ਪ੍ਰੋ. ਬਲਵੰਤ ਸਿੰਘ ਢਿੱਲੋਂ ਵੱਲੋਂ ਲਿਖੀ ਗਈ ਭਾਵਪੂਰਤ ਅਤੇ ਪ੍ਰੇਰਨਾਮਈ ਚਿੱਠੀ

ਗੁਰੂ ਪਿਆਰੇ, ਪ੍ਰੋ. ਪਰਮਵੀਰ ਸਿੰਘ ਆਪਣੀ ਨਵ-ਪ੍ਰਕਾਸ਼ਿਤ ਪੁਸਤਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਮਹੱਤਵਪੂਰਨ ਮਤੇ ਤੇ ਫ਼ੈਸਲੇ ਮੁਹੱਈਆ ਕਰਵਾਉਣ ਲਈ ਆਪ ਦਾ ਬੇਹੱਦ ਸ਼ੁਕਰੀਆ।
ਇਸ ਮਹੱਤਵਪੂਰਣ ਖੋਜ-ਪ੍ਰੋਜੈਕਟ ਨੂੰ ਸਫਲਤਾ ਸਹਿਤ ਸਿਰੇ ਚਾੜ੍ਹਨ, ਵਿਧੀਵਧ ਤਰਤੀਬ ਤੇ ਸੁਚੱਜੀ ਪੇਸ਼ਕਾਰੀ ਲਈ ਢੇਰ ਸਾਰੀਆਂ ਮੁਬਾਰਕਾਂ।
ਮੈਂ ਮਹਿਸੂਸ ਕਰਦਾ ਹਾਂ ਕਿ ਇਸ ਵਿਚ ਆਪ ਦੀ ਅਤੇ ਆਪਦੇ ਸਹਿਯੋਗੀਆਂ ਦੀ ਸਾਲਾਂ-ਬੱਧੀ ਅਣਥਕ ਮਿਹਨਤ, ਲਗਨ, ਪੇਸ਼ਾਵਰਾਨਾ ਸੂਝ ਤੇ ਨੀਝ ਦਾ ਬਹੁਤ ਵੱਡਾ ਯੋਗਦਾਨ ਹੈ। ਇਹੋ ਜਿਹੀਆਂ ਸਰੋਤ ਪੁਸਤਕਾਂ ਮੇਰੇ ਦਿਲ ਦੇ ਬਹੁਤ ਕਰੀਬ ਹਨ, ਕਿਉਂਕਿ ਸਰੋਤ ਮਨੁਖੀ ਸਰੀਰ ਦੇ ਵਾਂਗ ਇਤਿਹਾਸ ਨੂੰ ਜਿੰਦਾ ਰੱਖਣ ਲਈ ਖੂਨ ਤੇ ਆਕਸੀਜਨ ਦੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਸਰੋਤਾਂ ਦੇ ਆਧਾਰ ਉਤੇ ਹੀ ਪੁਰਾਣੀਆਂ ਮਾਨਤਾਵਾਂ ਵਿਚ ਸ਼ੋਧ ਦੀ ਗੁਜਾਇਸ਼ ਦੀ ਸੰਭਾਵਨਾ ਬਣਦੀ ਹੈ। ਆਪ ਦੀ ਇਸ ਰਚਨਾ ਨੇ ਸਿੱਖ ਪੰਥ ਅਤੇ ਪੰਜਾਬ ਦੇ ਵੀਹਵੀਂ ਸਦੀ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਅਲੋਪ ਹੋ ਜਾਣ ਦੀ ਕਗਾਰ ਤੋਂ ਬਚਾ ਲਿਆ ਹੈ ਤੇ ਇਨ੍ਹਾਂ ਦੀ ਸਿੱਖ ਪੰਥ ਦੀ ਜਨਤਕ ਕਚਹਿਰੀ ਵਿਚ ਮੁੜ ਦਸਤਕ ਦਿਵਾ ਦਿੱਤੀ ਹੈ। ਇਸ ਵਿਚ ਪਿਛਲੇ 104 ਵਰ੍ਹਿਆਂ ਦੀ ਸਿੱਖ ਲੀਡਰਸ਼ਿਪ ਦੇ ਨਾਲ ਵਕਤਨ-ਬਵਕਤਨ ਸਿੱਖ ਪੰਥ ਨੂੰ ਦਰਪੇਸ਼ ਮੁੱਦਿਆਂ ਬਾਰੇ ਜਾਣਕਾਰੀ ਤੋਂ ਇਲਾਵਾ ਉਸ ਵਕਤ ਦੇ ਸਿੱਖ ਨੇਤਾਵਾਂ ਦੀ ਵਿਕਟ ਮਾਹੌਲ ਵਿਚ ਪੰਜਾਬ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ, ਸਭਿਆਚਾਰਕ, ਆਦਿ ਸਰੋਕਾਰਾਂ ਬਾਰੇ ਦਿਖਾਈ ਸੂਝ ਤੇ ਪ੍ਰਤਿਬਧਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਨਿਰਸੰਦੇਹ ਅਜੋਕੇ ਦੌਰ ਵਿਚ ਸਿੱਖ ਪੰਥ ਨੇਤਰਤਵ (Leadership) ਦੇ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਪਰ ਸਿੱਖ ਪੰਥ ਬੜਾ ਖੁਸ਼ਕਿਸ਼ਮਤ ਹੈ ਕਿ ਇਸ ਨੂੰ ਬੁਨਿਆਦੀ ਧਾਰਮਿਕ ਸਿਧਾਂਤ, ਸੰਸਥਾਵਾਂ ਤੇ ਤਹਿਜ਼ੀਬ ਗੁਰੂ-ਬਖ਼ਸ਼ਿਸ਼ ਵਜੋਂ ਵਿਰਸੇ ਵਿਚ ਪ੍ਰਾਪਤ ਹੋਈਆਂ ਹਨ ਅਤੇੇ ਕੁਝ-ਕੁ ਨੂੰ ਸਿੱਖ ਪੰਥ ਨੇ ਆਪਣੇ ਦੀਨ-ਦੁਨੀਆ ਦੇ ਸਰੋਕਾਰਾਂ ਦੀ ਰਾਖੀ ਹਿਤ ਆਪਣੇ ਇਤਿਹਾਸਕ ਤਜ਼ਰਬੇ ਦੇ ਮੁਤਾਬਿਕ ਕਾਇਮ ਕੀਤਾ ਹੈ। ਇਤਿਹਾਸਕਾਰ ਬਖ਼ੂਬੀ ਜਾਣਦੇ ਹਨ ਕਿ ਸਰਬੱਤ ਖਾਲਸਾ ਤੇ ਗੁਰਮਤਾ ਜਿਹੀਆਂ ਸੰਸਥਾਵਾਂ ਸਿੱਖ ਪੰਥ ਦੇ ਪੇਚੀਦਾ ਮਸਲਿਆਂ ਨੂੰ ਸੁਲਝਾਉਣ ਲਈ ਰਾਹ-ਦਿਸੇਰਾ ਬਣਕੇ ਬਹੁੜੀਆਂ ਸਨ ਅਤੇ ਸਿੱਖ ਪੰਥ ਵਿਚ ਨੇਤਰਤਵ ਦੀ ਅਣਹੋਂਦ ਦੇ ਖਲਾਅ ਨੂੰ ਭਰਨ ਵਿਚ ਇਤਿਹਾਸਿਕ ਭੂਮਿਕਾ ਨਿਭਾਈ ਸੀ।
20ਵੀਂ ਸਦੀ ਦੀਆਂ ਦੋ ਸਿੱਖ ਸੰਸਥਾਵਾਂ ਮਸਲਨ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਉਕਤ ਫਲਸਫੇ ਤੇ ਤਹਿਜ਼ੀਬ ਦੀ ਉਪਜ ਹਨ ਅਤੇ ਇਨ੍ਹਾਂ ਦਾ ਇਤਿਹਾਸ ਇਕ-ਦੂਜੇ ਨਾਲ ਓਤਪੋਤ ਹੈ। ਇਨ੍ਹਾਂ ਦੋਨਾਂ ਸੰਸਥਾਵਾਂ ਦੀ ਜਾਇਜ਼ਕਰਾਰੀ ਅਤੇ ਸਿੱਖ ਅਤੇ ਪੰਜਾਬ ਦੇ ਇਤਿਹਾਸ ਉਪਰ ਇਨ੍ਹਾਂ ਦੇ ਪ੍ਰਭਾਵ/ਛਾਪ ਦੀ ਜਾਣਕਾਰੀ ਨੂੰ ਜਾਂਚਣ-ਪਰਖਣ ਲਈ ਆਪ ਜੀ ਦੀ ਕਿਤਾਬ ਪ੍ਰਮਾਣੀਕ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਪੁਸਤਕ ਵਿਚ ਸ਼ਾਮਿਲ ਮਤਿਆਂ ਵਿਚ ਉਕਤ ਦੋਨਾਂ ਸੰਸਥਾਵਾਂ ਦੇ ਸਿੱਖ ਨੇਤਾਵਾਂ ਦੁਆਰਾ ਪ੍ਰਗਟਾਈ ਜਾਗਰੂਕਤਾ, ਦ੍ਰਿੜਤਾ ਤੇ ਕੁਰਬਾਨੀ ਦਾ ਜਜ਼ਬਾ ਨਿਸਚਿਤ ਤੌਰ ’ਤੇ ਨਵੀਂ ਪੀੜ੍ਹੀ ਨੂੰ ਵਿਰਸਾ ਸੰਭਾਲ ਲਈ ਹਾਕਾਂ ਮਾਰਨ ਤੋਂ ਇਲਾਵਾ ਮੌਜੂਦਾ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਆਤਮ-ਚਿੰਤਨ ਦੀ ਦੁਹਾਈ ਵੀ ਦਿੰਦਾ ਰਹੇਗਾ।
ਇਹ ਪੁਸਤਕ ਜਿੱਥੇ ਪਿਛਲੀ ਇਕ ਸਦੀ ਦੇ ਸਿੱਖ ਪੰਥ ਦੇ ਸਿਆਸੀ ਤੇ ਧਾਰਮਿਕ ਪਿੜ ਵਿਚ ਹੋ ਗੁਜ਼ਰੀਆਂ ਸ਼ਖ਼ਸੀਅਤਾਂ ਨਾਲ ਜਾਣ-ਪਹਿਚਾਨ ਕਰਾਉਣ ਦੇ ਨਾਲ ਪਾਠਕਾਂ ਤੇ ਖੋਜਾਰਥੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲੰਕਣ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗੀ। ਸਿੱਖ ਪੰਥ ਦੀ ਤਹਿਜ਼ੀਬ ‘ਦੁਨੀਆ ਕਾਰਣ ਦੀਨ ਗਵਾਇਆ’ ਵਿਚ ਯਕੀਨ ਨਹੀਂ ਰੱਖਦੀ ਤੇ ਨਾਹੀ ਇਸ ਦੀ ਪੈਰਵੀ ਕਰਨ ਲਈ ਸਿੱਖਾਂ ਨੂੰ ਪ੍ਰੇਰਨਾ ਦਿੰਦੀ ਹੈ; ਬਲਕਿ ਹੱਕ, ਸੱਚ, ਨੇਕੀ ਇਨਸਾਫ਼ ਅਤੇ ਧਰਮ ਦੀ ਖਾਤਰ ਦਨਿਆਵੀ ਹਿਤਾਂ ਤੇ ਸੁਖ ਆਰਾਮ ਨੂੰ ਕੁਰਬਾਨ ਕਰਨ ਦਾ ਸਬਕ ਸਿਖਾਉਂਦੀ ਹੈ। ਵਿਚਾਰਾਧੀਨ ਪੁਸਤਕ ਗੁਰਦੁਆਰਾ ਸੁਧਾਰ ਲ਼ਹਿਰ ਅਧੀਨ ਜੈਤੋ ਦਾ ਮੋਰਚਾ, ਗੁਰੂ ਕੇ ਬਾਗ਼ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਅਤੇ ਸਿੱਖ ਪੰਥ ਦੀ ਸਿਆਸੀ ਜਮਾਤ, ਅਕਾਲੀ ਦਲ ਦੀ ਜਾਇਜ਼ਕਰਾਰੀ ਤੇ ਉਦੇਸ਼, ਸਿੱਖ ਰਹਿਤ ਮਰਯਾਦਾ ਨੂੰ ਪਰਿਭਾਸ਼ਿਤ ਕਰਨ ਵਾਲੇ ਧਾਰਮਿਕ ਮਸਲਿਆਂ ਬਾਰੇ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਇਸ ਵਿਚ ਸ਼ਾਮਿਲ ਮਤੇ ਪੰਜਾਬ ਦੇ ਬਟਵਾਰੇ ਦਾ ਦੁਖਾਂਤ, ਪੰਜਾਬੀ ਸੂਬੇ ਦੇ ਅੰਦੋਲਨ, ਜੂਨ 1984 ਵਿਚ ਭਾਰਤੀ ਫੌਜ ਦਾ ਦਰਬਾਰ ਸਾਹਿਬ ਉਪਰ ਹਮਲਾ ਤੇ 20ਵੀਂ ਸਦੀ ਦੇ ਪਿਛਲੇ ਦਹਾਕਿਆਂ ਦੇ ਕਾਲੇ ਦੌਰ ਵਿਚ ਸਿੱਖ ਨਸਲ-ਕੁਸ਼ੀ ਬਾਰੇ ਵੀ ਰੌਸ਼ਨੀ ਪਾਉਂਦੇ ਹਨ। ਇਨ੍ਹਾਂ ਮਤਿਆਂ ਦਾ ਦਾਇਰਾ ਬਹੁਤ ਵਸੀਹ ਹੈ ਜੋ ਧਾਰਮਿਕ ਖੇਤਰ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਵਿਸ਼ੇਸ਼ ਕਰਕੇ ਦਲਿਤ ਭਾਈਚਾਰੇ ਦੀ ਭਾਗੀਦਾਰੀ, ਸਮਾਜਿਕ ਬੁਰਾਈਆਂ, ਸਿੱਖ ਪੰਥ ਵਿਚ ਪਤਿਤਪੁਣੇ ਦਾ ਖਾਤਮੇ ਦੀ ਪ੍ਰੇਰਨਾ ਦੇ ਨਾਲ ਪੂਰੇ ਭਾਰਤੀ ਉਪ ਮਹਾਂਦੀਪ ਦੇ ਸਿੱਖਾਂ ਅਤੇ ਵਿਸ਼ਵ ਸਿੱਖ ਭਾਈਚਾਰੇ ਨੂੰ ਵੀ ਆਪਣੇ ਕਲਾਵੇ ਵਿਚ ਲੈਂਦਾ ਹੈ।
ਇਹ ਪੁਸਤਕ ਇਕ ਆਲ੍ਹਾ ਦਰਜੇ ਦੀ ਸੰਦਰਭ-ਕੋਸ਼ ਹੈ ਜਿਸ ਦੀ ਸੰਰਚਨਾ ਜਟਿਲ ਨਹੀਂ ਬਲਕਿ ਪਾਠਕ ਹਿਤੈਸ਼ੀ ਹੈ।ਖੋਜਾਰਥੀ ਆਪਣੀ ਰੁਚੀ ਦੇ ਵਿਸ਼ੇ ਨੂੰ ਬਿਨਾ ਕਿਸੇ ਦੇਰੀ ਦੇ ਇਸ ਵਿਚੋਂ ਲੱਭ ਸਕਦੇ ਹਨ। ਮੈਨੂੰ ਪੂਰਨ ਉਮੀਦ ਹੈ ਕਿ ਭਵਿਖ ਵਿਚ ਸਿੱਖ ਧਰਮ-ਅਧਿਐਨ ਤੇ ਪੰਜਾਬ ਦੇ ਇਤਿਹਾਸ ਉਪਰ ਖੋਜ-ਕਾਰਜ ਕਰਨ ਵਾਲੇ ਵਿਦਵਾਨਾਂ ਲਈ ਆਧਾਰ-ਭੂਤ ਸਮਗ੍ਰੀ ਜੁਟਾਉਣ ਦਾ ਹੱਕ ਅਦਾ ਕਰੇਗੀ, ਅਤੇ ਇਸ ਵਿਚ ਸ਼ਾਮਿਲ ਮਤੇ ਖੋਜ ਦੀਆਂ ਨਵੀਆਂ ਸੰਭਾਵਨਾਵਾਂ ਦੇ ਲਈ ਰਾਹ ਪੱਧਰਾ ਕਰਨਗੇ। ਇਸ ਉਤਮ ਕਿਸਮ ਦੀ ਪ੍ਰਕਾਸ਼ਨਾ ਦਾ ਸਵਾਗਤ ਕਰਦਾ ਹੋਇਆ, ਮੈਂ ਆਪ ਜੀ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਪ੍ਰੋ. ਬਲਵੰਤ ਸਿੰਘ ਢਿੱਲੋਂ
ਸਾਬਕਾ ਡਾਇਰੈਕਟਰ
ਗੁਰੂ ਗ੍ਰੰਥ ਸਾਹਿਬ ਸਟਡੀਜ਼ ਸੈਂਟਰ
ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ
Comments (0)