋਇਆ ਹੈ।  ਪੰਜਾਬ ਦੇ ਮਾਲਵਾ ਇਲਾਕੇ ਵਿਚ ਲਗਪਗ ਹਰ ਇਕ ਗੁਰਦੁਆਰਾ ਸਾਹਿਬ ਦੇ ਨਾਲ ਵੀ ਖੂਹ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦੇ ਨੇੜੇ ਹੀ ਸਰੋਵਰ ਵੀ ਬਣੇ ਹੋਏ ਹਨ। ਮਹੀਨੇ ਵਿਚ ਇਕ ਜਾਂ ਦੋ ਵਾਰੀ ਜਾਂ ਕਿਸੇ ਵਿਸ਼ੇਸ਼ ਮੌਕੇ ਸਰੋਵਰਾਂ ਦਾ ਪਾਣੀ ਬਦਲਿਆ ਜਾਂਦਾ ਹੈ। ਬਹੁਤ ਸਾਰੇ ਸਰੋਵਰਾਂ ਨੂੰ ਬਿਜਲੀ ਦੀਆਂ ਮੋਟਰਾਂ ਨਾਲ ਭਰਿਆ ਜਾਂਦਾ ਹੈ। ਜੇਕਰ ਇਹਨਾਂ ਸਰੋਵਰਾਂ ਨੂੰ ਵੀ ਨਹਿਰਾਂ ਦੇ ਫਿਲਟਰ ਕੀਤੇ ਪਾਣੀ ਨਾਲ ਜੋੜ ਦਿੱਤਾ ਜਾਵੇ ਅਤੇ ਫਿਰ ਇਹ ਪਾਣੀ ਬਾਹਰ ਖੇਤਾਂ ਆਦਿ ਵਿਚ ਛੱਡਣ ਦੀ ਬਜਾਏ ਖੂਹਾਂ ਵਿਚ ਪਾ ਦਿੱਤਾ ਜਾਵੇ ਤਾਂ ਵੀ ਕੁੱਝ ਭਲਾ ਹੋ ਸਕਦਾ ਹੈ। ਇਹ ਕਾਰਜ ਕਿੰਨਾ ਕੁ ਸਾਰਥਿਕ ਸਿੱਧ ਹੋ ਸਕਦਾ ਹੈ, ਇਹ ਤਾਂ ਪਾਣੀ ਦੇ ਮਾਹਰ ਹੀ ਦੱਸ ਸਕਦੇ ਹਨ।     

 

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੁਨੀਵਰਸਿਟੀ, ਪਟਿਆਲਾ