ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ...

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ...

ਗੁਰਾਂ ਦੇ ਨਾਂਅ ’ਤੇ ਵਸਦੇ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇ ਜਾਏ ਹਮੇਸ਼ਾ ਹੀ ਵੱਖ- ਵੱਖ ਮੁਹਿੰਮਾਂ ਲਈ ਤਿਆਰ ਬਰ ਤਿਆਰ ਰਹਿੰਦੇ ਹਨ।

ਪੁਰਾਤਨ ਸਮੇਂ ਵਿੱਚ ਪੰਜਾਬ ਦੇ ਜਾਇਆਂ ਨੇ ਵਿਦੇਸ਼ੀ ਧਾੜਵੀਆਂ ਦਾ ਡੱਟ ਕੇ ਸਾਹਮਣਾ ਕੀਤਾ। ਫ਼ੇਰ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਲਈ ਪੰਜਾਬੀਆਂ ਨੇ ਹੀ ਆਜ਼ਾਦੀ ਅੰਦੋਲਨ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਭਾਵੇਂ ਕਈ ਕੁਝ ਬਦਲ ਗਿਆ ਪਰ ਪੰਜਾਬ ਦੇ ਜਾਇਆਂ ਲਈ ਮੁਹਿੰਮਾਂ ਖ਼ਤਮ ਨਹੀਂ ਹੋਈਆਂ।ਹਾਂ! ਏਨਾ ਜ਼ਰੂਰ ਹੈ ਕਿ ਇਹ ਮੁਹਿੰਮਾਂ ਵੱਖ- ਵੱਖ ਸਮੇਂ ਆਪਣਾ ਰੂਪ ਜ਼ਰੂਰ ਬਦਲਦੀਆਂ ਰਹੀਆਂ ਹਨ ਪਰ ਇਸ ਪਵਿੱਤਰ ਧਰਤੀ ਦੇ ਜਾਇਆਂ ਨੇ ਕਦੇ ਸੰਘਰਸ਼ ਨੂੰ ਪਿੱਠ ਨਹੀਂ ਦਿਖਾਈ।ਇਸ ਸਤਰਾਂ ਲਿਖਣ ਵੇਲੇ ਵੀ ਪੰਜਾਬ ਦਾ ਜਾਇਆ 70 ਸਾਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐੱਮ.ਐੱਸ.ਪੀ. ਅਤੇ ਹੋਰ ਕਿਸਾਨੀ ਮੰਗਾਂ ਮਨਵਾਉਣ ਲਈ 44 ਦਿਨਾਂ ਤੋਂ ਮਰਨ ਵਰਤ ’ਤੇ ਡਟਿਆ ਹੋਇਆ ਹੈ।ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਾਜ਼ਕ ਮੋੜ ’ਤੇ ਪਹੁੰਚ ਚੁੱਕੀ ਹੈ ਅਤੇ ਡਾਕਟਰਾਂ ਅਨੁਸਾਰ ਕਦੇ ਵੀ ਕੋਈ ਭਾਣਾ ਵਾਪਰ ਸਕਦਾ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਜਦੋਂ ਕਿ ਕਿਸਾਨ ਆਗੂ ਡੱਲੇਵਾਲ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਦਾ ਹੁੰਗਾਰਾ ਭਰੇ ਤਾਂ ਉਹ ਆਪਣਾ ਮਰਨ ਵਰਤ ਖ਼ਤਮ ਕਰ ਦੇਣਗੇ ਪਰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਉਹਨਾਂ ਦੀ ਜ਼ਿੰਦਗੀ ਹੀ ਪਿਆਰੀ ਨਹੀਂ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਦੀ ਥਾਂ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਬੇਰੁਖ਼ੀ ਦਿਖਾ ਰਹੀ ਹੈ। ਇਸ ਦੇ ਬਾਵਜੂਦ ਜਿਥੇ ਡੱਲੇਵਾਲ ਮਰਨ ਵਰਤ ’ਤੇ ਡਟੇ ਹੋਏ ਹਨ, ਉਥੇ ਕਿਸਾਨ ਮੋਰਚੇ ਵਿੱਚ ਕਿਸਾਨ ਪੂਰੀ ਤਰ੍ਹਾਂ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਹਨਾਂ ਦੇ ਚਿਹਰਿਆਂ ’ਤੇ ਮਾਰਦੀ ਸੂਹੀ ਭਾਅ ਇਸ ਗੱਲ ਦੀ ਸੂਚਕ ਹੈ ਕਿ ਉਹ ਹੁਣ ਲੰਬੇ ਸੰਘਰਸ਼ ਲਈ ਹੀ ਘਰੋਂ ਨਿਕਲੇ ਹਨ। ਆਪਣੇ ਘਰ ਅਤੇ ਖੇਤ ਛੱਡ ਕੇ ਸੜਕਾਂ ’ਤੇ ਦਿਨ ਰਾਤ ਧਰਨੇ ਦੇਣੇ ਆਸਾਨ ਨਹੀਂ ਹੁੰਦੇ, ਉਹ ਵੀ ਕੜਾਕੇ ਦੀ ਠੰਡ ਵਿੱਚ ਪਰ ਪੰਜਾਬ ਦੇ ਕਿਸਾਨਾਂ ਨੇ​​​​​​ ਇਹ ਵੀ ਸੰਭਵ ਕਰ ਦਿਖਾਇਆ ਹੈ।  

ਵੱਡੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਹੀ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੂੰ ਰਾਜਧਾਨੀ ਜਾਣ ਤੋਂ ਰੋਕਣ ਲਈ ਜਿਸ ਤਰੀਕੇ ਨਾਲ ਅੜਿੱਕੇ ਖੜੇ ਕੀਤੇ ਗਏ ਹਨ, ਉਸ ਤੋਂ ਲੱਗਦਾ ਹੈ ਕਿ ਜਿਵੇਂ ਸਰਕਾਰ ਕਿਸਾਨਾਂ ਨੂੰ ਇਸ ਦੇਸ਼ ਦੇ ਵਸਨੀਕ ਨਾ ਸਮਝਦੀ ਹੋਵੇ। ਇਤਿਹਾਸ ਗਵਾਹ ਹੈ ਕਿ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਇਸ ਵਾਰ ਕਿਸਾਨ ਅੰਦੋਲਨ ਦੌਰਾਨ ਵੀ ਦਿੱਲੀ ਪੰਜਾਬ ਨਾਲ ਵੱਡਾ ਧੱਕਾ ਹੀ ਕਰ ਰਹੀ ਹੈ। ਇਸੇ ਕਰਕੇ ਹੀ ਕਿਸਾਨ ਆਗੂ ਡੱਲੇਵਾਲ ਦੀ ਜ਼ਿੰਦਗੀ ਦੀ ਕੋਈ ਪਰਵਾਹ ਰਾਜਧਾਨੀ ਦਿੱਲੀ ਦੀ ਹਕੂਮਤ ਭਾਵ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਉਂਝ ਇਸ ਰਾਜਧਾਨੀ ਨੇ ਬੜੇ ਉਤਰਾਅ-ਚੜ੍ਹਾਅ ਵੇਖੇ ਨੇ। ਕਦੇ ਜਿੱਤਾਂ, ਕਦੇ ਹਾਰਾਂ, ਕਦੇ ਧਰਨੇ, ਕਦੇ ਅੰਦੋਲਨ। ਉਹੋ ਜਿਹੇ ਇੱਥੋਂ ਦੇ ਹਾਕਮ ਹੋ ਗਏ ਹਨ, ਜਿਨ੍ਹਾਂ ’ਤੇ ਕਿਸੇ ਵੀ ਅੰਦੋਲਨ ਜਾਂ ਮੁਹਿੰਮ ਦਾ ਕੋਈ ਅਸਰ ਹੀ ਦਿਖਾਈ ਨਹੀਂ ਦੇ ਰਿਹਾ। ਇਸ ਸਮੇਂ ਦਿੱਲੀ ਦੇ ਹਾਕਮ ਤਾਂ ਸੱਤਾ ਦੇ ਨਸ਼ੇ ਵਿੱਚ ਚੂਰ ਨੇ। ਦੇਸ਼ ਦਾ ਪ੍ਰਧਾਨ ਮੰਤਰੀ ਕਦੇ ਕਹਿੰਦਾ ਸੀ ਕਿ ਦੇਸ਼ ਦੇ ਕਿਸਾਨ ਸਿਰਫ਼ ਉਸ ਤੋਂ ਇੱਕ ਫ਼ੋਨ ਕਾਲ ਜਿੰਨੀ ਦੂੁਰ ਹਨ, ਪਰ ਨਾ ਤਾਂ ਕਿਸਾਨ ਦਾ ਅੰਦੋਲਨ ਉਸ ਨੂੰ ਦਿਖਾਈ ਦੇ ਰਿਹਾ ਹੈ ਤੇ ਨਾ ਹੀ ਕਿਸਾਨਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। 

ਦਿੱਲੀ ਦੀ ਹਕੂਮਤ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਸ ਦੂਜੇ ਕਿਸਾਨ ਅੰਦੋਲਨ ਤੋਂ ਪਹਿਲਾਂ ਵੀ ਕਿਸਾਨ ਇੱਕ ਵੱਡਾ ਅੰਦੋਲਨ ਕਰ ਚੁੱਕੇ ਹਨ, ਜਿਸ ਵਿੱਚ ਕਿਸਾਨਾਂ ਦੀ ਜਿੱਤ ਵੀ ਹੋਈ ਸੀ। ਕਿਸਾਨਾਂ ਨੇ 2020 ਵਿੱਚ ਦਿੱਲੀ ਦੀਆਂ ਬਰੂਹਾਂ ’ਤੇ 379 ਦਿਨ ਲਗਾਤਾਰ ਸੰਘਰਸ਼ ਕਰ ਕੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸਨ। ਉਦੋਂ ਕਿਸਾਨਾਂ ਨੇ ਭਾਵੇਂ ਤਿੰਨ ਖੇਤੀ ਕਾਨੂੰਨ ਤਾਂ ਵਾਪਸ ਕਰਵਾ ਲਏ ਸਨ ਅਤੇ ਕੇਂਦਰ ਸਰਕਾਰ ਨੇ ਐੱਮ.ਐੱਸ.ਪੀ. ਦੀ ਮੰਗ ’ਤੇ ਜੁਲਾਈ 2022 ’ਚ ਕਮੇਟੀ ਵੀ ਕਾਇਮ ਕਰ ਦਿੱਤੀ ਸੀ ਪਰ ਅੱਜ ਤੱਕ ਇਹ ਮੰਗ ਕਿਸੇ ਤਣ-ਪੱਤਣ ਨਹੀਂ ਲੱਗੀ। ਇਸ ਮੰਗ ਲਈ ਹੁਣ ਕਿਸਾਨ ਫ਼ਿਰ ਸੰਘਰਸ਼ ਕਰ ਰਹੇ ਹਨ। ਉਦੋਂ ਸੰਘਰਸ਼ ਦੌਰਾਨ ਸੱਤ ਸੌ ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ ਤਾਂ ਜੋ ਖੇਤੀ ਤੇ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਸਮੇਂ ਪੰਜਾਬ ਦੀ ਕਿਸਾਨੀ ਅਤੇ ਖੇਤੀ ਨੂੰ ਬਚਾਉਣ ਲਈ ਸ਼ਹਾਦਤ ਦੇਣ ਦੇ ਕਿਨਾਰੇ ਪਹੁੰਚ ਚੁੱਕੇ ਹਨ। ਲਗਾਤਾਰ ਭੁੱਖ ਹੜਤਾਲ ਭਾਵ ਮਰਨ ਵਰਤ ਕਾਰਨ ਉਹਨਾਂ ਦੀ ਜਿਸਮਾਨੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ, ਉਹਨਾਂ ਦੇ ਸਰੀਰ ਦੇ ਕਈ ਅੰਗ ਕੰਮ ਕਰਨੋਂ ਹੱਟ ਗਏ ਹਨ ਪਰ ਇਸ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਹਨ ਅਤੇ ਉਹਨਾਂ ਨੇ ਸਰਕਾਰ ਦੀ ਈਨ ਨਹੀਂ ਮੰਨੀ। ਇਹੋ ਹੀ ਪੰਜਾਬ ਦਾ ਇਤਿਹਾਸ ਹੈ ਪੰਜਾਬ ਦੇ ਜਾਏ ਕਿਸੇ ਦੀ ਈਨ ਨਹੀਂ ਮੰਨਦੇ ਅਤੇ ਆਪਣੇ ਹੱਕਾਂ ਲਈ ਸ਼ਹਾਦਤਾਂ ਦੇਣ ਵਿੱਚ ਹਮੇਸ਼ਾ ਅੱਵਲ ਰਹਿੰਦੇ ਹਨ। 

 11 ਮਹੀਨਿਆਂ ਤੋਂ ਅੰਤਰਰਾਜੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਦੀ ਧਾਰ ਹੋਰ ਤਿੱਖੀ ਕਰਨ ਲਈ ਯਤਨਸ਼ੀਲ ਕਿਸਾਨ ਆਗੂਆਂ ਦਾ ਕਹਿਣਾ ਹੈ ਜੇ ਕਿਸਾਨ ਆਗੂ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਾਤ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਵੀ ਨਾ ਰਹੇ। ਕਿਸਾਨੀ ਅੰਦੋਲਨ ਦੇਸ਼ ਭਰ ਦੇ ਲੋਕਾਂ ਦਾ ਸਾਂਝਾ ਹੈ, ਜਿਸ ਨੂੰ ਜਿੱਤਣ ਲਈ ਹੁਣ ਨਾ ਸਿਰਫ਼ ਦੇਸ਼ ਦੇ ਸਾਰੇ ਸੂਬਿਆਂ ਬਲਕਿ ਸਮੂਹ ਪਿੰਡਾਂ ਨੂੰ ਵੀ ਪੂਰੀ ਤਾਕਤ ਲਾਉਣ ਦੀ ਲੋੜ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਅੜੀ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਯਤਨ ਕਰੇ। ਕੇਂਦਰ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਕਿਸਾਨ ਆਗੂ ਡੱਲੇਵਾਲ ਦੀ ਸ਼ਹਾਦਤ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਸਮੇਂ ਸਿਰ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਇਹੋ ਹੀ ਸਮੇਂ ਦੀ ਮੰਗ ਵੀ ਹੈ ਤੇ ਲੋੜ ਵੀ। ਕੇਂਦਰ ਸਰਕਾਰ ਤਾਂ ਸ੍ਰ. ਡੱਲੇਵਾਲ ਦੀ ਸਾਰ ਨਹੀਂ ਲੈ ਰਹੀ, ਪਰ ਕਿਸਾਨ ਮਸਲਿਆਂ ਨੂੰ ਹੱਲ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਅੱਡੋ ਅੱਡਰੇ ਨਾ ਹੋ ਕੇ ਸਿਰ ਜੋੜ ਕੇ ਸਾਂਝੇ ਰੂਪ ਵਿੱਚ ਸੰਘਰਸ਼ ਕਰਨ ਦੀ ਲੋੜ ਹੈ।

 

ਸੰਪਾਦਕੀ