ਸਪੇਨ ਵਿੱਚ ਦੋ ਰੇਲ ਗੱਡੀਆਂ ਟਕਰਾਉਣ ਨਾਲ 64 ਵਿਅਕਤੀਆਂ ਦੀ ਮੌਤ, 80 ਜ਼ਖ਼ਮੀ

ਸਪੇਨ  ਵਿੱਚ ਦੋ ਰੇਲ ਗੱਡੀਆਂ ਟਕਰਾਉਣ ਨਾਲ 64 ਵਿਅਕਤੀਆਂ ਦੀ ਮੌਤ, 80 ਜ਼ਖ਼ਮੀ

ਮੈਡਰਿਡ/ ਏ.ਟੀ. ਨਿਊਜ਼: ਸੈਂਟਰਲ ਸਪੇਨ ਵਿੱਚ ਅੱਜ ਸਵੇਰੇ ਦੋ ਤੇਜ਼ ਰਫ਼ਤਾਰ ਰੇਲਾਂ ਦੀ ਟੱਕਰ ਕਾਰਨ ਘੱਟੋ-ਘੱਟ 64 ਜਣਿਆਂ ਦੀ ਮੌਤ ਹੋ ਗਈ ਅਤੇ 80 ਜ਼ਖ਼ਮੀ ਹੋ ਗਏ। ਕਾਸਟੀਲਾ ਲਾ ਮੰਚਾ ਖੇਤਰ ਦੀ ਤਰਜਮਾਨ ਐਸਥਰ ਪੈਡੀਲਾ ਨੇ 64 ਮੌਤਾਂ ਦੀ ਪੁਸ਼ਟੀ ਕੀਤੀ ਹੈ। ਸਪੇਨ ਦੇ ਰੇਲ ਸਿਸਟਮ ਅਪਰੇਟਰ ‘ਏ ਡੀ ਆਈ ਐੱਫ’ ਅਨੁਸਾਰ ਇਹ ਹਾਦਸਾ ਟੋਲੇਡੋ ਸੂਬੇ ਵਿੱਚ ਵਾਪਰਿਆ, ਜਿਸ ਮਗਰੋਂ ਮੈਡਰਿਡ, ਸਿਉਦਾਦ ਰੀਅਲ ਅਤੇ ਅੰਡਾਲੂਸੀਆ ਵਿਚਾਲੇ ਰੇਲ ਸੇਵਾ ਰੋਕ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੈਡਰਿਡ ਤੋਂ ਸੇਵਿਲ ਜਾ ਰਹੀਆਂ ਇਨ੍ਹਾਂ ਰੇਲਗੱਡੀਆਂ ’ਚੋਂ ਇੱਕ ਨੇ ਰੁਕੀ ਹੋਈ ਗੱਡੀ ਨੂੰ ਟੱਕਰ ਮਾਰੀ। ਟੱਕਰ ਕਾਰਨ ਦੋ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵੇਲੇ ਸਰਕਾਰੀ ਕੰਪਨੀ ਰੇਨਫੇ ਦੀ ਰੇਲ ਵਿੱਚ 397 ਅਤੇ ਪ੍ਰਾਈਵੇਟ ਕੰਪਨੀ ਇਰੀਓ ਦੀ ਰੇਲ ਵਿੱਚ 147 ਮੁਸਾਫ਼ਰ ਸਵਾਰ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਨੇੜਲੇ ਸ਼ਹਿਰ ਉਰਦਾ ਦੇ ਮੇਅਰ ਮੈਨੂਅਲ ਗਲਾਨ ਨੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਲਈ ਸਿਵਲ ਸੁਰੱਖਿਆ ਅਧਿਕਾਰੀਆਂ ਨੇ ਖੇਡ ਪੈਵੇਲੀਅਨ ਤਿਆਰ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ਵਿੱਚ ਵੀ ਦੱਖਣੀ ਸਪੇਨ ਵਿੱਚ ਰੇਲਗੱਡੀ ਦੇ ਪਟੜੀ ਤੋਂ ਉਤਰ ਕੇ ਸਾਹਮਣਿਓਂ ਆਉਂਦੀ ਗੱਡੀ ਨਾਲ ਟਕਰਾਉਣ ਕਾਰਨ 45 ਜਣਿਆਂ ਦੀ ਮੌਤ ਹੋ ਗਈ ਸੀ। ਉਸ ਵਿੱਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਗੱਡੀਆਂ ਸ਼ਾਮਲ ਸਨ। ਇਨ੍ਹਾਂ ਘਟਨਾਵਾਂ ਨੇ ਦੇਸ਼ ਦੇ ਤੇਜ਼ ਰਫ਼ਤਾਰ ਰੇਲ ਨੈੱਟਵਰਕ ’ਤੇ ਸਵਾਲ ਖੜ੍ਹੇ ਕੀਤੇ ਹਨ।