ਟਰੰਪ ਬਨਾਮ ਈਰਾਨ: ਕੀ ਛਿੜੇਗੀ ਵੱਡੀ ਜੰਗ?
ਅਮਰੀਕਾ ਨੇ ਮੱਧ ਪੂਰਬ ਵਿੱਚ ਆਪਣੀ ਫ਼ੌਜੀ ਤਾਕਤ ਵਧਾਉਂਦਿਆਂ ਤੀਜਾ ਜੰਗੀ ਬੇੜਾ (ਏਅਰਕ੍ਰਾਫਟ ਕੈਰੀਅਰ) ਅਤੇ ਕਰੀਬ 9,000 ਨਵੇਂ ਜਵਾਨ (7,000 ਜਲ ਸੈਨਿਕ ਅਤੇ 2,000 ਮਰੀਨ) ਰਵਾਨਾ ਕਰ ਦਿੱਤੇ ਹਨ। ਇਸ ਕਦਮ ਨਾਲ ਇਸ ਖੇਤਰ ਵਿੱਚ ਅਮਰੀਕੀ ਜਵਾਨਾਂ ਦੀ ਗਿਣਤੀ 20,000 ਤੋਂ ਪਾਰ ਪਹੁੰਚ ਚੁਕੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣੇ ਜਿਹੇ ਕਿਹਾ ਸੀ ਕਿ ਈਰਾਨ ਉਪਰ ਜਲਦ ਹੀ "ਬਹੁਤ ਵਡਾ ਹਮਲਾ" ਹੋ ਸਕਦਾ ਹੈ।ਟਰੰਪ ਦੇ ਇਸ ਬਿਆਨ ਨੇ ਵਿਸ਼ਵ ਪੱਧਰ 'ਤੇ ਹਲਚਲ ਮਚਾ ਦਿੱਤੀ ਹੈ। ਇਸ ਕਦਮ ਦਾ ਮੁੱਖ ਮਕਸਦ ਈਰਾਨ 'ਤੇ ਭਾਰੀ ਮਨੋਵਿਗਿਆਨਕ ਦਬਾਅ ਬਣਾਉਣਾ ਹੈ।
ਹਾਲ ਹੀ ਵਿੱਚ ਦੁਬਈ ਤੋਂ ਇਜ਼ਰਾਈਲ ਜਾ ਰਹੇ ਜਹਾਜ਼ ਨੂੰ ਹਾਦਸਾਗ੍ਰਸਿਤ ਕਰਨ ਦੀ ਕੋਸ਼ਿਸ਼ ਹੋਈ ਸੀ। ਇਸ ਤੋਂ ਇਲਾਵਾ ਮਦੀਨਾ ਦੇ ਬਿਜਲੀ ਘਰ 'ਤੇ ਡਰੋਨ ਹਮਲਾ ਕੀਤਾ ਗਿਆ ਸੀ। ਬਰਤਾਨਵੀ ਹਵਾਈ ਅੱਡੇ ਨੇੜੇ ਵੀ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਸੀ।
ਅਮਰੀਕਾ ਇਨ੍ਹਾਂ ਘਟਨਾਵਾਂ ਪਿੱਛੇ ਈਰਾਨ ਦਾ ਹੱਥ ਦੱਸ ਰਿਹਾ ਹੈ। ਇਸੇ ਆਧਾਰ 'ਤੇ ਹੁਣ ਸਿੱਧੀ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਇਸ ਤਣਾਅ ਕਾਰਨ ਜੰਗ ਦਾ ਖ਼ਤਰਾ ਵਧ ਗਿਆ ਹੈ। ਇਸ ਨਾਲ ਸੰਸਾਰਕ ਅਰਥਚਾਰੇ 'ਤੇ ਵੀ ਵੱਡਾ ਸੰਕਟ ਮੰਡਰਾ ਰਿਹਾ ਹੈ।
ਕੀ ਇਹ ਲੰਬੀ ਜੰਗ ਬਣੇਗੀ?
ਰਾਸ਼ਟਰਪਤੀ ਟਰੰਪ ਨੇ ਚੋਣ ਰੈਲੀਆਂ ਵਿੱਚ ਕਿਹਾ ਹੈ ਕਿ ਜੇਕਰ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਮੱਧਕਾਲੀ ਚੋਣਾਂ ਤੋਂ ਬਾਅਦ ਜਾਂ ਪਹਿਲਾਂ ਵੱਡੀ ਫ਼ੌਜੀ ਕਾਰਵਾਈ ਕੀਤੀ ਜਾ ਸਕਦੀ ਹੈ।ਜੇਕਰ ਅਮਰੀਕਾ ਈਰਾਨ ਦੇ ਪਰਮਾਣੂ ਜਾਂ ਊਰਜਾ ਟਿਕਾਣਿਆਂ 'ਤੇ ਸਿੱਧੇ ਹਵਾਈ ਜਾਂ ਮਿਜ਼ਾਈਲ ਹਮਲੇ ਤੇਜ਼ ਕਰਦਾ ਹੈ, ਤਾਂ ਇਹ ਸਿਰਫ਼ ਦੋ ਦੇਸ਼ਾਂ ਤੱਕ ਸੀਮਤ ਨਹੀਂ ਰਹੇਗੀ।ਯਮਨ ਦੇ ਹੂਤੀ, ਲੇਬਨਾਨ ਅਤੇ ਇਰਾਕ ਵਿੱਚ ਸਰਗਰਮ ਧੜੇ ਖੁੱਲ੍ਹ ਕੇ ਮੈਦਾਨ ਵਿੱਚ ਉੱਤਰਨਗੇ। ਹੋਰਮੁਜ਼ ਜਲਡਮਰੂ ਬੰਦ ਹੋਣ ਨਾਲ ਇਹ ਟਕਰਾਅ ਮਹੀਨਿਆਂ ਜਾਂ ਸਾਲਾਂ ਤੱਕ ਖਿੱਚ ਸਕਦਾ ਹੈ, ਜਿਸ ਨਾਲ ਇਹ ਪੂਰੇ ਮੱਧ ਪੂਰਬ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਲੰਬੀ ਜੰਗ ਬਣ ਜਾਵੇਗੀ।
ਕੀ ਈਰਾਨ ਅਮਰੀਕਾ ਅਗੇ ਗੋਡੇ ਟੇਕੇਗਾ?
ਟਰੰਪ ਭਾਵੇਂ ਦਾਅਵਾ ਕਰ ਰਹੇ ਹਨ ਕਿ ਈਰਾਨ ਸਮਝੌਤੇ ਲਈ ਲਚਾਰ ਹੋ ਚੁੱਕਾ ਹੈ, ਪਰ ਜ਼ਮੀਨੀ ਹਕੀਕਤ ਵੱਖਰੀ ਹੈ।
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸਪੱਸ਼ਟ ਕੀਤਾ ਹੈ ਕਿ "ਅਮਰੀਕਾ ਸਾਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਦਾ ਖ਼ਿਆਲ ਆਪਣੇ ਦਿਮਾਗ਼ ਵਿੱਚੋਂ ਕੱਢ ਦੇਵੇ।"
ਭਾਵੇਂ ਅਮਰੀਕੀ ਬੰਬਾਰੀ ਅਤੇ ਪਾਬੰਦੀਆਂ ਨੇ ਈਰਾਨੀ ਅਰਥਵਿਵਸਥਾ ਨੂੰ ਭਾਰੀ ਢਾਹ ਲਾਈ ਹੈ, ਪਰ ਈਰਾਨੀ ਲੀਡਰਸ਼ਿਪ ਆਪਣੀ ਹੋਂਦ ਅਤੇ ਖੇਤਰੀ ਵੱਕਾਰ ਦੀ ਖ਼ਾਤਰ ਆਤਮ-ਸਮਰਪਣ ਕਰਨ ਦੀ ਬਜਾਏ ਲੜਾਈ ਜਾਰੀ ਰੱਖਣ ਅਤੇ ਡਰੋਨ ਹਮਲਿਆਂ ਰਾਹੀਂ ਜਵਾਬ ਦੇਣ 'ਤੇ ਅੜੀ ਹੋਈ ਹੈ।
ਜੰਗ ਕੌਣ ਜਿੱਤੇਗਾ ਜਾਂ ਹਾਰੇਗਾ?
ਅਮਰੀਕਾ ਤਕਨੀਕੀ ਅਤੇ ਹਥਿਆਰਾਂ ਦੇ ਪੱਖੋਂ ਬਹੁਤ ਅੱਗੇ ਹੈ, ਪਰ ਉਹ ਈਰਾਨ ਵਰਗੇ ਭੂਗੋਲਿਕ ਤੌਰ 'ਤੇ ਪਹਾੜੀ ਅਤੇ 8 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ 'ਤੇ ਕਬਜ਼ਾ ਨਹੀਂ ਕਰ ਸਕਦਾ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਜੰਗ ਕਾਰਨ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਖ਼ੁਰਾਕ ਅਤੇ ਊਰਜਾ ਦਾ ਵੱਡਾ ਸੰਕਟ ਪੈਦਾ ਹੋ ਰਿਹਾ ਹੈ।
ਅਮਰੀਕਾ ਨੂੰ ਕੀ ਹੋ ਰਿਹਾ ਹੈ ਆਰਥਿਕ ਨੁਕਸਾਨ?
ਆਮ ਅਮਰੀਕੀ ਨਾਗਰਿਕ ਇਸ ਜੰਗ ਦੀ ਭਾਰੀ ਕੀਮਤ ਚੁਕਾ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋਣ ਕਾਰਨ ਅਮਰੀਕਾ ਵਿੱਚ ਟਰਾਂਸਪੋਰਟੇਸ਼ਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਵਧ ਗਈ ਹੈ।ਹਜ਼ਾਰਾਂ ਸੈਨਿਕਾਂ, ਲੜਾਕੂ ਜਹਾਜ਼ਾਂ ਅਤੇ ਏਅਰਕ੍ਰਾਫਟ ਕੈਰੀਅਰਾਂ ਨੂੰ ਤਾਇਨਾਤ ਰੱਖਣ 'ਤੇ ਰੋਜ਼ਾਨਾ ਅਰਬਾਂ ਡਾਲਰ ਖ਼ਰਚ ਹੋ ਰਹੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਬੋਝ ਵਧ ਰਿਹਾ ਹੈ।
ਸਿਆਸੀ ਨੁਕਸਾਨ: ਆਰਥਿਕ ਦਬਾਅ ਕਾਰਨ ਦੇਸ਼ ਅੰਦਰ ਰਾਸ਼ਟਰਪਤੀ ਟਰੰਪ ਦੀ ਮਕਬੂਲੀਅਤ ਵਿੱਚ ਭਾਰੀ ਗਿਰਾਵਟ ਆ ਰਹੀ ਹੈ।
ਕਿਹੜੇ ਅਮਰੀਕੀ ਕਾਰਪੋਰੇਟਰਾਂ ਨੂੰ ਹੋ ਰਿਹਾ ਹੈ ਫਾਇਦਾ?
ਜਿੱਥੇ ਆਮ ਜਨਤਾ ਮਹਿੰਗਾਈ ਝੱਲ ਰਹੀ ਹੈ, ਉੱਥੇ ਦੋ ਵੱਡੇ ਕਾਰਪੋਰੇਟ ਖੇਤਰਾਂ ਨੂੰ ਭਾਰੀ ਮੁਨਾਫ਼ਾ ਹੋ ਰਿਹਾ ਹੈ:
ਡਿਫੈਂਸ ਕੰਟਰੈਕਟਰ (ਹਥਿਆਰ ਬਣਾਉਣ ਵਾਲੀਆਂ ਕੰਪਨੀਆਂ): ਲੌਕਹੀਡ ਮਾਰਟਿਨ , ਰੇਥੀਓਨ , ਜਨਰਲ ਡਾਇਨਾਮਿਕਸ ਅਤੇ ਬੋਇੰਗ ਵਰਗੀਆਂ ਰੱਖਿਆ ਕੰਪਨੀਆਂ ਦੇ ਸ਼ੇਅਰਾਂ ਅਤੇ ਆਰਡਰਾਂ ਵਿੱਚ ਭਾਰੀ ਵਾਧਾ ਹੋਇਆ ਹੈ। ਬੰਬਾਂ, ਮਿਜ਼ਾਈਲਾਂ ਅਤੇ ਜੰਗੀ ਜਹਾਜ਼ਾਂ ਦੀ ਮੰਗ ਇਨ੍ਹਾਂ ਲਈ ਵੱਡਾ ਕਾਰੋਬਾਰ ਲੈ ਕੇ ਆਈ ਹੈ।
ਅਮਰੀਕੀ ਊਰਜਾ ਤੇ ਤੇਲ ਕੰਪਨੀਆਂ: ਐਕਸਨਮੋਬਿਲ ਅਤੇ ਸ਼ੇਵਰੋਨ ਵਰਗੀਆਂ ਵੱਡੀਆਂ ਤੇਲ ਕੰਪਨੀਆਂ ਗਲੋਬਲ ਸਪਲਾਈ ਵਿੱਚ ਵਿਘਨ ਅਤੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਰਿਕਾਰਡ ਮੁਨਾਫ਼ਾ ਕਮਾ ਰਹੀਆਂ ਹਨ। ਅਮਰੀਕਾ ਵੱਲੋਂ ਡੀਜ਼ਲ ਨਿਰਯਾਤ ਜਾਰੀ ਰੱਖਣ ਦੇ ਫ਼ੈਸਲੇ ਨਾਲ ਵੀ ਊਰਜਾ ਕਾਰਪੋਰੇਟਾਂ ਦੀਆਂ ਜੇਬਾਂ ਭਰ ਰਹੀਆਂ ਹਨ।
Box
ਇਹ ਜੰਗ ਕਿਵੇਂ ਰੁਕ ਸਕਦੀ ਹੈ?
ਵਿਸ਼ਵ ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਸਿੱਧੀ ਜਾਂ ਵਿਚੋਲਗੀ (ਜਿਵੇਂ ਓਮਾਨ, ਕਤਰ ਜਾਂ ਸਵਿਟਜ਼ਰਲੈਂਡ ਰਾਹੀਂ) ਰਾਹੀਂ ਨਵੇਂ ਪਰਮਾਣੂ ਅਤੇ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ ਕਰਨ।
ਜੀ7 ਦੇਸ਼, ਭਾਰਤ ਅਤੇ ਚੀਨ ਮਿਲ ਕੇ ਊਰਜਾ ਸੰਕਟ ਅਤੇ ਖ਼ੁਰਾਕ ਸੰਕਟ ਦੇ ਮੱਦੇਨਜ਼ਰ ਦੋਵਾਂ ਧਿਰਾਂ 'ਤੇ ਤੁਰੰਤ ਜੰਗਬੰਦੀ ਲਈ ਦਬਾਅ ਪਾਉਣ।
ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਜਨਤਾ ਵਿੱਚ ਮਹਿੰਗਾਈ ਕਾਰਨ ਵਧ ਰਿਹਾ ਗੁੱਸਾ ਅਤੇ ਆਗਾਮੀ ਮੱਧਕਾਲੀ ਚੋਣਾਂ ਦਾ ਡਰ ਟਰੰਪ ਪ੍ਰਸ਼ਾਸਨ ਨੂੰ ਸਮਝੌਤੇ ਦੀ ਮੇਜ਼ 'ਤੇ ਆਉਣ ਲਈ ਮਜਬੂਰ ਕਰ ਸਕਦਾ ਹੈ।ਅਮਰੀਕਾ ਵੱਲੋਂ ਕੁਝ ਆਰਥਿਕ ਪਾਬੰਦੀਆਂ ਹਟਾਉਣ ਦੇ ਬਦਲੇ ਈਰਾਨ ਖੇਤਰੀ ਹਮਲਿਆਂ ਨੂੰ ਰੋਕਣ ਅਤੇ ਪ੍ਰਮਾਣੂ ਪ੍ਰੋਗਰਾਮ 'ਤੇ ਅੰਤਰਰਾਸ਼ਟਰੀ ਨਿਗਰਾਨੀ ਮੰਨਣ ਲਈ ਤਿਆਰ ਹੋ ਸਕਦਾ ਹੈ।











Comments (0)