ਲਾਸ ਵੇਗਾਸ ਵਿਚ ਝਗੜਾ ਨਿਪਟਾਉਣ ਗਏ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ ਇਕ ਮੌਤ

ਲਾਸ ਵੇਗਾਸ ਵਿਚ ਝਗੜਾ ਨਿਪਟਾਉਣ ਗਏ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ ਇਕ ਮੌਤ
ਕੈਪਸ਼ਨ ਬਰੈਂਡਨ ਦਰਹਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਵੇਗਾਸ (ਨੇਵਾਡਾ) ਵਿਚ ਇਕ ਘਰ ਵਿਚ ਹੋਏ ਝਗੜੇ ਨੂੰ ਨਿਪਟਾਉਣ ਗਏ ਇਕ ਪੁਲਿਸ ਅਫਸਰ ਦੁਆਰਾ ਚਲਾਈ ਗੋਲੀ ਨਾਲ ਘਰ ਦੇ ਮਾਲਕ ਦੀ ਮੌਤ ਹੋ ਜਾਣ ਦੀ ਖਬਰ ਹੈ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 43 ਸਾਲਾ ਬਰੈਂਡਨ ਦਰਹਮ ਨਾਮੀ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਦਸਿਆ ਸੀ ਕਿ ਉਸ ਦੇ ਘਰ ਉਪਰ ਹਮਲਾ ਹੋ ਗਿਆ ਹੈ। ਅਸਿਸਟੈਂਟ ਸ਼ੈਰਿਫ ਡੋਰੀ ਕੋਰੇਨ ਨੇ ਕਿਹਾ ਹੈ ਕਿ ਜਿਸ ਸਮੇ ਬਹੁਤ ਸਾਰੇ ਲੋਕ ਮੋਹਰਲੇ ਤੇ ਪਿਛਲੇ ਦਰਵਾਜ਼ੇ ਰਾਹੀਂ ਘਰ ਵਿਚ ਦਾਖਲ ਹੋਏ ਤਾਂ ਉਸ ਵੇਲ ਦਰਮਹ ਤੇ ਉਸ ਦੀ 15 ਸਾਲਾ ਧੀ ਘਰ ਵਿਚ ਮੌਜੂਦ ਸਨ। ਅਲੈਗਜੈਂਡਰ ਬੁਕਮੈਨ ਪਹਿਲਾ ਪੁਲਿਸ ਅਫਸਰ ਸੀ ਜੋ ਘਰ ਵਿਚ ਦਾਖਲ ਹੋਇਆ। ਕੋਰੇਨ ਅਨੁਸਾਰ ਉਸ ਨੇ ਵੇਖਿਆ ਕਿ ਦਰਹਮ ਤੇ ਇਕ ਔਰਤ ਇਕ ਚਾਕੂ ਖੋਹਣ ਲਈ ਇਕ ਦੂਸਰੇ ਨਾਲ ਗੁਥਮਗੁੱਥਾ ਹੋ ਰਹੇ ਹਨ। ਬੁੱਕਮੈਨ ਨੇ ਲੜ ਰਹੇ ਜੋੜੇ ਨੂੰ ਚਾਕੂ ਸੁੱਟਣ ਲਈ ਕਿਹਾ। ਉਪਰੰਤ ਉਸ ਨੇ ਗੋਲੀ ਚਲਾ ਦਿੱਤੀ ਜੋ ਦਰਹਮ ਦੇ ਵੱਜੀ। ਉਹ ਮੌਕੇ ਉਪਰ ਹੀ ਦਮ ਤੋੜ ਗਿਆ। ਕੋਰੇਨ ਅਨੁਸਾਰ ਪੁਲਿਸ ਅਫਸਰ ਨੇ ਕੁਲ 6 ਗੋਲੀਆਂ ਚਲਾਈਆਂ। ਬਾਅਦ ਵਿਚ ਉਸ ਨੇ ਔਰਤ ਅਲੈਜੰਡਰਾ ਬੌਡਰੀਔਕਸ (31) ਨੂੰ ਹਿਰਾਸਤ ਵਿਚ ਲੈ ਲਿਆ। ਸਹਾਇਕ ਸ਼ੈਰਿਫ ਨੇ ਹੋਰ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।