ਵੋਟਰਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਨਕਾਰਦਿਆਂ ਡੈਮੋਕ੍ਰੇਟਸ ਦੇ ਹੱਕ ਵਿੱਚ ਸੁਣਾਇਆ ਫੈਸਲਾ
ਵਾਸ਼ਿੰਗਟਨ/ ਏ.ਟੀ.ਨਿਊਜ਼ : ਅਮਰੀਕੀ ਮਿਡਟਰਮ ਚੋਣਾਂ ਦੇ ਨਤੀਜਿਆਂ ਨੇ ਅਮਰੀਕੀ ਸਿਆਸਤ ’ਚ ਵੱਡਾ ਉਲਟਫੇਰ ਕਰ ਦਿੱਤਾ ਹੈ। ਸੈਨੇਟ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ’ਚ ਵੀ ਜ਼ਬਰਦਸਤ ਜਿੱਤ ਹਾਸਲ ਕਰਕੇ ਅਮਰੀਕੀ ਸੰਸਦ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਪ੍ਰਸ਼ਾਸਨ ਲਈ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਡੈਮੋਕਰੇਟਿਕ ਪਾਰਟੀ ਨੇ ਜ਼ਬਰਦਸਤ ਵਾਪਸੀ ਕਰਦਿਆਂ 435 ਮੈਂਬਰੀ ‘ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼’ (ਹੇਠਲਾ ਸਦਨ) ਅਤੇ 100 ਮੈਂਬਰੀ ‘ਸੈਨੇਟ’ ਦੋਵਾਂ ਵਿੱਚ ਹੀ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ 30 ਸੂਬਿਆਂ ਵਿੱਚ ਆਪਣੇ ਗਵਰਨਰ ਬਣਾ ਕੇ ਸੱਤਾ ’ਤੇ ਕਬਜ਼ਾ ਕੀਤਾ ਹੈ।
ਵੋਟਰਾਂ ਦੇ ਇਸ ਫਤਵੇ ਨੇ ਸਿਆਸੀ ਗਲਿਆਰਿਆਂ ਵਿੱਚ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜਨਤਾ ਵੱਲੋਂ ਦਿੱਤੀ ਗਈ ਸੱਤਾ ਮਨਮਰਜ਼ੀਆਂ ਕਰਨ ਲਈ ਨਹੀਂ, ਸਗੋਂ ਲੋਕ ਹਿੱਤਾਂ ਦੀ ਪਹਿਰੇਦਾਰੀ ਲਈ ਹੁੰਦੀ ਹੈ। ਬੇਸ਼ੱਕ ਡੋਨਲਡ ਟਰੰਪ ਆਪਣੇ ਕਾਰਜਕਾਲ ਦੇ ਰਹਿੰਦੇ ਦੋ ਸਾਲ ਪੂਰੇ ਕਰਨਗੇ, ਪਰ ਹੁਣ ਉਸ ਕੋਲ ਪਹਿਲਾਂ ਵਾਂਗ ‘ਮਨਮਰਜੀ’ ਦੇ ਫੈਸਲੇ ਦੀਆਂ ਸ਼ਕਤੀਆਂ ਨਹੀਂ ਰਹੀਆਂ ਹਨ। ਉਸ ਲਈ ਕੋਈ ਵੀ ਵਿਧਾਨਕ ਫੈਸਲਾ ਲੈਣਾ ਹੁਣ ਉਸ ਦੀ ਵਿਰੋਧੀ ਪਾਰਟੀ ਦੀ ਇੱਛਾ ਉੱਤੇ ਨਿਰਭਰ ਹੋ ਗਿਆ ਹੈ। ਡੈਮੋਕਰੈਟਿਕ ਪਾਰਟੀ ਦੀ ਅਜਿਹੀ ਹਨੇਰੀ ਚੱਲੀ ਹੈ ਕਿ 8-10 ਸੂਬਿਆਂ ਚ 1932 ਤੋਂ ਰਿਪਲਿਕਨਾਂ ਨਾਲ ਜੁੜੇ ਹੋਏ ਲੋਕਾਂ ਨੇ ਵੀ ਡੈਮੋਕਰੈਟਿਕਾਂ ਨੂੰ ਪਾਸਾ ਪਲਟਣ ਲਈ ਮਜਬੂਰ ਹੋਣਾ ਪਿਆ ਹੈ।
ਵੋਟਰਾਂ ਨੇ ਕਈ ਨਾਮੀ ਕੰਪਨੀਆਂ ਦੇ ਸਰਵੇਖਣ ਵੀ ਗਲਤ ਸਾਬਤ ਕਰ ਦਿੱਤੇ ਹਨ। ਮੱਧਕਾਲੀ ਚੋਣਾਂ ਵਿੱਚ ਵਿਸ਼ੇਸ਼ ਗੱਲ ਇਹ ਰਹੀ ਕਿ ਦੋਹਾਂ ਸਦਨਾਂ ਵਿੱਚ ਦਹਾਕਿਆਂ ਤੋਂ ਚੱਲ ਰਹੇ ਦੋਹਾਂ ਪਾਰਟੀਆਂ ਚੋਂ ਸਤਾਧਾਰੀ ਪਾਰਟੀ ਨੂੰ ਪਤਲੇ ਜਿਹੇ ਬਹੁਮੱਤ ਦੇ ਰੁਝਾਨ ਦੀ ਥਾਂ ਇਸ ਵਾਰ ਵੱਡਾ ਫਰਕ ਪਾਇਆ ਹੈ।
ਹਾਊਸ ਆਫ ਰਿਪਰਿਜੈਂਟਵ , ਜਿਸਨੂੰ ਆਮ ਤੌਰ ’ਤੇ ਹਾਊਸ ਆਫ ਕਾਮਨ ਬੋਲਿਆ ਜਾਂਦਾ ਹੈ ਦੀਆਂ 435 ਸੀਟਾਂ ਚੋਂ 228 ਸੀਟਾਂ ਜਿੱਤ ਲਈਆਂ ਹਨ, ਜਦ ਕਿ 68 ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਸੱਤਾਧਾਰੀ ਰਿਬਲਿਕਨ ਪਾਰਟੀ ਨੂੰ ਸਿਰਫ 139 ਸੀਟਾਂ ’ਤੇ ਜਿੱਤ ਨਸੀਬ ਹੋਈ ਹੈ। 100 ਸੀਟਾਂ ਵਾਲੀ ਸੈਨੇਟ ਲਈ ਹਰੇਕ ਦੋ ਸਾਲ ਬਾਅਦ ਇੱਕ-ਤਿਹਾਈ ਸੀਟਾਂ ’ਤੇ ਹੁੰਦੀਆਂ ਚੋਣਾਂ ਤਹਿਤ ਇਸ ਵਾਰ 35 ਸੀਟਾਂ ’ਤੇ ਵੋਟਾਂ ਪਈਆਂ। ਆਏ ਨਤੀਜਿਆਂ ਦੇ ਕੁੱਲ ਅੰਕੜਿਆਂ ਮੁਤਾਬਕ ਡੈਮੋਕਰੇਟਿਕ ਪਾਰਟੀ ਨੇ 54 ਸੀਟਾਂ ’ਤੇ ਜਿੱਤ ਦਰਜ ਕਰਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ।
ਅਮਰੀਕਾ ਦੇ 50 ਸੂਬਿਆਂ ਦੇ ਗਵਰਨਰਾਂ ਦੇ ਨਤੀਜਿਆਂ ’ਤੇ ਝਾਤ ਮਾਰੀਏ ਤਾਂ 28 ਸੂਬਿਆਂ ਵਿੱਚ ਡੈਮੋਕਰੇਟਿਕ ਅਤੇ 20 ਸੂਬਿਆਂ ਵਿੱਚ ਰਿਪਬਲਿਕਨ ਸਮਰਥਕਾਂ ਦੇ ਹੱਥ ਸੱਤਾ ਦੀ ਵਾਗਡੋਰ ਆਈ ਹੈ।
ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਆਪਣੇ ਮਜ਼ਬੂਤ ਗੜ੍ਹ ਮੰਨੇ ਜਾਣ ਵਾਲੇ ਟੈਕਸਾਸ, ਜਾਰਜੀਆ, ਆਇਓਵਾ ਅਤੇ ਓਹਾਇਓ ਵਰਗੇ ਸੂਬਿਆਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਸਨੇ ਡੇਮੋਕ੍ਰੇਟਿਕ ਪਾਰਟੀ ਦੇ ਹੱਥੋਂ ਗਵਰਨਰ ਦੇ ਅਹੁਦੇ ਗੁਆ ਦਿੱਤੇ ਹਨ। ਇਸ ਤੋਂ ਇਲਾਵਾ ਟੈਕਸਾਸ, ਮੇਨ, ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ, ਕੰਸਾਸ, ਆਇਓਵਾ ਅਤੇ ਓਹਾਇਓ ਵਿੱਚ ਸੈਨੇਟ ਦੀਆਂ ਸੀਟਾਂ ’ਤੇ ਵੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਟਰੰਪ ਨੇ ਇਨ੍ਹਾਂ ਸੂਬਿਆਂ ਦੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ (ਟਰੰਪ) ਨੂੰ ਚੋਣ ਮੈਦਾਨ ਵਿੱਚ ਮੰਨ ਕੇ ਵੋਟ ਪਾਉਣ।
ਲੰਘੇ ਦਿਨੀਂ ਹੋਈ ਵੋਟਿੰਗ ਦੌਰਾਨ ਅਮਰੀਕੀ ਜਨਤਾ ਨੇ ਮਹਿੰਗਾਈ, ਇਰਾਨ ਨਾਲ ਚੱਲ ਰਹੀ ਜੰਗ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ’ਤੇ ਭਾਰੀ ਗੁੱਸੇ ਦਾ ਇਜ਼ਹਾਰ ਕੀਤਾ। ਵੋਟਰਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਨਕਾਰਦਿਆਂ ਡੈਮੋਕ੍ਰੇਟਸ ਦੇ ਹੱਕ ਵਿੱਚ ਫੈਸਲਾ ਸੁਣਾਇਆ।
ਡੈਮੋਕ੍ਰੇਟਿਕ ਉਮੀਦਵਾਰਾਂ ਨੇ ਟੈਕਸਾਸ ਤੋਂ ਲੈ ਕੇ ਆਈਓਵਾ ਅਤੇ ਨਿਊ ਹੈਂਪਸ਼ਾਇਰ ਤੱਕ ਰਿਪਬਲਿਕਨ ਪਾਰਟੀ ਦੇ ਗੜ੍ਹਾਂ ’ਚ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ। ਇਨ੍ਹਾਂ ’ਚ ਉਹ ਸੂਬੇ ਵੀ ਸ਼ਾਮਲ ਹਨ ਜਿੱਥੇ ਟਰੰਪ ਨੇ ਦੋ ਸਾਲ ਪਹਿਲਾਂ ਦੋਹਰੇ ਅੰਕਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਕਾਂਗਰਸ ਦੇ ਦੋਵਾਂ ਸਦਨਾਂ ’ਤੇ ਡੈਮੋਕ੍ਰੇਟਸ ਦਾ ਕਬਜ਼ਾ ਹੋਣ ਨਾਲ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਬਾਕੀ ਬਚੇ ਦੋ ਸਾਲਾਂ ਦੀ ਰਾਜਨੀਤਿਕ ਦਿਸ਼ਾ ਪੂਰੀ ਤਰ੍ਹਾਂ ਬਦਲ ਜਾਵੇਗੀ। ਇਹ ਜਿੱਤ ਟਰੰਪ ਦੇ ਪ੍ਰਸਤਾਵਿਤ ਬਿੱਲਾਂ, ਨਿਯੁਕਤੀਆਂ ਅਤੇ ਏਜੰਡਿਆਂ ਨੂੰ ਰੋਕਣ ਲਈ ਡੈਮੋਕ੍ਰੇਟਸ ਨੂੰ ਪੂਰੀ ਤਾਕਤ ਦੇਵੇਗੀ, ਜਿਸ ਮਗਰੋਂ ਟਰੰਪ ਲਈ ਆਪਣੀ ਮਰਜ਼ੀ ਨਾਲ ਫ਼ੈਸਲੇ ਲੈਣਾ ਤੇ ਨਿਯਮ ਬਣਾਉਣਾ ਬੇਹੱਦ ਮੁਸ਼ਕਿਲ ਹੋ ਜਾਵੇਗਾ।
ਮੇਰੇ ਕੋਲ ਪੂਰੀ ਵੀਟੋ ਸ਼ਕਤੀ ਹੈ : ਟਰੰਪ
ਵਾਸ਼ਿੰਗਟਨ/ਏ.ਟੀ.ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਮਿਡਟਰਮ ਚੋਣਾਂ ਵਿੱਚ ਰੀਪਬਲਿਕਨ ਦੀ ਹਾਰ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਅਮਰੀਕੀ ਕਾਂਗਰਸ ਦੇ ਦੋਵੇਂ ਚੈਂਬਰਾਂ ’ਤੇ ਕਬਜ਼ਾ ਕਰ ਲੈਣ ਵਾਲੇ ਵਿਰੋਧੀ ਪਾਰਟੀ ਦੇ ਡੈਮੋਕ੍ਰੇਟਸ (ਬਲੂ ਵੇਵ) ਨੂੰ ਮੱਧਕਾਲੀ ਜਿੱਤਾਂ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਟਰੰਪ ਨੇ ਡੈਮੋਕ੍ਰੇਟਸ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਖ਼ੁਦ ਦੇ ਚੋਣ ਮੈਦਾਨ ਵਿੱਚ ਨਾ ਹੋਣ ਕਾਰਨ ਰਿਪਬਲਿਕਨ ਨੂੰ ਭਾਰੀ ਨੁਕਸਾਨ ਹੋਇਆ ਹੈ।
ਸੀ.ਬੀ.ਐੱਸ. ਨਿਊਜ਼ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੇਸ਼ ਦੇ ਭਲੇ ਲਈ ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ, ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਪੂਰੀ ਵੀਟੋ ਤਾਕਤ ਹੈ। ਚੋਣ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਕਿਹਾ, ‘ਮੇਰਾ ਸੁਨੇਹਾ ਹੈ—ਡੈਮੋਕ੍ਰੇਟਸ ਨੂੰ ਵਧਾਈ, ਅਤੇ ਮੈਂ ਆਪਣੇ ਦੇਸ਼ ਦੇ ਭਲੇ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ’। ਉਨ੍ਹਾਂ ਕਿਹਾ ਕਿ ਉਹ ਕਈ ਡੈਮੋਕ੍ਰੇਟਸ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਪੱਖ ਮਿਲ ਕੇ ਰਸਤਾ ਕੱਢ ਲੈਣਗੇ। ਟਰੰਪ ਨੇ ਨਾਲ ਹੀ ਕਿਹਾ, ‘ਮੇਰੇ ਕੋਲ ਪੂਰੀ ਵੀਟੋ ਸ਼ਕਤੀ ਹੈ... ਨਹੀਂ ਤਾਂ ਮੈਂ ਹਰ ਚੀਜ਼ ’ਤੇ ਵੀਟੋ ਕਰ ਦੇਵਾਂਗਾ ਅਤੇ ਉਹ ਅਜਿਹਾ ਨਹੀਂ ਚਾਹੁਣਗੇ’। ਰਿਪਬਲਿਕਨ ਉਮੀਦਵਾਰਾਂ ਦੀ ਹਾਰ ਦਾ ਬਚਾਅ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਹ ਖੁਦ ਚੋਣ ਮੈਦਾਨ ਵਿੱਚ ਹੁੰਦੇ ਤਾਂ ਰਿਪਬਲਿਕਨ ਪਾਰਟੀ ਆਸਾਨੀ ਨਾਲ ਜਿੱਤ ਜਾਂਦੀ। ਉਨ੍ਹਾਂ ਕਿਹਾ ਕਿ ਕੁਝ ਉਮੀਦਵਾਰ ਵੋਟਰਾਂ ਵਿੱਚ ਪਸੰਦ ਨਹੀਂ ਕੀਤੇ ਗਏ ਅਤੇ ਕੁਝ ਉਨ੍ਹਾਂ ਦੇ ਦੋਸਤ ਨਹੀਂ ਸਨ, ਜਿਸ ਕਾਰਨ ਉਨ੍ਹਾਂ ਦੇ ਸਮਰਥਕ ਵੋਟ ਪਾਉਣ ਨਹੀਂ ਨਿਕਲੇ।
ਡੈਮੋਕ੍ਰੇਟਿਕ ਪਾਰਟੀ ਨੇ ਰਿਪਬਲਿਕਨ ਪਾਰਟੀ ਦੇ ਮਜ਼ਬੂਤ ਗੜ੍ਹ ਮੰਨੇ ਜਾਂਦੇ ਟੈਕਸਾਸ, ਸਾਊਥ ਕੈਰੋਲੀਨਾ ਅਤੇ ਕੰਸਾਸ ਵਰਗੇ ਰਾਜਾਂ ਵਿੱਚ ਇਤਿਹਾਸਕ ਜਿੱਤਾਂ ਦਰਜ ਕੀਤੀਆਂ ਹਨ। ਕੰਸਾਸ ਵਿੱਚ ਲਗਭਗ ਇੱਕ ਸਦੀ ਤੋਂ ਚੱਲ ਰਹੇ ਰਿਪਬਲਿਕਨ ਦਬਦਬੇ ਨੂੰ ਖ਼ਤਮ ਕਰਦਿਆਂ ਡੈਮੋਕ੍ਰੇਟਸ ਨੇ ਸੀਨੇਟ ਸੀਟ ’ਤੇ ਜਿੱਤ ਹਾਸਲ ਕੀਤੀ। ਫੌਕਸ ਨਿਊਜ਼ ਅਨੁਸਾਰ ਨੌਜਵਾਨ, ਆਜ਼ਾਦ ਵੋਟਰ , ਗ੍ਰਾਮੀਣ ਵੋਟਰ ਅਤੇ ਹਿਸਪੈਨਿਕ ਵੋਟਰ ਰਿਪਬਲਿਕਨ ਪਾਰਟੀ ਤੋਂ ਦੂਰ ਹੋ ਗਏ। ਸੀ.ਐੱਨ.ਐੱਨ. ਅਨੁਸਾਰ ਮਹਿੰਗਾਈ, ਟਰੰਪ ਦੀਆਂ ਟੈਰਿਫ ਨੀਤੀਆਂ, ਇਰਾਨ ਜੰਗ ਪ੍ਰਤੀ ਅਸੰਤੋਸ਼ ਅਤੇ ਟਰੰਪ ਦੇ ਆਚਰਣ ਕਾਰਨ ਵੋਟਰਾਂ ਨੇ ਡੈਮੋਕ੍ਰੇਟਸ ਦੇ ਹੱਕ ਵਿੱਚ ਫਤਵਾ ਦਿੱਤਾ।
ਚੋਣ ਨਤੀਜਿਆਂ ਤੋਂ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਾਲ ‘ਮਾਗਾ’ ਕੈਪ ਦੀ ਤਸਵੀਰ ਪੋਸਟ ਕੀਤੀ। ਇੱਕ ਹੋਰ ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ਉਹ ਇੱਕ ਸਿਆਸੀ ਵਿਸ਼ਲੇਸ਼ਕ ਵਾਂਗ ਇਨ੍ਹਾਂ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨਗੇ। ਟਰੰਪ ਨੇ ਕਿਹਾ ਕਿ ਉਹ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਤਿਆਰ ਹਨ ਅਤੇ ਵਿਰੋਧੀ ਪਾਰਟੀ ਨਾਲ ਮਿਲ ਕੇ ਕੰਮ ਕਰਨਗੇ। ਸੀ.ਬੀ.ਐੱਸ. ਨਿਊਜ਼ ਨਾਲ ਗੱਲਬਾਤ ਦੌਰਾਨ ਇਰਾਨ ਨਾਲ ਚੱਲ ਰਹੇ ਟਕਰਾਅ ਦਾ ਜ਼ਿਕਰ ਕਰਦਿਆਂ ਟਰੰਪ ਨੇ ਦਾਅਵਾ ਕੀਤਾ, ਇਰਾਨ ਜੰਗ ਉਦੋਂ ਖ਼ਤਮ ਹੋਵੇਗੀ ਜਦੋਂ ਮੈਂ ਕਹਾਂਗਾ ਕਿ ਇਹ ਖ਼ਤਮ ਹੋ ਗਈ ਹੈ। ਬੁਨਿਆਦੀ ਤੌਰ ’ਤੇ ਇਹ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਮੈਂ ਕਹਾਂਗਾ।
ਵੰਡਪਾਊ ਨੀਤੀ ਦੇ ਵਿਰੁੱਧ ਇੱਕਜੁਟਤਾ ਦੇ ਹੱਕ ਵਿੱਚ ਭੁਗਤੇ ਵੋਟਰ : ਬਰਾਕ ਉਬਾਮਾ
ਵਾਸ਼ਿੰਗਟਨ/ਏ.ਟੀ.ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਹੈ ਕਿ ਇਸ ਚੋਣ ਵਿੱਚ ਅਮਰੀਕਨ ਵੋਟਰਾਂ ਦਾ ਸੁਨੇਹਾ ਸਪਸ਼ਟ ਹੈ ਕਿ ਉਹ ਵੰਡਪਾਊ ਨੀਤੀ ਦੇ ਵਿਰੁੱਧ ਇੱਕਜੁਟਤਾ ਦੇ ਹੱਕ ਵਿੱਚ ਭੁਗਤੇ ਹਨ ਤੇ ਉਨ੍ਹਾਂ ਇੱਕਜੁਟਤਾ ਚੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਝਲਕ ਪਈ ਹੈ।
ਅਮਰੀਕੀ ਚੋਣ ਨਤੀਜਿਆਂ ਨੇ ਵਿਗਾੜਿਆ ‘ਸਟਾਕ ਮਾਰਕੀਟ’ ਦਾ ਮੂਡ
ਵਾਸ਼ਿੰਗਟਨ/ਏ.ਟੀ.ਨਿਊਜ਼ : ਅਮਰੀਕੀ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਭਾਰੀ ਜਿੱਤ ਦਾ ਪ੍ਰਭਾਵ ਹੁਣ ਵਿਸ਼ਵਵਿਆਪੀ ਸਟਾਕ ਬਾਜ਼ਾਰਾਂ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਡੈਮੋਕ੍ਰੇਟਸ ਨੇ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ (ਸੈਨੇਟ ਅਤੇ ਪ੍ਰਤੀਨਿਧੀ ਸਭਾ) ਵਿੱਚ ਬਹੁਮਤ ਪ੍ਰਾਪਤ ਕਰ ਲਿਆ ਹੈ, ਜਿਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਨਤੀਜੇ ਨੇ ਅਮਰੀਕੀ ਰਾਜਨੀਤੀ ਅਤੇ ਵਿਸ਼ਵ ਪੱਧਰ ’ਤੇ ਨਿਵੇਸ਼ਕਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡੇਟਾ ਸੈਂਟਰ ਅਤੇ ਸੈਮੀਕੰਡਕਟਰ ਸੈਕਟਰਾਂ ਵਿੱਚ ਸ਼ਾਮਲ ਕੰਪਨੀਆਂ ਦੇ ਸ਼ੇਅਰ ਖਾਸ ਤੌਰ ’ਤੇ ਦਬਾਅ ਹੇਠ ਹਨ।
ਇਹ ਰਾਜਨੀਤਿਕ ਤਬਦੀਲੀ ਦਾ ਅਸਰ ਏਸ਼ੀਆਈ ਸਟਾਕ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਜਦੋਂ ਕਿ ਜਾਪਾਨ ਦੇ ਸਟਾਕ ਮਾਰਕੀਟ ਵਿੱਚ ਭਾਰੀ ਵਿਕਰੀ ਦੇਖਣ ਨੂੰ ਮਿਲੀ, ਦੱਖਣੀ ਕੋਰੀਆ ਸਮੇਤ ਕਈ ਹੋਰ ਬਾਜ਼ਾਰਾਂ ਵਿੱਚ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਆਈ। ਨਿਵੇਸ਼ਕਾਂ ਨੂੰ ਡਰ ਹੈ ਕਿ ਅਮਰੀਕੀ ਕਾਂਗਰਸ ਦੇ ਵਧੇ ਹੋਏ ਡੈਮੋਕ੍ਰੇਟਿਕ ਨਿਯੰਤਰਣ ਨਾਲ ਏਆਈ ਅਤੇ ਡੇਟਾ ਸੈਂਟਰ ਉਦਯੋਗਾਂ ’ਤੇ ਨਵੇਂ ਨਿਯਮ ਅਤੇ ਰੈਗੂਲੇਟਰੀ ਪਾਬੰਦੀਆਂ ਲੱਗ ਸਕਦੀਆਂ ਹਨ।
ਨਿਵੇਸ਼ਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸੈਂਟਰ ਉਦਯੋਗਾਂ ਬਾਰੇ ਚਿੰਤਤ ਹਨ। ਇਹ ਡਰ ਹੈ ਕਿ ਡੈਮੋਕ੍ਰੇਟਸ ਵੱਲੋਂ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ, ਅਮਰੀਕਾ ਵਿੱਚ ਡੇਟਾ ਸੈਂਟਰ ਨਿਰਮਾਣ, ਬਿਜਲੀ ਦੀ ਖਪਤ ਅਤੇ ਏਆਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ’ਤੇ ਸਖ਼ਤ ਨਿਯਮ ਲਾਗੂ ਕੀਤੇ ਜਾ ਸਕਦੇ ਹਨ।
ਦਰਅਸਲ, ਅਮਰੀਕਾ ਵਿੱਚ ਏਆਈ ਕੰਪਨੀਆਂ ਡੇਟਾ ਸੈਂਟਰ ਅਤੇ ਕੰਪਿਊਟਿੰਗ ਬੁਨਿਆਦੀ ਢਾਂਚੇ ’ਤੇ ਅਰਬਾਂ ਡਾਲਰ ਖਰਚ ਕਰ ਰਹੀਆਂ ਹਨ। ਜੇਕਰ ਨਵੀਂ ਸਰਕਾਰੀ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਤਾਂ ਇਨ੍ਹਾਂ ਕੰਪਨੀਆਂ ਦੀਆਂ ਵਿਸਥਾਰ ਯੋਜਨਾਵਾਂ ਅਤੇ ਭਵਿੱਖ ਦੇ ਨਿਵੇਸ਼ ਪ੍ਰਭਾਵਿਤ ਹੋ ਸਕਦੇ ਹਨ।
ਇਸ ਤੋਂ ਇਲਾਵਾ, ਡੇਟਾ ਸੈਂਟਰਾਂ ਲਈ ਵਧਦੀ ਬਿਜਲੀ ਦੀ ਮੰਗ ਅਤੇ ਉਨ੍ਹਾਂ ਦੇ ਸਥਾਨਕ ਨਿਰਮਾਣ ਦਾ ਵਿਰੋਧ ਵੀ ਚੋਣਾਂ ਵਿੱਚ ਮੁੱਖ ਮੁੱਦੇ ਸਨ। ਨਿਵੇਸ਼ਕਾਂ ਨੂੰ ਡਰ ਹੈ ਕਿ ਰਾਜਨੀਤਿਕ ਤਬਦੀਲੀਆਂ ਏਆਈ ਸੈਕਟਰ ਦੇ ਵਾਧੇ ’ਤੇ ਬ੍ਰੇਕ ਲਗਾ ਸਕਦੀਆਂ ਹਨ।
ਏਸ਼ੀਆਈ ਬਾਜ਼ਾਰਾਂ ਵਿੱਚੋਂ, ਅਮਰੀਕੀ ਚੋਣ ਨਤੀਜਿਆਂ ਦੌਰਾਨ ਜਾਪਾਨੀ ਸਟਾਕ ਮਾਰਕੀਟ ਸਭ ਤੋਂ ਵੱਧ ਦਬਾਅ ਹੇਠ ਸੀ। ਜਾਪਾਨ ਦਾ ਨਿੱਕੇਈ 225 ਇੰਡੈਕਸ 3.56 ਪ੍ਰਤੀਸ਼ਤ ਡਿੱਗ ਕੇ 60,835.36 ਅੰਕ ’ਤੇ ਆ ਗਿਆ। ਇਹ 29 ਜੁਲਾਈ ਤੋਂ ਬਾਅਦ ਇਸਦਾ ਸਭ ਤੋਂ ਹੇਠਲਾ ਪੱਧਰ ਸੀ। ਟੌਪਿਕਸ ਇੰਡੈਕਸ ਵੀ 2.45 ਪ੍ਰਤੀਸ਼ਤ ਡਿੱਗ ਕੇ 3,832.27 ’ਤੇ ਆ ਗਿਆ।
ਦੱਖਣੀ ਕੋਰੀਆਈ ਅਤੇ ਤਾਈਵਾਨੀ ਬਾਜ਼ਾਰਾਂ ਵਿੱਚ ਤਕਨਾਲੋਜੀ ਅਤੇ ਸੈਮੀਕੰਡਕਟਰ ਸਟਾਕਾਂ ਵਿੱਚ ਵੀ ਵਿਕਰੀ ਦਾ ਦਬਾਅ ਦੇਖਿਆ ਗਿਆ।
ਏਆਈ ਅਤੇ ਸੈਮੀਕੰਡਕਟਰ ਖੇਤਰਾਂ ਨਾਲ ਸਬੰਧਿਤ ਕੰਪਨੀਆਂ ਦੇ ਸ਼ੇਅਰ ਸਭ ਤੋਂ ਵੱਧ ਦਬਾਅ ਵਿੱਚ ਸਨ। ਜਾਪਾਨੀ ਚਿੱਪ ਟੈਸਟਿੰਗ ਉਪਕਰਣ ਨਿਰਮਾਤਾ ਐਡਵਾਂਟੇਸਟ ਦੇ ਸ਼ੇਅਰ 7.8 ਪ੍ਰਤੀਸ਼ਤ ਡਿੱਗ ਗਏ। ਟੋਕੀਓ ਇਲੈਕਟ੍ਰੌਨ ਦੇ ਸ਼ੇਅਰ 6.28 ਪ੍ਰਤੀਸ਼ਤ ਡਿੱਗ ਗਏ। ਇਸ ਤੋਂ ਇਲਾਵਾ, ਸਾਫਟਬੈਂਕ ਦੇ ਸ਼ੇਅਰ 9 ਪ੍ਰਤੀਸ਼ਤ ਡਿੱਗ ਗਏ ਅਤੇ ਮੈਮੋਰੀ ਚਿੱਪ ਨਿਰਮਾਤਾ ਕਿਓਕਸੀਆ ਦੇ ਸ਼ੇਅਰ 11.55 ਪ੍ਰਤੀਸ਼ਤ ਡਿੱਗ ਗਏ। ਫਾਈਬਰ ਆਪਟਿਕ ਕੇਬਲ ਨਿਰਮਾਤਾ ਫੁਜੀਕੁਰਾ ਅਤੇ ਫੁਰੂਕਾਵਾ ਇਲੈਕਟ੍ਰਿਕ ਦੇ ਸ਼ੇਅਰ ਵੀ ਕ੍ਰਮਵਾਰ 8.49 ਪ੍ਰਤੀਸ਼ਤ ਅਤੇ 9.66 ਪ੍ਰਤੀਸ਼ਤ ਡਿੱਗ ਗਏ।
ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਦੀ ਸ਼ਾਨਦਾਰ ਜਿੱਤ
ਮਿਆਮੀ/ਏ.ਟੀ.ਨਿਊਜ਼: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਸ਼ੁਲਟਜ਼ ਨੇ ਫਲੋਰੀਡਾ ਦੇ 20ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਚੋਣ ਜਿੱਤੀ। ਉਨ੍ਹਾਂ ਨੇ ਰਿਪਬਲਿਕਨ ਬ੍ਰੈਂਟ ਐਂਡਰਸਨ ਨੂੰ ਹਰਾਇਆ। ਵਾਸਰਮੈਨ ਨੇ ਇਸ ਨਵੇਂ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ।
ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੀ ਸਾਬਕਾ ਚੇਅਰਵੁਮੈਨ ਨੇ ਆਪਣਾ 12ਵੀਂ ਵਾਰ ਇਸ ਅਹੁਦੇ ’ਤੇ ਜਿੱਤ ਹਾਸਲ ਕੀਤੀ। ਉਹ ਫਲੋਰੀਡਾ ਤੋਂ ਚੁਣੀ ਗਈ ਪਹਿਲੀ ਯਹੂਦੀ ਔਰਤ ਬਣ ਗਈ। ਐਂਡਰਸਨ ਨੇ ਇੱਕ ਵਪਾਰਕ ਅਤੇ ਜਾਇਦਾਦ ਬੀਮਾ ਕੰਪਨੀ ਦੀ ਸਥਾਪਨਾ ਕੀਤੀ। ਉਸਨੇ ਕਿਹਾ ਕਿ ਇਸ ਅਨੁਭਵ ਨੇ ਉਸਨੂੰ ਜਾਇਦਾਦ ਬੀਮਾ ਲਾਗਤਾਂ ਨੂੰ ਘਟਾਉਣ ਦੇ ਤਰੀਕਿਆਂ ਦੀ ਇੱਕ ਵਿਲੱਖਣ ਸਮਝ ਦਿੱਤੀ ਹੈ। ਫਲੋਰੀਡਾ ਵਿੱਚ ਜਾਇਦਾਦ ਬੀਮੇ ਦੀ ਵੱਧਦੀ ਲਾਗਤ ਇੱਕ ਵੱਡੀ ਚਿੰਤਾ ਹੈ।
ਡੈਮੋਕ੍ਰੇਟ ਐਮੀ ਐਕਟਨ ਬਣੀ ਓਹੀਓ ਦੇ ਗਵਰਨਰ ਰਾਜ ਦੀ ਪਹਿਲੀ ਮਹਿਲਾ ਗਵਰਨਰ
ਵਾਸ਼ਿੰਗਟਨ/ਏ.ਟੀ.ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ, ਓਹੀਓ ਦੇ ਗਵਰਨਰ ਅਹੁਦੇ ਦੀ ਚੋਣ ਵਿੱਚ ਡੈਮੋਕ੍ਰੇਟ ਐਮੀ ਐਕਟਨ ਤੋਂ ਹਾਰ ਗਏ ਹਨ। 41 ਸਾਲਾ ਰਾਮਾਸਵਾਮੀ 60 ਸਾਲਾ ਐਕਟਨ ਤੋਂ ਹਾਰ ਗਏ, ਜੋ ਕਿ ਰਾਜ ਦੀ ਪਹਿਲੀ ਮਹਿਲਾ ਗਵਰਨਰ ਚੁਣੀ ਗਈ ਹੈ। ਐਕਟਨ ਨੇ 51 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਰਾਮਾਸਵਾਮੀ ਨੂੰ 45 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ।
ਓਹੀਓ ਵਿੱਚ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਰਾਮਾਸਵਾਮੀ ਨੇ ਕਿਹਾ, ‘ਇਹ ਇੱਕ ਸਖ਼ਤ ਮੁਕਾਬਲਾ ਸੀ ਅਤੇ ਕਈ ਵਾਰ, ਦੋਵਾਂ ਪਾਸਿਆਂ ਤੋਂ ਕੁਝ ਬਹੁਤ ਤਿੱਖੀ ਬਿਆਨਬਾਜ਼ੀ ਵੀ ਹੋਈ... ਪਰ ਇਸ ਕਮਰੇ ਵਿੱਚ ਮੌਜੂਦਾ ਸਾਨੂੰ ਸਾਰਿਆਂ ਨੂੰ ਉਸਦੇ ਪ੍ਰਸ਼ਾਸਨ ਦੀ ਸਫਲਤਾ ਦੀ ਉਮੀਦ ਅਤੇ ਕਾਮਨਾ ਕਰਨੀ ਚਾਹੀਦੀ ਹੈ।’ ਇਸ ਅਰਬਪਤੀ ਨੇਤਾ ਨੇ ਆਪਣੇ ਮਾਪਿਆਂ, ਪਤਨੀ ਅਤੇ ਸਹੁਰਿਆਂ ਦਾ ਸਮਰਥਨ ਲਈ ਧੰਨਵਾਦ ਕੀਤਾ। ਵਿਵੇਕ ਰਾਮਾਸਵਾਮੀ ਨੇ ਓਹੀਓ ਵਿੱਚ ਹਾਰਨ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਉਹ ਦੇਸ਼ ਦੇ ਭਵਿੱਖ ਬਾਰੇ ਗੰਭੀਰਤਾ ਨਾਲ ਚਿੰਤਤ ਹਨ ਪਰ ਆਸ਼ਾਵਾਦੀ ਹਨ। ਰਾਮਾਸਵਾਮੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਏ ਹਨ, ਪਰ ਅੰਤ ਵਿੱਚ, ਸਾਨੂੰ ਅੱਗੇ ਵਧਣ ਦਾ ਰਸਤਾ ਮਿਲ ਗਿਆ ਹੈ।
ਇਸ ਦੌਰਾਨ ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਉਮੀਦਵਾਰ ਅਮੀ ਬੇਰਾ ਨੇ ਕੈਲੀਫੋਰਨੀਆ ਦੇ ਤੀਜੇ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੋਣ ਜਿੱਤੀ, ਜਦੋਂ ਕਿ ਡੈਮੋਕ੍ਰੇਟ ਰੋ ਖੰਨਾ ਵੀ ਕੈਲੀਫੋਰਨੀਆ ਦੇ 17ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੁਣੇ ਗਏ।
ਕੈਲੀਫੋਰਨੀਆ ਤੋਂ ਮੁੜ ਜਿੱਤੇ ਕਾਂਗਰਸਮੈਨ ਅਮੀ ਬੇਰਾ
ਵਾਸ਼ਿੰਗਟਨ/ਏ.ਟੀ.ਨਿਊਜ਼ : ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਰਿਪਬਲਿਕਨ ਉਮੀਦਵਾਰ ਰੌਬ ਟਕਰ ਨੂੰ ਹਰਾ ਕੇ ਅਮਰੀਕੀ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੋਣ ਜਿੱਤੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬੇਰਾ (61) ਨੇ ਕੈਲੀਫੋਰਨੀਆ ਦੇ ਤੀਜੇ ਕਾਂਗਰਸਨਲ ਜ਼ਿਲ੍ਹੇ ਤੋਂ ਜਿੱਤ ਪ੍ਰਾਪਤ ਕੀਤੀ, ਜੋ ਕਿ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਆਪਣਾ ਅੱਠਵਾਂ ਕਾਰਜਕਾਲ ਹੈ।
ਪੇਸ਼ੇ ਤੋਂ ਇੱਕ ਡਾਕਟਰ, ਅਮਰੀਸ਼ ਬਾਬੂਲਾਲ ‘ਅਮੀ’ ਬੇਰਾ ਅਮਰੀਕੀ ਕਾਂਗਰਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਭਾਰਤੀ-ਅਮਰੀਕੀ ਮੈਂਬਰ ਹਨ। ਉਹ ਸਿਹਤ ਸੰਭਾਲ ਅਤੇ ਕੂਟਨੀਤੀ ਵਰਗੇ ਮੁੱਦਿਆਂ ’ਤੇ ਆਵਾਜ਼ ਉਠਾਉਂਦੇ ਰਹੇ ਹਨ। ਉਹ ਪਹਿਲੀ ਵਾਰ 2013 ਵਿੱਚ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਸਨ ਅਤੇ ਵਰਤਮਾਨ ਵਿੱਚ ਵਿਦੇਸ਼ ਮਾਮਲਿਆਂ ਦੀ ਕਮੇਟੀ ਵਿੱਚ ਸੇਵਾ ਨਿਭਾਉਂਦੇ ਹਨ। ਦਵਾਈ ਅਤੇ ਜਨਤਕ ਸਿਹਤ ਵਿੱਚ ਬੇਰਾ ਦੇ ਪਿਛੋਕੜ ਨੇ ਕਾਂਗਰਸ ਵਿੱਚ ਉਨ੍ਹਾਂ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਫਾਇਤੀ ਸਿਹਤ ਸੰਭਾਲ ਅਤੇ ਵਿਸ਼ਵਵਿਆਪੀ ਕੂਟਨੀਤੀ (ਖਾਸ ਕਰਕੇ ਇੰਡੋ-ਪੈਸੀਫਿਕ ਖੇਤਰ) ਨਾਲ ਸਬੰਧਤ ਮੁੱਦਿਆਂ ’ਤੇ ਲਗਾਤਾਰ ਜ਼ੋਰਦਾਰ ਢੰਗ ਨਾਲ ਗੱਲ ਕੀਤੀ ਹੈ।
ਟਰੰਪ ਦੀ ਹਾਰ ਤੋਂ ਬਾਅਦ ਸੋਨੇ -ਚਾਂਦੀ ਦੀਆਂ ਕੀਮਤਾਂ ’ਚ ਭਾਰੀ ਵਾਧਾ
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਨੇ ਅਮਰੀਕੀ ਮੱਧਕਾਲੀ ਚੋਣਾਂ ’ਚ ਕਰਾਰੀ ਹਾਰ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ, ਵਿਸ਼ਵ ਅਤੇ ਭਾਰਤੀ ਕਮੋਡਿਟੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਗਿਆ। ਅਮਰੀਕੀ ਚੋਣ ਨਤੀਜੇ ਸਾਹਮਣੇ ਆਉਂਦੇ ਹੀ ਕੀਮਤੀ ਧਾਤਾਂ ਦੇ ਰੇਟ ਵਧ ਗਏ।
ਜ਼ਿਕਰਯੋਗ ਹੈ ਕਿ ਅਮਰੀਕੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨੇ ਸੈਨੇਟ ਵਿੱਚ 51 ਸੀਟਾਂ ਅਤੇ ਪ੍ਰਤੀਨਿਧੀ ਸਭਾ ਵਿੱਚ 218 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਸਿਆਸੀ ਹਲਚਲ ਦਾ ਅਸਰ ਸਰਾਫਾ ਅਤੇ ਵਸਤੂ ਬਾਜ਼ਾਰਾਂ ’ਤੇ ਸਾਫ਼ ਦੇਖਣ ਨੂੰ ਮਿਲਿਆ ਹੈ। ਵਿਸ਼ਵ ਬਾਜ਼ਾਰ ਵਿੱਚ ਸੋਨੇ ਦੀ ਕੀਮਤ 2.25% ਅਤੇ ਚਾਂਦੀ ਦੀ ਕੀਮਤ 3.75% ਤੋਂ ਵੱਧ ਵਧੀ ਹੈ।
ਦੂਜੇ ਪਾਸੇ ਭਾਰਤੀ ਵਾਅਦਾ ਬਾਜ਼ਾਰ ਵਿੱਚ, ਸੋਨਾ 2.36% ਭਾਵ 3298 ਰੁਪਏ ਵੱਧ ਵਧ ਕੇ 142750 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ।
ਚਾਂਦੀ ਵਿੱਚ 3.30% ਦਾ ਵਾਧਾ ਦਰਜ ਕੀਤਾ ਗਿਆ ਅਤੇ ਕੀਮਤ 6300 ਰੁਪਏ ਵਧ ਕੇ 1.86 ਲੱਖ ਰੁਪਏ (ਅੱਜ ਚਾਂਦੀ ਦੀ ਕੀਮਤ) ਤੋਂ ਉੱਪਰ ਪਹੁੰਚ ਗਈ।
24 ਕੈਰੇਟ ਸੋਨਾ 3,486 ਰੁਪਏ ਵਧ ਕੇ 1,41,062 ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਚਾਂਦੀ 7,775 ਰੁਪਏ ਵਧ ਕੇ 1,84,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਸੋਨਾ 2.36% ਭਾਵ 3298 ਰੁਪਏ ਵੱਧ ਵਧ ਕੇ 142750 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ। ਚਾਂਦੀ 4.4% ਭਾਵ 7252 ਰੁਪਏ ਦਾ ਵਾਧਾ ਹੋਇਆ ਹੈ। ਇਹ 186950 ਰੁਪਏ ਦੇ ਪੱਧਰ ਤੇ ਕਾਰੋਬਾਰ ਕਰ ਰਹੀ ਹੈ।











Comments (0)