ਗੁਰਮਤਿ ਰਹਿਣੀ ਦਾ ਦਰਪਣ: ਰਹਿਤਨਾਮੇ ਅਤੇ ਸਮਕਾਲੀ ਸਿੱਖ ਜੀਵਨ-ਜਾਚ
ਰਜਿੰਦਰ ਸਿੰਘ ਕੁਰਾਲੀ
ਖ਼ਾਲਸਾ ਪੰਥ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਰੂਹਾਨੀਅਤ ਦੇ ਪਾਵਨ ਮੁਕਾਮ ਨਾਲ ਅਭੇਦ ਹੈ। ਸਮਾਜਿਕ ਨਿਆਂ ਦੀ ਸਥਾਪਨਾ ਲਈ ਖ਼ਾਲਸੇ ਨੂੰ ਮੁਸੀਬਤਾਂ ਦੇ ਪਹਾੜਾਂ ਨਾਲ ਟਕਰਾਉਣਾ ਪਿਆ। ਇੱਕ ਸਮਾਂ ਅਜਿਹਾ ਆਇਆ ਜਦੋਂ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਹੋ ਗਿਆ। ਖ਼ੌਫ਼ ਦੀਆਂ ਹਵਾਵਾਂ ਨੂੰ ਚੀਰ ਕੇ ਅਤੇ ਮੌਤ ਦੇ ਦਰਿਆਵਾਂ ਨੂੰ ਪਾਰ ਕਰਕੇ ਸਿੱਖਾਂ ਨੇ ਮਾਨਵ-ਹਿਤੈਸ਼ੀ ਰਾਜ ਸਥਾਪਤ ਕੀਤਾ। ਮੁਗ਼ਲ ਹਕੂਮਤ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ’ਤੇ ਤੁਲੀ ਹੋਈ ਸੀ। ਦੂਜੇ ਪਾਸੇ, ਪਹਾੜੀ ਰਾਜਿਆਂ ਦੀ ਜਗੀਰਦਾਰੂ ਅਤੇ ਜਾਤੀ-ਹੰਕਾਰ ਨਾਲ ਭਰੀ ਸੋਚ ਖ਼ਾਲਸੇ ਦੀ ਲੋਕਤੰਤਰੀ ਤੇ ਬਰਾਬਰੀ ਵਾਲੀ ਭਾਵਨਾ ਨਾਲ ਟਕਰਾ ਰਹੀ ਸੀ। ਪੁਜਾਰੀਵਾਦ ਦੇ ਕਰਮਕਾਂਡਾਂ ਤੇ ਅੰਧਵਿਸ਼ਵਾਸਾਂ ਤੋਂ ਸਿੱਖਾਂ ਨੂੰ ਬਚਾ ਕੇ ਉਨ੍ਹਾਂ ਦਾ ਨਿਆਰਾਪਣ ਕਾਇਮ ਰੱਖਣਾ ਉਸ ਦੌਰ ਦੀ ਇੱਕ ਵੱਡੀ ਚੁਣੌਤੀ ਸੀ। ਇਨ੍ਹਾਂ ਬਿਖੜੇ ਹਾਲਾਤ ਦਾ ਸਾਹਮਣਾ ਕੌਮ ਨੇ ‘ਗੁਰੂ ਮਾਨਿਓ ਗ੍ਰੰਥ’ ਦੀ ਬਰਕਤ ਨਾਲ ਕੀਤਾ। ਗੁਰਬਾਣੀ ਦੇ ਨਿਰੰਤਰ ਚਾਨਣ ਨੇ ਸਿੱਖ ਨੂੰ ਚੜ੍ਹਦੀ ਕਲਾ ਬਖ਼ਸ਼ੀ, ਦ੍ਰਿਸ਼ਟੀਕੋਣ ਨੂੰ ਵਿਸ਼ਾਲਤਾ ਅਤੇ ਇਰਾਦਿਆਂ ਨੂੰ ਲੋਹੇ ਵਰਗੀ ਦ੍ਰਿੜ੍ਹਤਾ ਪ੍ਰਦਾਨ ਕੀਤੀ। ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਲਿਖੇ ਗਏ ਰਹਿਤਨਾਮੇ ਤਤਕਾਲੀ ਹਾਲਾਤ ਅਤੇ ਸਿੱਖ ਸੱਭਿਆਚਾਰ ਦੀ ਸੱਚੀ ਤਰਜਮਾਨੀ ਕਰਦੇ ਹਨ। ਇਹ ਕੌਮ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਕੇ ਸਿੱਖ ਮਾਨਸਿਕਤਾ ਨੂੰ ਰਣ-ਤੱਤੇ ਵਿੱਚ ਜੂਝਣ ਲਈ ਤਿਆਰ ਕਰਦੇ ਹਨ। ਇਨ੍ਹਾਂ ਵਿੱਚ ਉੱਚੇ ਇਖ਼ਲਾਕ ਅਤੇ ਇਨਸਾਨੀਅਤ ਪ੍ਰਤੀ ਪਿਆਰ ਝਲਕਦਾ ਹੈ। ਸਿੱਖੀ ਬਾਹਰੀ ਕਰਮਕਾਂਡਾਂ ਦੀ ਥਾਂ ਸ਼ੁਭ ਅਮਲਾਂ ਨੂੰ ਪ੍ਰਮੁੱਖਤਾ ਦਿੰਦੀ ਹੈ, ਇਸੇ ਲਈ ਸਿੱਖ ਨਾਲੋਂ ਉਸ ਦੀ ਰਹਿਤ ਗੁਰੂ ਨੂੰ ਵਧੇਰੇ ਪਿਆਰੀ ਮੰਨੀ ਗਈ ਹੈ:
ਰਹਿਣੀ ਰਹੈ ਸੋਈ ਸਿਖ ਮੇਰਾ॥
ਓੁਹ ਸਾਹਿਬ ਮੈ ਉਸਕਾ ਚੇਰਾ॥
ਰਹਿਤਨਾਮੇ ਜੀਵਨ ਵਿੱਚ ਆਤਮ-ਅਨੁਸ਼ਾਸਨ ਪੈਦਾ ਕਰਦੇ ਹਨ, ਵਿਅਕਤੀਵਾਦ ਦੀ ਥਾਂ ਪੰਥ ਨੂੰ ਪ੍ਰਮੁੱਖਤਾ ਦਿੰਦੇ ਹਨ ਅਤੇ ਮਾਨਵਤਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਜਗਾਉਂਦੇ ਹਨ। ਚੜ੍ਹਦੀ ਕਲਾ ਅਤੇ ‘ਸਰਬੱਤ ਦਾ ਭਲਾ’ ਸਿੱਖ ਦੇ ਰੋਮ-ਰੋਮ ਵਿੱਚ ਵਸਿਆ ਹੁੰਦਾ ਹੈ। ਇਹ ਸਿਧਾਂਤ ਭਰਮ ਅਤੇ ਭੇਖ ਦੋਵਾਂ ਨੂੰ ਰੱਦ ਕਰਦੇ ਹਨ। ਜੀਵਨ ਨੂੰ ਮਾਨਵਤਾ ਦੀ ਸੇਵਾ ਲਈ ਸਮਰਪਿਤ ਕਰਨਾ ਹੀ ਸਿੱਖੀ ਦੀ ਲਾਜ਼ਮੀ ਸ਼ਰਤ ਹੈ:
ਭੇਖ ਪਿਆਰਾ ਨਾਹਿ ਮਮ ਵਰਣ ਪਿਆਰਾ ਨਾਹਿ॥
ਰਹਿਤ ਪਿਆਰੀ ਮੋਹ ਕੋ ਸਿਦਕ ਪਿਆਰਾ ਆਹਿ॥
ਔਰਤ ਦੇ ਸਨਮਾਨ ਅਤੇ ਉਸ ਨੂੰ ਵਿਕਾਸ ਦੇ ਬਰਾਬਰ ਅਵਸਰ ਪ੍ਰਦਾਨ ਕਰਨ ਲਈ ਸਿੱਖ ਧਰਮ ਨੇ ਇਨਕਲਾਬੀ ਪੈੜਾਂ ਪਾਈਆਂ ਹਨ। ਰਹਿਤਨਾਮਿਆਂ ਵਿੱਚ ਸੁਚੱਜੀ ਨਾਰੀ ਦਾ ਮਾਣਮੱਤਾ ਬਿੰਬ ਉੱਭਰਦਾ ਹੈ। ਭਾਈ ਚਉਪਾ ਸਿੰਘ ਛਿੱਬਰ ਦੇ ਰਹਿਤਨਾਮੇ ਵਿੱਚ ਸਿੱਖ ਇਸਤਰੀ ਨੂੰ ਗੁਰਬਾਣੀ ਕੰਠ ਕਰਨ, ਦੋਵੇਂ ਵੇਲੇ ਗੁਰਦੁਆਰਾ ਸਾਹਿਬ ਜਾਣ ਅਤੇ ਆਪਣੇ ਪਰਿਵਾਰ ਨੂੰ ਗੁਰਮਤਿ ਮਾਰਗ ’ਤੇ ਤੋਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸਿੱਖ ਰਹਿਤ ਵਿੱਚ ਪਰਾਈ ਇਸਤਰੀ ਪ੍ਰਤੀ ਮਾੜੀ ਨਜ਼ਰ ਰੱਖਣ ਦੀ ਬਜਾਏ ਉਸ ਦੇ ਆਦਰ-ਸਤਿਕਾਰ ਦੀ ਮਰਯਾਦਾ ਨਿਰਧਾਰਿਤ ਕੀਤੀ ਗਈ ਹੈ:
ਪਰ ਬੇਟੀ ਕੋ ਬੇਟੀ ਜਾਨੈ॥
ਪਰ ਇਸਤ੍ਰੀ ਕੋ ਮਾਤ ਬਖਾਨੈ॥
ਅਪਨਿ ਇਸਤ੍ਰੀ ਸੋਂ ਰਤਿ ਹੋਈ॥
ਰਹਿਤਵੰਤ ਸਿੰਘ ਹੈ ਸੋਈ॥
ਲੜਕੀ ਦਾ ਮੁੱਲ ਵੱਟ ਕੇ ਅਯੋਗ ਥਾਂ ਰਿਸ਼ਤਾ ਕਰਨ ਦੀ ਸਖ਼ਤ ਮਨਾਹੀ ਕਰਦਿਆਂ ਗੁਰਸਿੱਖ ਪਰਿਵਾਰ ਵਿੱਚ ਯੋਗ ਵਰ ਨਾਲ ਨਿਸ਼ਕਾਮ ਵਿਆਹ ਕਰਨ ਦੀ ਹਦਾਇਤ ਕੀਤੀ ਗਈ ਹੈ:
ਕੰਨਿਆ ਦੇਵੈ ਸਿਖ ਕੋ ਲੇਵੈ ਨਹਿ ਕਿਛੁ ਦਾਮ॥
ਸੋਈ ਮੇਰਾ ਸਿਖ ਹੈ ਪਹੁਚੇ ਗੁਰ ਦੇ ਧਾਮ॥
ਭਾਈ ਸਾਹਿਬ ਸਿੰਘ ਦੇ ਮੁਕਤਿਨਾਮੇ ਵਿੱਚ ਅਨੰਦ ਕਾਰਜ ਦੀ ਰੀਤ ਅਨੁਸਾਰ ਵਿਆਹ ਕਰਵਾਉਣ ਦੀ ਤਾਕੀਦ ਕੀਤੀ ਗਈ ਹੈ ਅਤੇ ਪਰ-ਇਸਤਰੀ ਗਮਨ ਨੂੰ ਬੱਜਰ ਕੁਰਹਿਤ ਕਰਾਰ ਦਿੱਤਾ ਗਿਆ ਹੈ:
ਬਿਨਾ ਅਨੰਦ ਬਿਵਾਹ ਤੇ ਭੁਗਤੇ ਪਰ ਕੀ ਜੋਇ॥
ਸੁਣ ਸਿਖਾ ਗੁਰ ਕਹਿ ਥੱਕੇ ਮੇਰਾ ਸਿੱਖ ਨਾ ਸੋਇ॥
ਬੱਚਿਆਂ ਨੂੰ ਸਿੱਖੀ ਰਹਿਣੀ ਨਾਲ ਜੋੜਨ ਦੀ ਜ਼ਿੰਮੇਵਾਰੀ ਮਾਤਾ-ਪਿਤਾ ਦੋਵਾਂ ਨੂੰ ਸਾਂਝੇ ਤੌਰ ’ਤੇ ਨਿਭਾਉਣ ਲਈ ਕਿਹਾ ਗਿਆ ਹੈ:
ਸਿਖ ਸਿਖਣੀ ਮਿਲ ਬਹਹਿੰ ਚਰਚਾ ਕਰਹਿ ਅਪਾਰ॥
ਭਜਨ ਸਿਖਾਵਹਿ ਪੁਤ੍ਰ ਕੋ ਹਰਿ ਭਜ ਬਾਰੰਬਾਰ॥
ਰਹਿਤਨਾਮੇ ਗੁਰਮੁਖੀ ਅੱਖਰਾਂ ਪ੍ਰਤੀ ਅਥਾਹ ਸਨੇਹ ਨਾਲ ਭਰਪੂਰ ਹਨ। ਗੁਰਮੁਖੀ ਸਿੱਖਣਾ ਲਾਜ਼ਮੀ ਕਰਾਰ ਦਿੱਤਾ ਗਿਆ, ਨਾਲ ਹੀ ਗਿਆਨ ਦਾ ਘੇਰਾ ਵਿਸ਼ਾਲ ਕਰਨ ਲਈ ਹੋਰ ਭਾਸ਼ਾਵਾਂ ਅਤੇ ਵਿੱਦਿਆਵਾਂ ਸਿੱਖਣ ਦੀ ਖੁੱਲ੍ਹ ਵੀ ਦਿੱਤੀ ਗਈ। ਪ੍ਰੰਤੂ ਉਸ ਵੇਲੇ ਹਾਕਮ ਧਿਰ ਦੇ ਗ਼ਲਬੇ ਅਤੇ ਹੰਕਾਰ ਦਾ ਪ੍ਰਤੀਕ ਬਣੀ ਫ਼ਾਰਸੀ ਦੀ ਸਰਦਾਰੀ ਦਾ ਵਿਰੋਧ ਦਰਜ ਕੀਤਾ ਗਿਆ, ਜੋ ਕਿ ਕਿਸੇ ਭਾਸ਼ਾ ਦਾ ਨਹੀਂ ਸਗੋਂ ਮਾਨਸਿਕ ਗ਼ੁਲਾਮੀ ਦਾ ਪ੍ਰਤੀਰੋਧ ਸੀ:
ਗੁਰਮੁਖੀ ਅੱਖਰ ਜੋ ਹੈ ਭਾਈ॥ ਸਿੰਘ ਸਿੰਘ ਤੇ ਸੀਖੇ ਜਾਈ॥
ਔਰ ਜੁ ਬਿਦਯਾ ਜਹ ਤਹ ਹੋਈ॥ ਅਵਰਨ ਤੇ ਭੀ ਲੇਵਹੁ ਸੋਈ॥
ਨਸ਼ਿਆਂ ਵਿਰੁੱਧ ਸੁਚੇਤ ਕਰਦਿਆਂ ਤੰਬਾਕੂ ਅਤੇ ਭੰਗ ਆਦਿ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਵਰਜਿਆ ਗਿਆ:
ਭਾਂਗ ਤਮਾਕੂ ਨਿਕਟ ਨ ਜਾਵੈ॥ ਤਿਨ ਤੇ ਭੀ ਸੁਚਿ ਦੇਗ ਕਰਾਵੈ॥
ਰਹਿਤਨਾਮਿਆਂ ਵਿੱਚ ‘ਤੁਰਕ’ ਪ੍ਰਤੀ ਜੋ ਸਖ਼ਤ ਵਿਰੋਧ ਦਰਜ ਹੈ, ਉਹ ਕਿਸੇ ਧਾਰਮਿਕ ਨਫ਼ਰਤ ਕਾਰਨ ਨਹੀਂ ਸਗੋਂ ਜ਼ਾਲਮ ਅਤੇ ਹੰਕਾਰੀ ਹਕੂਮਤੀ ਢਾਂਚੇ ਦੇ ਖ਼ਿਲਾਫ਼ ਸੀ। ਇਹ ਉਨ੍ਹਾਂ ਤਾਕਤਾਂ ਨੂੰ ਵੰਗਾਰ ਸੀ ਜੋ ਮਨੁੱਖੀ ਅਧਿਕਾਰ ਕੁਚਲ ਰਹੀਆਂ ਸਨ:
ਗੋ ਬ੍ਰਾਹਮਣ ਕੀ ਰੱਖਿਆ ਕਰੈ॥ ਤੁਰਕਨ ਸੋਂ ਅਤਿ ਹਠ ਕਰਿ ਮਰੈ॥
ਤੁਰਕ ਦੇਖ ਨਹਿ ਸੀਸ ਨਿਵਾਵੈ॥ ਰਹਿਤਵੰਤ ਜੇ ਸਿੰਘ ਕਹਾਵੈ॥
ਭਾਈ ਦੇਸਾ ਸਿੰਘ ਅਨੁਸਾਰ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ, ਪਟਨਾ ਸਾਹਿਬ ਅਤੇ ਅਬਚਲ ਨਗਰ (ਹਜ਼ੂਰ ਸਾਹਿਬ) ਸਿੱਖ ਸ਼ਰਧਾ ਦੇ ਪ੍ਰਮੁੱਖ ਕੇਂਦਰ ਮੰਨੇ ਗਏ। ਗੁਰਬਾਣੀ ਨੂੰ ਇਕਾਗਰ ਚਿੱਤ ਹੋ ਕੇ ਸਰਵਣ ਕਰਨ ਦਾ ਆਦੇਸ਼ ਹੈ:
ਪਾਠ ਗ੍ਰੰਥ ਕੋ ਹੋਇ ਜਹਿੰ ਹਰਿ ਕਥਾ ਬਖਾਨ॥
ਤਹ ਕਛੁ ਅਵਰ ਨ ਬੋਲਈ ਸੁਨੀਏ ਲਾਇ ਧਿਆਨ॥
ਸਿੱਖ ਧਰਮ ਵਿੱਚ ਦੇਹਧਾਰੀ ਗੁਰੂ ਦਾ ਕੋਈ ਸੰਕਲਪ ਨਹੀਂ; ਸ਼ਬਦ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਆਤਮਿਕ ਜੋਤ ਅਤੇ ਖ਼ਾਲਸਾ ਪੰਥ ਵਿੱਚ ਦੇਹ ਦੀ ਮਾਨਤਾ ਹੈ। ਭਾਈ ਦਇਆ ਸਿੰਘ ਜੀ ਫ਼ੁਰਮਾਉਂਦੇ ਹਨ:
ਸ੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ॥
ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਨ॥
ਰਹਿਤਨਾਮੇ ‘ਰਾਜ ਕਰੇਗਾ ਖ਼ਾਲਸਾ’ ਦੀ ਭਾਵਨਾ ਤਹਿਤ ਸਿਆਸੀ ਚੇਤਨਾ ਅਤੇ ਜਥੇਬੰਦਕ ਤਾਕਤ ਦਾ ਸੰਦੇਸ਼ ਦਿੰਦੇ ਹਨ। ਗੁਰਮਤਿ ਵਿੱਚ ਸੱਤਾ ਦਾ ਮਤਲਬ ਹੰਕਾਰ ਜਾਂ ਸ਼ੋਸ਼ਣ ਨਹੀਂ, ਸਗੋਂ ਦੀਨ-ਦੁਖੀਆਂ ਦੀ ਨਿਰਸਵਾਰਥ ਸੇਵਾ ਹੈ:
ਆਪ ਸਿੰਘ ਜੋ ਰਾਜਾ ਹੋਈ॥ ਨਿਰਧਨ ਸਿੰਘਨ ਪਾਲੈ ਸੋਈ॥
ਜੋ ਸਿੰਘਨ ਕੀ ਕਾਰ ਕਮਾਵੈ॥ ਸੋ ਸਿੰਘਨ ਕਾ ਰਾਜਾ ਕਹਾਵੈ॥
ਭਾਵ ਜੇ ਕੋਈ ਸਿੰਘ ਸ਼ਾਸਕ ਜਾਂ ਆਗੂ ਬਣਦਾ ਹੈ ਤਾਂ ਉਸ ਦਾ ਪ੍ਰਮੁੱਖ ਫ਼ਰਜ਼ ਗ਼ਰੀਬ, ਕਮਜ਼ੋਰ ਅਤੇ ਲੋੜਵੰਦ ਪਰਜਾ ਦੀ ਪਾਲਣਾ-ਪੋਸ਼ਣਾ ਤੇ ਆਰਥਿਕ ਸਹਾਇਤਾ ਕਰਨਾ ਹੈ। ਸੱਚਾ ਹਾਕਮ ਉਹੀ ਹੈ ਜੋ ਜਨਤਾ ਦੀ ਨਿਸ਼ਕਾਮ ਸੇਵਾ ਕਰਦਾ ਹੈ:
ਨਿਰਧਨ ਖਾਲਸੇ ਨੇਹੁ ਲਗਾਵੈ॥ ਧਨ-ਬਾਜ਼ੀ ਦੇ ਪ੍ਰੀਤਿ ਬਢਾਵੈ॥
ਪਰਦੇਸੀ ਸਿੰਘਨ ਜਬ ਦੇਖੈ॥ ਉਨ ਕੀ ਸੇਵਾ ਕਰੇ ਬਿਸੇਖੈ॥
ਗ਼ਰੀਬ ਅਤੇ ਲੋੜਵੰਦਾਂ ਨਾਲ ਸਨੇਹ ਰੱਖਣਾ, ਉਨ੍ਹਾਂ ਦੀ ਮਦਦ ਕਰਨਾ ਅਤੇ ਬਾਹਰੋਂ ਆਏ ਪਰਦੇਸੀ ਜਾਂ ਮੁਸਾਫ਼ਰ ਗੁਰਸਿੱਖ ਦੀ ਉਚੇਚੀ ਸੇਵਾ-ਸੰਭਾਲ ਕਰਨਾ ਗੁਰਸਿੱਖ ਰਹਿਣੀ ਦਾ ਅਨਿੱਖੜਵਾਂ ਅੰਗ ਹੈ।











Comments (0)