ਰੋਬੋਟਿਕ ਤੇ ਡਰੋਨ ਜੰਗ ਵੱਲ ਵਧੀ ਅਮਰੀਕੀ ਫੌਜ
ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਇਸ ਵੇਲੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਭ ਤੋਂ ਵੱਡੇ ਪ੍ਰਸ਼ਾਸਨਿਕ ਅਤੇ ਸੰਚਾਲਨ ਫੇਰਬਦਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਰੱਖਿਆ ਮੰਤਰੀ ਪੀਟ ਹੇਗਸੇਥ ਵੱਲੋਂ ਕੁਆਂਟਿਕੋ ਮਰੀਨ ਕੋਰ ਬੇਸ ’ਤੇ ਆਪਣੇ ਸਾਲਾਨਾ 'ਸਟੇਟ ਆਫ਼ ਦ ਫੋਰਸ' ਸੰਬੋਧਨ ਦੌਰਾਨ ਕੀਤੇ ਐਲਾਨ ਸਿਰਫ਼ ਨਿਯਮਿਤ ਬਦਲਾਅ ਨਹੀਂ, ਸਗੋਂ ਰਵਾਇਤੀ ਫੌਜੀ ਢਾਂਚੇ ਨੂੰ ਜੜ੍ਹੋਂ ਹਿਲਾਉਣ ਵਾਲੀ ਰਣਨੀਤੀ ਹਨ। ਫੌਜ ਦੇ ਸਿਖਰਲੇ ਢਾਂਚੇ ਵਿੱਚੋਂ 20 ਪ੍ਰਤੀਸ਼ਤ ਜਨਰਲਾਂ ਅਤੇ ਐਡਮਿਰਲਾਂ ਦੀ ਛਾਂਟੀ ਅਤੇ ਓਟੋਨੋਮਸ ਤੇ ਰੋਬੋਟਿਕ ਵਾਰਫੇਅਰ (ਡਰੋਨ ਕਮਾਂਡ) ਲਈ ਨਵੀਂ ਚਾਰ-ਸਿਤਾਰਾ ਕਮਾਂਡ ਦੀ ਸਥਾਪਨਾ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਵਾਸ਼ਿੰਗਟਨ ਭਵਿੱਖੀ ਯੁੱਧਾਂ ਦੀ ਤਿਆਰੀ ਬਾਰੇ ਨਵੀਂ ਖਤਰਨਾਕ ਨੀਤੀ ਘੜਨਾ ਚਾਹੁੰਦਾ ਹੈ।
ਸੀਨੀਅਰ ਲੀਡਰਸ਼ਿਪ ਵਿਚ 20% ਕਟੌਤੀ
ਦੂਜੇ ਵਿਸ਼ਵ ਯੁੱਧ ਦੇ ਮੁਕਾਬਲੇ ਅਮਰੀਕੀ ਫੌਜ ਵਿੱਚ ਜ਼ਮੀਨੀ (ਫੀਲਡ) ਸੈਨਿਕਾਂ ਦੀ ਗਿਣਤੀ ਭਾਵੇਂ ਘਟੀ ਸੀ, ਪਰ ਇਸਦੇ ਉਲਟ ਉੱਚ-ਅਧਿਕਾਰੀਆਂ (ਫਲੈਗ-ਅਫਸਰਾਂ) ਦੀ ਤਾਦਾਦ ਲਗਾਤਾਰ ਵਧਦੀ ਰਹੀ ਸੀ। ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਪੈਂਟਾਗਨ ਦਾ ਫੈਸਲਾ-ਕੁੰਨ ਢਾਂਚਾ ਬਹੁਤ ਭਾਰੀ, ਸੁਸਤ ਅਤੇ ਨੌਕਰਸ਼ਾਹੀ ਦੇ ਜਾਲ਼ ਵਿੱਚ ਉਲਝਿਆ ਹੋਇਆ ਹੈ। ਇਸੇ ਲਈ ਸਿਖਰਲੇ 20 ਫੀਸਦੀ ਅਹੁਦਿਆਂ 'ਤੇ ਕਟੌਤੀ ਕਰਕੇ ਫੀਲਡ ਕਮਾਂਡਰਾਂ ਨੂੰ ਤੁਰੰਤ ਅਤੇ ਸੁਤੰਤਰ ਫੈਸਲੇ ਲੈਣ ਦੇ ਯੋਗ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।"
ਕਈ ਅਮਰੀਕੀ ਸੰਸਦ ਮੈਂਬਰਾਂ ਅਤੇ ਰੱਖਿਆ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਫੌਜ ਪਹਿਲਾਂ ਹੀ ਗੰਭੀਰ ਭੂ-ਰਾਜਨੀਤਿਕ ਚੁਣੌਤੀਆਂ ਨਾਲ ਜੂਝ ਰਹੀ ਹੈ, ਤਾਂ ਇੰਨੇ ਵੱਡੇ ਪੱਧਰ 'ਤੇ ਸੀਨੀਅਰ ਲੀਡਰਸ਼ਿਪ ਨੂੰ ਹਟਾਉਣਾ ਫੌਜ ਦੇ ਤਜਰਬੇ ਅਤੇ ਤਿਆਰੀ ਨੂੰ ਕਮਜ਼ੋਰ ਕਰ ਸਕਦਾ ਹੈ। ਆਲੋਚਕ ਇਸ ਨੂੰ ਫੌਜੀ ਲੀਡਰਸ਼ਿਪ ਦੇ ਸਿਆਸੀਕਰਨ ਵਜੋਂ ਵੀ ਦੇਖ ਰਹੇ ਹਨ।
ਨਵਾਂ ਡਰੋਨ ਕਮਾਂਡ: ਰਵਾਇਤੀ ਜਹਾਜ਼ਾਂ ਤੋਂ ਸਸਤੇ ਯੁੱਧ ਸਾਧਨਾਂ ਵੱਲ ਤਬਦੀਲੀ
ਯੂਕਰੇਨ ਜੰਗ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਰੋੜਾਂ ਡਾਲਰਾਂ ਦੇ ਟੈਂਕ ਅਤੇ ਲੜਾਕੂ ਜਹਾਜ਼ ਕੁਝ ਲੱਖਾਂ ਜਾਂ ਹਜ਼ਾਰਾਂ ਡਾਲਰਾਂ ਦੇ ਆਤਮਘਾਤੀ ਡਰੋਨਾਂ ਅੱਗੇ ਬੇਵੱਸ ਹੋ ਜਾਂਦੇ ਹਨ।
ਹੇਗਸੇਥ ਦੀ ਨੀਤੀ ਦਾ ਮੂਲ ਮੰਤਰ ਇਹ ਹੈ ਕਿ ਯੁੱਧ ਦੀ ਗਤੀ ਹੁਣ ਪੈਂਟਾਗਨ ਦੀ ਖਰੀਦ ਪ੍ਰਕਿਰਿਆ ਨਾਲੋਂ ਤੇਜ਼ ਹੋ ਚੁੱਕੀ ਹੈ।
ਨਵਾਂ ਚਾਰ-ਸਿਤਾਰਾ ਓਟੋਨੋਮਸ ਕਮਾਂਡ ਜ਼ਮੀਨੀ, ਹਵਾਈ ਅਤੇ ਸਮੁੰਦਰੀ ਰੋਬੋਟਿਕ ਸਿਸਟਮਾਂ ਨੂੰ ਇੱਕ ਸਾਂਝੀ ਛੱਤ ਹੇਠ ਲਿਆਏਗਾ, ਤਾਂ ਜੋ ਕਈ ਮਹੀਨਿਆਂ ਦੀ ਪ੍ਰਵਾਨਗੀ ਤੋਂ ਬਿਨਾਂ ਨਵੀਂ ਤਕਨੀਕ ਨੂੰ ਤੁਰੰਤ ਸਰਹੱਦਾਂ 'ਤੇ ਤਾਇਨਾਤ ਕੀਤਾ ਜਾ ਸਕੇ।
ਰਵਾਇਤੀ ਪੈਦਲ ਫੌਜ ਜਾਂ ਭਾਰੀ ਬਖ਼ਤਰਬੰਦ ਯੂਨਿਟਾਂ ਦੀ ਬਜਾਏ ਹੁਣ ਪਹਿਲ ਓਟੋਨੋਮਸ ਸਵਾਰਮਿੰਗ (ਡਰੋਨ ਝੁੰਡ) ਅਤੇ ਏਆਈ-ਸੰਚਾਲਿਤ ਹਥਿਆਰਾਂ ਨੂੰ ਦਿੱਤੀ ਜਾ ਰਹੀ ਹੈ।
ਸਿਲੀਕਾਨ ਵੈਲੀ ਦੀ ਐਂਟਰੀ: ਏਲਨ ਮਸਕ ਦੀ ਭੂਮਿਕਾ
ਪੈਂਟਾਗਨ ਹੁਣ ਲਾਕਹੀਡ ਮਾਰਟਿਨ ਅਤੇ ਬੋਇੰਗ ਵਰਗੇ ਰਵਾਇਤੀ ਰੱਖਿਆ ਠੇਕੇਦਾਰਾਂ 'ਤੇ ਨਿਰਭਰਤਾ ਘਟਾ ਕੇ ਨਿੱਜੀ ਤਕਨੀਕੀ ਕੰਪਨੀਆਂ ਨੂੰ ਅੱਗੇ ਲਿਆਉਣ ਦੀ ਨੀਤੀ 'ਤੇ ਚੱਲ ਰਿਹਾ ਹੈ। ਸਪੇਸਐਕਸ ਮੁਖੀ ਐਲਨ ਮਸਕ ਅਤੇ ਸਾਬਕਾ ਸਪੀਕਰ ਨਿਊਟ ਗਿੰਗਰਿਚ ਦੀ ਅਗਵਾਈ ਹੇਠ ਭਵਿੱਖੀ ਯੁੱਧ ਅਧਿਐਨ ਪਹਿਲਕਦਮੀ ਸ਼ੁਰੂ ਕਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅਮਰੀਕਾ ਵਪਾਰਕ ਤਕਨਾਲੋਜੀ, ਸੈਟੇਲਾਈਟ ਨੈੱਟਵਰਕ ਅਤੇ ਤੇਜ਼ ਪ੍ਰੋਟੋਟਾਈਪਿੰਗ ਨੂੰ ਸਿੱਧਾ ਫੌਜ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ। ਇਸ ਕਦਮ ਰਾਹੀਂ ਰਵਾਇਤੀ ਰੱਖਿਆ ਬਜਟ ਦੇ ਲੰਬੇ ਅਤੇ ਗੁੰਝਲਦਾਰ ਤੌਰ-ਤਰੀਕਿਆਂ ਨੂੰ ਪਾਸੇ ਕਰਕੇ, ਸਟਾਰਟ-ਅੱਪ ਸੱਭਿਆਚਾਰ ਦੀ ਤਰਜ਼ 'ਤੇ ਫੌਜੀ ਖੋਜ ਅਤੇ ਨਵੀਨਤਾ ਨੂੰ ਤੇਜ਼ ਕਰਨ ਦਾ ਯਤਨ ਕੀਤਾ ਜਾਵੇਗਾ।"
ਪੈਂਟਾਗਨ ਦਾ ਇਹ ਫੇਰਬਦਲ ਸਿਰਫ਼ ਇੱਕ ਪ੍ਰਸ਼ਾਸਨਿਕ ਕਦਮ ਨਹੀਂ, ਸਗੋਂ ਵੀਹਵੀਂ ਸਦੀ ਦੇ "ਵੱਡੇ ਜਹਾਜ਼, ਵੱਡੇ ਟੈਂਕ ਅਤੇ ਲੰਬੀ ਕਮਾਂਡ ਲੜੀ" ਵਾਲੇ ਮਾਡਲ ਨੂੰ ਖ਼ਤਮ ਕਰਕੇ ਇੱਕੀਵੀਂ ਸਦੀ ਦੇ "ਸਸਤੇ ਡਰੋਨ, ਏਆਈ ਅਤੇ ਸੁਤੰਤਰ ਕਮਾਂਡਰਾਂ" ਵਾਲੇ ਯੁੱਗ ਵੱਲ ਵਧਣ ਦਾ ਸਪੱਸ਼ਟ ਜੂਆ ਹੈ। ਕੀ ਇਹ ਸੁਧਾਰ ਅਮਰੀਕੀ ਫੌਜ ਨੂੰ ਵਧੇਰੇ ਚੁਸਤ ਬਣਾਉਣਗੇ ਜਾਂ ਸੰਕਟ ਦੇ ਸਮੇਂ ਸੰਸਥਾਗਤ ਤਜਰਬੇ ਦੀ ਘਾਟ ਕਾਰਨ ਮੁਸ਼ਕਲਾਂ ਖੜ੍ਹੀਆਂ ਕਰਨਗੇ—ਇਹ ਆਉਣ ਵਾਲੇ ਸਮੇਂ ਵਿੱਚ ਗਲੋਬਲ ਸੁਰੱਖਿਆ ਸਮੀਕਰਨਾਂ ਤੋਂ ਹੀ ਸਪੱਸ਼ਟ ਹੋਵੇਗਾ।










Comments (0)