ਵੱਖ-ਵੱਖ ਮਹਾਂਦੀਪਾਂ ’ਚ ਨੌਜਵਾਨਾਂ ਵੱਲੋਂ ‘ਸੱਤਾ’ ਨੂੰ ਸੜਕਾਂ ਤੋਂ ਸਿੱਧੀ ਚੁਣੌਤੀ
ਅੱਜ ਦੁਨੀਆ ਦੇ ਵੱਖ-ਵੱਖ ਮਹਾਂਦੀਪਾਂ ਤੋਂ ਇੱਕੋ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਹੱਥਾਂ ਵਿੱਚ ਤਖ਼ਤੀਆਂ ਫੜੀ ਨੌਜਵਾਨ ਮੁੰਡੇ-ਕੁੜੀਆਂ, ਚੌਰਾਹਿਆਂ ’ਤੇ ਲੱਗੇ ਧਰਨੇ, ਜ਼ੋਰਦਾਰ ਨਾਅਰੇਬਾਜ਼ੀ ਅਤੇ ਪੁਲਿਸ ਨਾਲ ਹੁੰਦੀਆਂ ਝੜਪਾਂ ਹੁਣ ਆਮ ਵਰਤਾਰਾ ਬਣ ਚੁੱਕੀਆਂ ਹਨ। ਇਹ ਦ੍ਰਿਸ਼ ਕਿਸੇ ਇੱਕ ਖ਼ਾਸ ਖ਼ਿੱਤੇ ਜਾਂ ਇੱਕ ਮੁਲਕ ਤੱਕ ਸੀਮਤ ਨਹੀਂ ਰਹੇ। ਏਸ਼ੀਆ ਦੇ ਇੰਡੋਨੇਸ਼ੀਆ ਤੋਂ ਲੈ ਕੇ ਯੂਰੋਪ ਦੇ ਫਰਾਂਸ, ਬੈਲਜੀਅਮ, ਗ੍ਰੀਸ, ਇਟਲੀ, ਸਪੇਨ, ਪੁਰਤਗਾਲ ਅਤੇ ਅਫ਼ਰੀਕਾ ਦੇ ਟਿਊਨੀਸ਼ੀਆ ਤੋਂ ਲੈ ਕੇ ਲਾਤੀਨੀ ਅਮਰੀਕਾ ਦੇ ਅਰਜਨਟੀਨਾ ਤੱਕ ਨਵੀਂ ਪੀੜ੍ਹੀ ਸੜਕਾਂ ’ਤੇ ਡਟੀ ਹੋਈ ਹੈ। ਇਹ ਕੋਈ ਆਮ ਮੁਜ਼ਾਹਰੇ ਨਹੀਂ ਹਨ, ਸਗੋਂ ਇਹ ਮੌਜੂਦਾ ਆਰਥਿਕ, ਸਮਾਜਿਕ ਅਤੇ ਸਿਆਸੀ ਪ੍ਰਣਾਲੀ ਵਿਰੁੱਧ ਪੈਦਾ ਹੋਇਆ ਉਹ ਸਮੂਹਿਕ ਰੋਸ ਹੈ, ਜੋ ਹੁਣ ਸਰਹੱਦਾਂ ਪਾਰ ਕਰ ਚੁੱਕਾ ਹੈ। ਜਦੋਂ ਸਿਆਸੀ ਧਿਰਾਂ ਲਈ ਰੋਜ਼ੀ-ਰੋਟੀ, ਸਿੱਖਿਆ ਅਤੇ ਸਿਹਤ ਵਰਗੇ ਮੂਲ ਮੁੱਦੇ ਅਹਿਮ ਨਹੀਂ ਰਹਿੰਦੇ, ਤਾਂ ਨੌਜਵਾਨਾਂ ਕੋਲ ਸੜਕਾਂ ’ਤੇ ਉੱਤਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ।
ਹਾਲ ਹੀ ਦੇ ਦਿਨਾਂ ਵਿੱਚ ਇੰਡੋਨੇਸ਼ੀਆ ਇਸ ਲੜੀ ਦਾ ਸਭ ਤੋਂ ਨਵਾਂ ਕੇਂਦਰ ਬਣ ਕੇ ਉੱਭਰਿਆ ਹੈ। ਉੱਥੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਨੇ ਆਮ ਪਰਿਵਾਰਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਕਾਲਜਾਂ ਦੇ ਵਿਦਿਆਰਥੀ ਸਭ ਤੋਂ ਅੱਗੇ ਹੋ ਕੇ ਸਰਕਾਰੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਯੂਰਪ ਦੇ ਅਮੀਰ ਅਤੇ ਵਿਕਸਿਤ ਮੰਨੇ ਜਾਂਦੇ ਦੇਸ਼ਾਂ ਵਿੱਚ ਵੀ ਸਥਿਤੀ ਕੋਈ ਵੱਖਰੀ ਨਹੀਂ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਲੋਕਤੰਤਰੀ ਸੰਸਥਾਵਾਂ ਤੋਂ ਨੌਜਵਾਨਾਂ ਦਾ ਟੁੱਟਦਾ ਭਰੋਸਾ ਇਸ ਸੰਕਟ ਦਾ ਦੂਜਾ ਵੱਡਾ ਪਹਿਲੂ ਹੈ। ਅੱਜ ਦੀ ਸਿਆਸਤ ਵਿੱਚ ਅਸਲ ਲੋਕ-ਮੁੱਦੇ ਚੋਣ ਮੁਹਿੰਮਾਂ ਦੇ ਕੇਂਦਰ ਵਿੱਚੋਂ ਬਾਹਰ ਹੋ ਰਹੇ ਹਨ ਅਤੇ ਚੋਣਾਂ ਸਿਰਫ਼ ਸੱਤਾ ਹਾਸਲ ਕਰਨ ਦਾ ਸਾਧਨ ਬਣ ਕੇ ਰਹਿ ਗਈਆਂ ਹਨ। ਜਦੋਂ ਚੁਣੇ ਹੋਏ ਨੁਮਾਇੰਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਨੌਜਵਾਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਤਾਂ ਨਵੀਂ ਪੀੜ੍ਹੀ ਨੂੰ ਆਪਣੇ ਹੱਕ ਜਤਾਉਣ ਲਈ ਅੰਦੋਲਨ ਹੀ ਇੱਕੋ-ਇੱਕ ਰਸਤਾ ਜਾਪਦੇ ਹਨ।
ਹਕੂਮਤਾਂ ਇਸ ਸਥਿਤੀ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਬਜਾਏ ਹਮੇਸ਼ਾ ਪੁਲਿਸ ਅਤੇ ਪ੍ਰਸ਼ਾਸਨਿਕ ਤਾਕਤ ਦੀ ਵਰਤੋਂ ਕਰਦੀ ਹੈ। ਸ਼ਾਂਤਮਈ ਵਿਦਿਆਰਥੀਆਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਹਨ, ਪਾਣੀ ਦੀਆਂ ਤੇਜ਼ ਬੁਛਾੜਾਂ ਨਾਲ ਉਨ੍ਹਾਂ ਨੂੰ ਖਿੰਡਾਇਆ ਜਾਂਦਾ ਹੈ ਅਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ। ਅਜਿਹਾ ਤਸ਼ੱਦਦ ਸਿਰਫ਼ ਬੇਚੈਨੀ ਨੂੰ ਹੋਰ ਭੜਕਾਉਂਦਾ ਹੈ। ਜਦੋਂ ਕਿਸੇ ਨੌਜਵਾਨ ਨੂੰ ਆਪਣਾ ਭਵਿੱਖ ਪੂਰੀ ਤਰ੍ਹਾਂ ਹਨੇਰੇ ਵਿੱਚ ਦਿਸਦਾ ਹੋਵੇ, ਤਾਂ ਲਾਠੀ ਜਾਂ ਜੇਲ੍ਹ ਦਾ ਡਰ ਉਸ ਨੂੰ ਜ਼ਿਆਦਾ ਦੇਰ ਰੋਕ ਨਹੀਂ ਸਕਦਾ।
ਜਦੋਂ ਇਹ ਪੜ੍ਹੇ-ਲਿਖੇ ਨੌਜਵਾਨ ਆਪਣੇ ਹੱਕਾਂ, ਪੱਕੇ ਰੁਜ਼ਗਾਰ ਅਤੇ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਲਈ ਸੜਕਾਂ ’ਤੇ ਉੱਤਰਦੇ ਹਨ, ਤਾਂ ਸਰਕਾਰਾਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਲਾਠੀਚਾਰਜ, ਵਾਟਰ ਕੈਨਨ ਅਤੇ ਗ੍ਰਿਫ਼ਤਾਰੀਆਂ ਰਾਹੀਂ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਕਾਰਨ ਭਾਰਤੀ ਨੌਜਵਾਨੀ ਵਿੱਚ ਮੌਜੂਦਾ ਸਿਆਸੀ ਤੇ ਪ੍ਰਸ਼ਾਸਨਿਕ ਢਾਂਚੇ ਪ੍ਰਤੀ ਬੇਭਰੋਸਗੀ ਦਿਨੋ-ਦਿਨ ਗਹਿਰੀ ਹੁੰਦੀ ਜਾ ਰਹੀ ਹੈ।











Comments (0)