14 ਸਾਲਾ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ ਅਧਿਆਪਕਾ ਨੂੰ 30 ਸਾਲ ਕੈਦ

14 ਸਾਲਾ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ ਅਧਿਆਪਕਾ ਨੂੰ 30 ਸਾਲ ਕੈਦ

 ਸੈਕਸ ਅਪਰਾਧੀ ਵਜੋਂ ਨਾਂ ਹੋਵੇਗਾ ਦਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਮੈਰੀਲੈਂਡ ਵਿਚ ਇਕ ਮਿਡਲ ਸਕੂਲ ਦੀ ਸਾਬਕਾ ਅਧਿਆਪਕਾ ਨੂੰ ਆਪਣੇ ਨਬਾਲਗ ਵਿਦਿਆਰਥੀ ਦਾ ਵਾਰ ਵਾਰ ਸਰੀਰਕ ਸੋਸ਼ਣ ਕਰਨ ਦੇ ਮਾਮਲੇ ਵਿਚ ਅਦਾਲਤ ਨੇ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ  ਪਰੰਤੂ ਨਾਲ ਹੀ ਜੱਜ ਨੇ ਸਜ਼ਾ ਦਾ ਵੱਡਾ ਹਿੱਸਾ ਮੁਲਤਵੀ ਕਰਦਿਆਂ ਕਿਹਾ ਹੈ ਕਿ ਅਧਿਆਪਕਾ ਨੂੰ ਜੇਲ ਵਿਚ ਕੇਵਲ ਇਕ ਸਾਲ ਕਟਣਾ ਪਵੇਗਾ। ਮੌਂਟਗੋਮਰੀ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਤੇ ਡਿਸਟ੍ਰਿਕਟ ਕੋਰਟ ਆਫ ਮੈਰੀਲੈਂਡ ਦੇ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੇਲੀਸਾ ਮੈਰੀ ਕਰਟਿਸ (32) ਨੇ ਤੀਸਰਾ ਦਰਜਾ ਸੈਕਸ ਅਪਰਾਧ ਦਾ ਦੋਸ਼ ਸਵਿਕਾਰ ਕਰ ਲਿਆ ਸੀ। ਮੌਂਟਗੋਮਰੀ ਵਿਲਜ਼ ਮਿਡਲ ਸਕੂਲ ਦੇ 8ਵੀਂ ਕਲਾਸ ਦੇ ਨਬਾਲਗ ਵਿਦਿਆਰਥੀ ਵੱਲੋਂ ਅਧਿਆਪਕਾ ਦੁਆਰਾ ਸਰੀਰਕ ਸੋਸ਼ਣ ਕਰਨ ਦੀ ਸ਼ਿਕਾਇਤ ਕਰਨ ਉਪਰੰਤ  ਮੌਂਟਗੋਮਰੀ ਕਾਊਂਟੀ ਪੁਲਿਸ ਵਿਭਾਗ ਨੇ ਅਕਤੂਬਰ 2023 ਵਿਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਜਾਂਚਕਾਰਾਂ ਦੀ ਰਿਪੋਰਟ ਅਨੁਸਾਰ ਅਪਰਾਧ  ਵੇਲੇ ਅਧਿਆਪਕਾ ਦੀ ਉਮਰ 22 ਸਾਲ ਤੇ ਵਿਦਿਆਰਥੀ ਦੀ ਉਮਰ 14 ਸਾਲ ਸੀ। ਮੌਂਟਗੋਮਰੀ ਕਾਊਂਟੀ ਸਰਕਟ ਕੋਰਟ ਜੱਜ ਥੇਰੇਸਾ ਚੇਰਨੋਸਕਾਈ ਨੇ ਸਜ਼ਾ ਦਾ ਜਿਆਦਾਤਰ ਹਿੱਸਾ ਮੁਲਤਵੀ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਅਧਿਆਪਕਾ ਨੂੰ 12 ਮਹੀਨੇ ਜੇਲ ਵਿਚ ਰਹਿਣਾ ਪਵੇਗਾ। ਇਸ ਤੋਂ ਬਾਅਦ 5 ਸਾਲ ਉਹ ਨਿਗਰਾਨੀ ਹੇਠ ਰਹੇਗੀ। ਰਿਹਾਈ ਉਪਰੰਤ ਕਰਟਿਸ ਦਾ ਨਾਂ ਸੈਕਸ ਅਪਰਾਧੀ ਵਜੋਂ ਦਰਜ ਹੋਵੇਗਾ ਤੇ ਉਸ ਨੂੰ ਆਪਣੇ ਬੱਚਿਆਂ ਤੋਂ ਬਿਨਾਂ ਹੋਰ ਨਬਾਲਗਾਂ ਨਾਲ ਬਿਨਾਂ ਨਿਗਰਾਨੀ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।