ਨਹਿਰੂ ਤੋਂ ਰਾਹੁਲ-ਪ੍ਰਿਅੰਕਾ ਤੱਕ: ਕਾਂਗਰਸ ਦੀ ਪਰਿਵਾਰਵਾਦੀ ਸਿਆਸਤ ਦਾ ਲੇਖਾ-ਜੋਖਾ
ਪੂਰਨ ਚੰਦ ਸਰੀਨ
ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ ਨੂੰ ਅਤੇ ਇੰਦਰਾ ਗਾਂਧੀ ਦਾ 19 ਨਵੰਬਰ ਨੂੰ ਹੋਇਆ ਸੀ। ਹੁਣ 10 ਨਵੰਬਰ ਕਾਂਗਰਸ ਪਰਿਵਾਰ ’ਚ ਸੋਨੀਆ ਗਾਂਧੀ ਦੇ ਨਾਂ ਨਾਲ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੇ ਜਨਮ ਦਿਨ ਮੌਕੇ ਆਪਣੀ ਆਤਮਕਥਾ ਰਿਲੀਜ਼ ਕੀਤੀ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸੀ ਹਮੇਸ਼ਾ ਇਸ ਗ਼ਲਤਫ਼ਹਿਮੀ ਵਿੱਚ ਰਹੇ ਹਨ ਕਿ ਦੇਸ਼ ਦਾ ਸ਼ਾਸਨ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਪਾਰਟੀ ਜਾਂ ਨੇਤਾ ਨਹੀਂ ਚਲਾ ਸਕਦਾ। ਦੇਸ਼ ਦੀ ਉਹ ਪੀੜ੍ਹੀ ਜੋ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਈ ਹੈ, ਉਸ ਨੇ ਨਹਿਰੂ, ਇੰਦਰਾ ਗਾਂਧੀ ਤੇ ਸੋਨੀਆ ਗਾਂਧੀ ਦੇ ਰਾਜਨੀਤਿਕ ਉਭਾਰ ਨੂੰ ਦੇਖਿਆ ਤੇ ਸਮਝਿਆ ਹੈ। ਜਦੋਂ ਉਨ੍ਹਾਂ ਦੇ ਕਾਰਜਕਾਲਾਂ ਦਾ ਮੁਲਾਂਕਣ ਕਰਨ ਦੀ ਗੱਲ ਆਵੇਗੀ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਗ਼ਲਤੀਆਂ ’ਤੇ ਵੀ ਚਰਚਾ ਕਰਨੀ ਜ਼ਰੂਰੀ ਹੈ। ਇੱਕ ਗੱਲ ਸਪੱਸ਼ਟ ਹੈ ਕਿ ਆਜ਼ਾਦੀ ਅੰਦੋਲਨ ’ਚ ਪ੍ਰਮੁੱਖਤਾ ਨਾਲ ਯੋਗਦਾਨ ਪਾਉਣ ਅਤੇ ਤੁਰੰਤ ਉਸ ਦਾ ਫਲ ਪ੍ਰਾਪਤ ਕਰ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਪਰਿਵਾਰ ਨੂੰ ਦੇਸ਼ ਦੀ ਰਾਜਨੀਤੀ ’ਤੇ ਪੀੜ੍ਹੀਆਂ ਤੱਕ ਸ਼ਾਸਨ ਕਰਨ ਦਾ ਅਧਿਕਾਰ ਮਿਲ ਗਿਆ ਹੈ। ਜੇਕਰ ਸਰਦਾਰ ਪਟੇਲ ਦੀਆਂ ਨੀਤੀਆਂ ਸਫਲ ਨਾ ਹੁੰਦੀਆਂ ਤਾਂ ਅੱਜ ਦੇਸ਼ ਅਣਗਿਣਤ ਟੁਕੜਿਆਂ ਵਿੱਚ ਵੰਡਿਆ ਹੁੰਦਾ। ਕਾਂਗਰਸ ਨਾਲ ਜੁੜੇ ਹੋਰ ਮਹਾਨ ਇਨਕਲਾਬੀਆਂ ਦੀਆਂ ਕੁਰਬਾਨੀਆਂ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।
ਨਹਿਰੂ ਨੇ ਸੁਤੰਤਰ ਭਾਰਤ ਨੂੰ ਇੱਕ ਆਧੁਨਿਕ, ਵਿਗਿਆਨਕ ਤੇ ਲੋਕਤੰਤਰੀ ਰਾਸ਼ਟਰ ਬਣਾਉਣ ਦਾ ਸੁਪਨਾ ਦੇਖਿਆ। ਉਨ੍ਹਾਂ ਸੰਸਦੀ ਪ੍ਰਣਾਲੀ, ਵਿਗਿਆਨਕ ਸੰਸਥਾਵਾਂ, ਜਨਤਕ ਖੇਤਰ ਅਤੇ ਇੱਕ ਗੁੱਟ-ਨਿਰਪੇਖ ਵਿਦੇਸ਼ ਨੀਤੀ ਨੂੰ ਦਿਸ਼ਾ ਦਿੱਤੀ। ਵਿਸ਼ਵ ਰਾਜਨੀਤੀ ’ਚ ਭਾਰਤ ਦੀ ਪਛਾਣ ਸਥਾਪਿਤ ਕਰਨ ’ਚ ਨਹਿਰੂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਦੀ ਲਾਲਸਾ ਦੇਸ਼ ਦੀਆਂ ਘਰੇਲੂ ਪ੍ਰਸ਼ਾਸਕੀ ਸਮੱਸਿਆਵਾਂ ’ਤੇ ਭਾਰੀ ਪੈ ਗਈ। ਅੰਗਰੇਜ਼ਾਂ ਦੀ ਦੇਣ ਲਾਇਸੈਂਸ-ਪਰਮਿਟ ਪ੍ਰਣਾਲੀ, ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਹੋਰ ਵਧਣ ਲੱਗੀ ਅਤੇ ਨੌਕਰਸ਼ਾਹੀ ’ਤੇ ਢਿੱਲੇ ਕੰਟਰੋਲ ਦੇ ਚੱਲਦਿਆਂ ਸਰਕਾਰੀ ਸਰਪ੍ਰਸਤੀ ਦੇ ਸੱਭਿਆਚਾਰ ਨੂੰ ਮਜ਼ਬੂਤੀ ਮਿਲ ਗਈ। ਸਰਕਾਰੀ ਦਫ਼ਤਰਾਂ ’ਚ ਅੱਜ ਵੀ ਕੋਈ ਕੰਮ ਰਿਸ਼ਵਤ ਤੋਂ ਬਗੈਰ ਨਹੀਂ ਹੁੰਦਾ। ਨਹਿਰੂ ਨੇ 1959 ’ਚ ਰਾਜਨੀਤਿਕ ਗ਼ਲਤੀ ਕਰਦਿਆਂ ਕੇਰਲਾ ਵਿੱਚ ਚੁਣੀ ਹੋਈ ਕਮਿਊਨਿਸਟ ਸਰਕਾਰ ਨੂੰ ਬਰਖ਼ਾਸਤ ਕਰਨ ਸਮੇਂ ਸੰਵਿਧਾਨਕ ਪ੍ਰਕਿਰਿਆ ਨਹੀਂ ਅਪਣਾਈ ਸੀ; ਉਨ੍ਹਾਂ ਖ਼ੁਦ ਮੰਨਿਆ ਕਿ ਇਹ ਇੱਕ ਚੰਗੀ ਉਦਾਹਰਨ ਨਹੀਂ ਸੀ। ਵਿਦੇਸ਼ ਨੀਤੀ ਵਿੱਚ ਉਨ੍ਹਾਂ ਦਾ ਚੀਨ ਨਾਲ ਦੋਸਤੀ ਦਾ ਗ਼ਲਤ ਜਾਇਜ਼ਾ 1962 ਦੀ ਹਾਰ ਦਾ ਕਾਰਨ ਬਣਿਆ। ਕਸ਼ਮੀਰ ਮੁੱਦੇ ’ਤੇ ਸੰਯੁਕਤ ਰਾਸ਼ਟਰ ਤੇ ਜਨਮਤ ਸੰਗ੍ਰਹਿ ਸਬੰਧੀ ਉਨ੍ਹਾਂ ਦੀਆਂ ਨੀਤੀਆਂ ਤੇ ਫ਼ੈਸਲਿਆਂ ਨੇ ਇੱਕ ਅਜਿਹਾ ਅੜਿੱਕਾ ਪੈਦਾ ਕੀਤਾ ਹੈ, ਜਿਸ ਦਾ ਖ਼ਮਿਆਜ਼ਾ ਅੱਜ ਵੀ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।
ਇੰਦਰਾ ਗਾਂਧੀ ਦੀ ਆਪਣੇ ਪਿਤਾ ਤੋਂ ਵੱਖਰੀ ਰਾਜਨੀਤਿਕ ਸ਼ੈਲੀ ਸੀ; ਉਨ੍ਹਾਂ ਕੋਲ ਫ਼ੈਸਲੇ ਲੈਣ ਦੀ ਦ੍ਰਿੜ੍ਹ ਇੱਛਾ ਸ਼ਕਤੀ ਸੀ। ਬੈਂਕਾਂ ਦਾ ਰਾਸ਼ਟਰੀਕਰਨ, ਪ੍ਰਿਵੀ ਪਰਸਾਂ ਦਾ ਖ਼ਾਤਮਾ ਤੇ 1971 ਦੀ ਜੰਗ ’ਚ ਜਿੱਤ ਉਨ੍ਹਾਂ ਦੇ ਸ਼ਾਸਨਕਾਲ ਦੀਆਂ ਮਹੱਤਵਪੂਰਨ ਘਟਨਾਵਾਂ ਹਨ ਪਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਦੂਸਰਾ ਪਹਿਲੂ ਸੱਤਾ ਦਾ ਅਸਾਧਾਰਨ ਕੇਂਦਰੀਕਰਨ ਸੀ। ਜਦੋਂ ਕਾਂਗਰਸ ਸੰਗਠਨ ਹੌਲੀ-ਹੌਲੀ ਕਮਜ਼ੋਰ ਹੁੰਦਾ ਗਿਆ ਤਾਂ ਪਾਰਟੀ ਦੇ ਅੰਦਰ ਸੁਤੰਤਰ ਅਗਵਾਈ ਤੇ ਵਿਚਾਰ-ਵਟਾਂਦਰੇ ਨਾਲੋਂ ਸਿਖਰਲੀ ਲੀਡਰਸ਼ਿਪ ਪ੍ਰਤੀ ਵਫ਼ਾਦਾਰੀ ਵਧੇਰੇ ਮਹੱਤਵਪੂਰਨ ਹੁੰਦੀ ਗਈ। ਸੂਬਿਆਂ ਦੇ ਨੇਤਾਵਾਂ ਦੀ ਰਾਜਨੀਤਿਕ ਆਜ਼ਾਦੀ ਸੀਮਤ ਹੁੰਦੀ ਗਈ ਤੇ ਸੱਤਾ ਇੰਦਰਾ ਗਾਂਧੀ ਤੇ ਉਨ੍ਹਾਂ ਦੇ ਨਜ਼ਦੀਕੀਆਂ ਤੱਕ ਸੀਮਤ ਹੋ ਗਈ। 1975 ਦੀ ਐਮਰਜੈਂਸੀ ਕਾਂਗਰਸ ਤੇ ਉਨ੍ਹਾਂ ਲਈ ਸਦੀਵੀ ਕੌੜੀ ਯਾਦ ਬਣ ਗਈ। ਸਰਕਾਰੀ ਤੰਤਰ ’ਤੇ ਸੰਜੇ ਗਾਂਧੀ ਦੇ ਪ੍ਰਭਾਵ ਤੇ ਉਨ੍ਹਾਂ ਦੀਆਂ ਵਧੀਕੀਆਂ—ਜ਼ਬਰਦਸਤੀ ਨਸਬੰਦੀ ਮੁਹਿੰਮਾਂ, ਗ਼ਰੀਬਾਂ ਦੀਆਂ ਬਸਤੀਆਂ ਨੂੰ ਹਟਾਉਣ ਅਤੇ ਆਮ ਨਾਗਰਿਕਾਂ ਵਿੱਚ ਡਰ ਪੈਦਾ ਕਰਨ ਨੂੰ ਭੁਲਾਇਆ ਨਹੀਂ ਜਾ ਸਕਦਾ। 1977 ਵਿੱਚ ਇੰਦਰਾ ਗਾਂਧੀ ਦੀ ਸੱਤਾ ਤੋਂ ਬੇਦਖ਼ਲੀ ਅਤੇ 1980 ਵਿੱਚ ਸੱਤਾ ’ਚ ਵਾਪਸੀ ਨੇ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਫਿਰ ਸਾਬਤ ਕੀਤਾ, ਪਰ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਨੇ ਦੇਸ਼ ਨੂੰ ਇੱਕ ਹੋਰ ਡੂੰਘੇ ਸੰਕਟ ’ਚ ਸੁੱਟ ਦਿੱਤਾ। ਇੰਦਰਾ ਗਾਂਧੀ ਇੱਕ ਅਜਿਹੀ ਨੇਤਾ ਸਨ, ਜਿਨ੍ਹਾਂ ਨੇ ਦੇਸ਼ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ, ਪਰ ਉਨ੍ਹਾਂ ਦੇ ਸ਼ਾਸਨ ਦੌਰਾਨ ਲੋਕਤੰਤਰ ਨੂੰ ਭਾਰੀ ਨੁਕਸਾਨ ਵੀ ਪਹੁੰਚਿਆ। ਉਸ ਤੋਂ ਬਾਅਦ ਰਾਜੀਵ ਗਾਂਧੀ ਦਾ ਬਿਨਾਂ ਕਿਸੇ ਤਜਰਬੇ ਜਾਂ ਰਾਜਨੀਤਿਕ ਸਮਝ ਦੇ ਪ੍ਰਧਾਨ ਮੰਤਰੀ ਬਣਨ ਪਿੱਛੇ ਕਾਂਗਰਸ ’ਤੇ ਨਹਿਰੂ ਪਰਿਵਾਰ ਦੀ ਵੱਡੀ ਪਕੜ ਤੇ ਪਾਰਟੀ ਮੈਂਬਰਾਂ ਦੀ ਅੰਨ੍ਹੀ ਸ਼ਰਧਾ ਸੀ।
ਸੋਨੀਆ ਗਾਂਧੀ ਜਦੋਂ 1968 ’ਚ ਭਾਰਤ ਆਏ ਤਾਂ ਉਨ੍ਹਾਂ ਦਾ ਮੁੱਢਲਾ ਜੀਵਨ ਰਾਜਨੀਤੀ ਤੋਂ ਬਹੁਤ ਦੂਰ ਸੀ। ਉਨ੍ਹਾਂ ਨੂੰ ਭਾਰਤ ਦੇ ਇਤਿਹਾਸ, ਭਾਸ਼ਾਵਾਂ, ਸਮਾਜਿਕ ਵਿਭਿੰਨਤਾ ਤੇ ਰਾਜਨੀਤਿਕ ਪਰੰਪਰਾਵਾਂ ਨੂੰ ਸਮਝਣ ’ਚ ਸਮਾਂ ਲੱਗਿਆ। ਉਹ ਇੱਕ ਨਿੱਜੀ ਪਰਿਵਾਰਕ ਜੀਵਨ ਚਾਹੁੰਦੇ ਸਨ, ਪਰ ਇੰਦਰਾ ਗਾਂਧੀ ਤੇ ਫਿਰ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਹਾਲਾਤ ਬਦਲ ਗਏ। ਜਦੋਂ 1998 ’ਚ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਤਾਂ ਪਾਰਟੀ ਸਿਆਸੀ ਸੰਕਟ ’ਚੋਂ ਲੰਘ ਰਹੀ ਸੀ। 2004 ’ਚ ਸੋਨੀਆ ਦੀ ਅਗਵਾਈ ਹੇਠ ਯੂ.ਪੀ.ਏ. ਸਰਕਾਰ ਬਣੀ; ਉਨ੍ਹਾਂ ਨੇ ਖ਼ੁਦ ਪ੍ਰਧਾਨ ਮੰਤਰੀ ਬਣਨ ਦੀ ਬਜਾਏ ਇਹ ਅਹੁਦਾ ਮਨਮੋਹਨ ਸਿੰਘ ਨੂੰ ਦੇ ਕੇ ਇੱਕ ਵੱਡਾ ਰਾਜਨੀਤਿਕ ਫ਼ੈਸਲਾ ਲਿਆ ਸੀ। ਯੂ.ਪੀ.ਏ. ਦੀ 10 ਸਾਲ ਚੱਲੀ ਸਰਕਾਰ ਨੇ ਉਸ ਸਮੇਂ ਸੂਚਨਾ ਅਧਿਕਾਰ ਕਾਨੂੰਨ, ਮਨਰੇਗਾ ਤੇ ਖ਼ੁਰਾਕ ਸੁਰੱਖਿਆ ਵਰਗੇ ਕਾਨੂੰਨਾਂ ਨੂੰ ਅੱਗੇ ਵਧਾਇਆ ਸੀ। ਉਨ੍ਹਾਂ ਦੀ ਆਤਮਕਥਾ ਐਮਰਜੈਂਸੀ ਦੌਰਾਨ ਪਰਿਵਾਰ ਦੇ ਅੰਦਰੂਨੀ ਮਤਭੇਦ, ਰਾਜੀਵ ਗਾਂਧੀ ਨੂੰ ਸਲਾਹ, ਸੰਜੇ ਗਾਂਧੀ ਦਾ ਵਧਦਾ ਸਿਆਸੀ ਪ੍ਰਭਾਵ ਤੇ ਇੰਦਰਾ ਗਾਂਧੀ ਦੀ ਮਾਨਸਿਕ ਸਥਿਤੀ ਦਾ ਖ਼ੁਲਾਸਾ ਕਰਦੀ ਹੈ।
ਹੁਣ ਸਵਾਲ ਰਾਹੁਲ ਗਾਂਧੀ ਤੇ ਪ੍ਰਿਅੰਕਾ ਵਾਡਰਾ ਬਾਰੇ ਉੱਠਦਾ ਹੈ, ਜੋ ਕ੍ਰਮਵਾਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਲੋਕ ਸਭਾ ਦੇ ਮੈਂਬਰ ਹਨ। ਦੋਵਾਂ ਨੂੰ ਰਾਜਨੀਤੀ ’ਚ ਸਰਗਰਮ ਰਹਿਣ ਤੇ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ। ਪਰ ਕੀ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਕਿਸੇ ਪਰਿਵਾਰ ਦੀ ਅਗਲੀ ਪੀੜ੍ਹੀ ਲਈ ਕੁਦਰਤੀ ਅਗਲਾ ਪੜਾਅ ਮੰਨਿਆ ਜਾਣਾ ਚਾਹੀਦਾ ਹੈ? ਕੀ ਕਿਸੇ ਵਿਅਕਤੀ ਦੀ ਸਭ ਤੋਂ ਵੱਡੀ ਰਾਜਨੀਤਿਕ ਯੋਗਤਾ ਉਸ ਦਾ ਕਿਸੇ ਖ਼ਾਸ ਪਰਿਵਾਰ ’ਚ ਜਨਮ ਲੈਣਾ ਹੋ ਸਕਦਾ ਹੈ? ਲੋਕਤੰਤਰ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਕਿਸੇ ਪਰਿਵਾਰ ਦੀ ਵਿਰਾਸਤ ਨਹੀਂ ਹੁੰਦਾ, ਇਹ ਜਨਤਾ ਦੇ ਵਿਸ਼ਵਾਸ ਤੇ ਸੰਸਦ ਵਿੱਚ ਬਹੁਮਤ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।











Comments (0)