ਟਰੰਪ ਦਾ ਸਾਥ ਪਿਆ ਮਹਿੰਗਾ: ਮਿਡਟਰਮ ਚੋਣਾਂ ਨੇ ਹਿਲਾਇਆ ਐਲਨ ਮਸਕ ਦਾ ਸਾਮਰਾਜ

ਟਰੰਪ ਦਾ ਸਾਥ ਪਿਆ ਮਹਿੰਗਾ: ਮਿਡਟਰਮ ਚੋਣਾਂ ਨੇ ਹਿਲਾਇਆ ਐਲਨ ਮਸਕ ਦਾ ਸਾਮਰਾਜ

ਅਮਰੀਕਾ ਵਿੱਚ ਹੋਈਆਂ ਮਿਡਟਰਮ ਚੋਣਾਂ ਦੇ ਨਤੀਜਿਆਂ ਨੇ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਉਲਟਫੇਰ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੂੰ ਇਸ ਵਾਰ ਜਨਤਾ ਵੱਲੋਂ ਕਰਾਰਾ ਝਟਕਾ ਲੱਗਾ ਹੈ। ਪਰ ਇਸ ਹਾਰ ਦਾ ਅਸਰ ਸਿਰਫ਼ ਸਿਆਸੀ ਗਲਿਆਰਿਆਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਐਲਨ ਮਸਕ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਰਿਪਬਲਿਕਨ ਉਮੀਦਵਾਰਾਂ ਨੂੰ ਜਿਤਾਉਣ ਲਈ ਮਸਕ ਨੇ ਪਾਣੀ ਵਾਂਗ ਪੈਸਾ ਵਹਾਇਆ ਸੀ, ਪਰ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦਾ ਇਹ ਵੱਡਾ ਸਿਆਸੀ ਦਾਅ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ।

​ਮੀਡੀਆ ਰਿਪੋਰਟਾਂ ਮੁਤਾਬਕ ਐਲਨ ਮਸਕ ਨੇ ਇਨ੍ਹਾਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਪ੍ਰਚਾਰ ਅਤੇ ਉਮੀਦਵਾਰਾਂ ਦੀ ਮਦਦ ਲਈ ਲਗਭਗ 50 ਕਰੋੜ ਡਾਲਰ ਖ਼ਰਚ ਕੀਤੇ ਸਨ। ਇਸ ਤੋਂ ਪਹਿਲਾਂ ਸਾਲ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਡੋਨਾਲਡ ਟਰੰਪ ਦੀ ਹਮਾਇਤ ਲਈ 25 ਕਰੋੜ ਡਾਲਰ ਤੋਂ ਵੱਧ ਰਕਮ ਲਗਾਈ ਸੀ।

​ਮਸਕ ਦੀ ਇਸ ਭਾਰੀ ਨਿਵੇਸ਼ ਪਿੱਛੇ ਖ਼ਾਸ ਰਣਨੀਤੀ ਸੀ। ਉਹ ਟੈਕਸਾਸ ਸੂਬੇ ਨੂੰ ਰਿਪਬਲਿਕਨ ਪਾਰਟੀ ਦਾ ਪੱਕਾ ਗੜ੍ਹ ਬਣਾ ਕੇ ਰੱਖਣਾ ਚਾਹੁੰਦੇ ਸਨ। ਟੈਕਸਾਸ ਮਸਕ ਲਈ ਬਹੁਤ ਅਹਿਮ ਹੈ ਕਿਉਂਕਿ ਉਨ੍ਹਾਂ ਦੀ ਨਿੱਜੀ ਰਿਹਾਇਸ਼ ਤੋਂ ਇਲਾਵਾ ਉਨ੍ਹਾਂ ਦੀਆਂ ਪ੍ਰਮੁੱਖ ਕੰਪਨੀਆਂ—ਜਿਵੇਂ ਟੈਸਲਾ ਅਤੇ ਸਪੇਸ-ਐਕਸ ਦੇ ਵੱਡੇ ਦਫ਼ਤਰ ਅਤੇ ਪ੍ਰੋਜੈਕਟ ਇਸੇ ਸੂਬੇ ਵਿੱਚ ਸਥਿਤ ਹਨ। ਉਹ ਚਾਹੁੰਦੇ ਸਨ ਕਿ ਸਥਾਨਕ ਸਰਕਾਰ ਉਨ੍ਹਾਂ ਦੇ ਕਾਰੋਬਾਰ ਦੇ ਅਨੁਕੂਲ ਰਹੇ ਤਾਂ ਜੋ ਉਨ੍ਹਾਂ ਦੀਆਂ ਕੰਪਨੀਆਂ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੀਆਂ ਰਹਿਣ। ਪਰ ਚੋਣ ਨਤੀਜੇ ਉਨ੍ਹਾਂ ਦੀਆਂ ਆਸਾਂ ਦੇ ਬਿਲਕੁਲ ਉਲਟ ਨਿਕਲੇ।

​ਚੋਣ ਨਤੀਜਿਆਂ ਨੇ ਬਦਲੇ ਸਮੀਕਰਨ

​ਮਿਡਟਰਮ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ (ਪ੍ਰਤੀਨਿਧੀ ਸਭਾ ਅਤੇ ਸੈਨੇਟ) ਵਿੱਚ ਬਹੁਮਤ ਹਾਸਲ ਕਰ ਲਿਆ। ਸਭ ਤੋਂ ਹੈਰਾਨੀਜਨਕ ਨਤੀਜਾ ਟੈਕਸਾਸ ਤੋਂ ਆਇਆ, ਜਿੱਥੇ ਡੈਮੋਕ੍ਰੇਟ ਆਗੂ ਜੀਨਾ ਹਿਨੋਜੋਸਾ ਨੇ ਮੌਜੂਦਾ ਗਵਰਨਰ ਗ੍ਰੇਗ ਐਬੌਟ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਟੈਕਸਾਸ ਵਿੱਚ ਕਿਸੇ ਡੈਮੋਕ੍ਰੇਟਿਕ ਗਵਰਨਰ ਦੀ ਵਾਪਸੀ ਹੋਈ ਹੈ। ਮਸਕ ਨੇ ਵੋਟਿੰਗ ਵਾਲੇ ਦਿਨ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਰਿਪਬਲਿਕਨਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਸੀ, ਪਰ ਵੋਟਰਾਂ ਨੇ ਉਨ੍ਹਾਂ ਦੀ ਅਪੀਲ ਨੂੰ ਨਕਾਰ ਦਿੱਤਾ।

​ਹਾਰ ਤੋਂ ਬਾਅਦ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਤਨਜ਼ ਕਸਦਿਆਂ ਲਿਖਿਆ ਕਿ ਸ਼ਾਇਦ ਚੋਣਾਂ ਵਿੱਚ ਦਖ਼ਲ ਦੇਣ ਵਾਲੀਆਂ ਉਨ੍ਹਾਂ ਦੀਆਂ ਸਪੇਸ ਲੇਜ਼ਰਾਂ ਇਸ ਵਾਰ ਕੰਮ ਨਹੀਂ ਆਈਆਂ। ਹਾਲਾਂਕਿ ਇਸ ਮਜ਼ਾਕ ਦੇ ਪਿੱਛੇ ਉਨ੍ਹਾਂ ਦੀ ਚਿੰਤਾ ਸਾਫ਼ ਦਿਖਾਈ ਦੇ ਰਹੀ ਹੈ।

​ਹੁਣ ਮਸਕ ਦੇ ਕਾਰੋਬਾਰ ’ਤੇ ਡੈਮੋਕ੍ਰੇਟਸ ਦੀ ਅੱਖ

​ਟਰੰਪ ਦੀ ਪਿਛਲੀ ਜਿੱਤ ਤੋਂ ਬਾਅਦ ਮਸਕ ਨੂੰ ਸਰਕਾਰ ਵਿੱਚ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਉਹ ‘ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ’ ਨਾਲ ਜੁੜੇ ਹੋਏ ਸਨ। ਇਸ ਦੌਰਾਨ ਸਰਕਾਰੀ ਖ਼ਰਚਿਆਂ ਵਿੱਚ ਕਟੌਤੀ ਅਤੇ ਹਜ਼ਾਰਾਂ ਨੌਕਰੀਆਂ ਖ਼ਤਮ ਕਰਨ ਦੇ ਫੈਸਲਿਆਂ ਕਾਰਨ ਡੈਮੋਕ੍ਰੇਟਸ ਪਹਿਲਾਂ ਹੀ ਉਨ੍ਹਾਂ ਨਾਲ ਨਾਰਾਜ਼ ਚੱਲ ਰਹੇ ਸਨ।

ਕਾਂਗਰਸ ਵਿੱਚ ਡੈਮੋਕ੍ਰੇਟਸ ਦੇ ਬਹੁਮਤ ਮਗਰੋਂ ਐਲਨ ਮਸਕ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਦੀਆਂ ਕੰਪਨੀਆਂ ਨੂੰ ਮਿਲਦੇ ਸਰਕਾਰੀ ਠੇਕੇ, ਸਬਸਿਡੀਆਂ ਅਤੇ ਯੂਕ੍ਰੇਨ ਵਿੱਚ ਸਟਾਰਲਿੰਕ ’ਤੇ ਪਾਬੰਦੀ ਵਰਗੇ ਫੈਸਲੇ ਹੁਣ ਸਖ਼ਤ ਜਾਂਚ ਦੇ ਦਾਇਰੇ ਵਿੱਚ ਆਉਣਗੇ। ਇਸ ਸਿਆਸੀ ਦਬਾਅ ਕਾਰਨ ਸਰਕਾਰੀ ਮਨਜ਼ੂਰੀਆਂ ਵਿੱਚ ਦੇਰੀ ਹੋ ਸਕਦੀ ਹੈ, ਜਿਸ ਨਾਲ ਸਪੇਸ-ਐਕਸ ਦੇ ਆਈਪੀਓ  ਅਤੇ ਡਾਟਾ ਸੈਂਟਰ ਪ੍ਰੋਜੈਕਟਾਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ।

​ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਅਤੇ ਮਸਕ ਦੀ ਚੇਤਾਵਨੀ

​ਚੋਣ ਨਤੀਜੇ ਆਉਂਦੇ ਹੀ ਸ਼ੇਅਰ ਬਾਜ਼ਾਰ ਵਿੱਚ ਮਸਕ ਦੀਆਂ ਕੰਪਨੀਆਂ ’ਤੇ ਦਬਾਅ ਦੇਖਣ ਨੂੰ ਮਿਲਿਆ। ਪ੍ਰੀ-ਮਾਰਕੀਟ ਕਾਰੋਬਾਰ ਦੌਰਾਨ ਟੈਸਲਾ ਦੇ ਸ਼ੇਅਰਾਂ ਵਿੱਚ 3.6 ਫੀਸਦੀ ਅਤੇ ਸਪੇਸ-ਐਕਸ ਨਾਲ ਸਬੰਧਤ ਹਿੱਸੇਦਾਰੀ ਵਿੱਚ ਲਗਭਗ 3.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਵੇਸ਼ਕਾਂ ਨੂੰ ਡਰ ਹੈ ਕਿ ਨਵੀਂ ਸਿਆਸੀ ਸਥਿਤੀ ਕਾਰਨ ਮਸਕ ਦੀਆਂ ਕੰਪਨੀਆਂ ਨੂੰ ਸਰਕਾਰੀ ਨੀਤੀਆਂ ਅਤੇ ਫੰਡਿੰਗ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।

​ਦੂਜੇ ਪਾਸੇ, ਜਾਂਚ ਦੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਐਲਨ ਮਸਕ ਨੇ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇੱਕ ਰਿਪੋਰਟ ਦਾ ਜਵਾਬ ਦਿੰਦਿਆਂ ਲਿਖਿਆ ਕਿ  ਜੇਕਰ ਕੋਈ ਉਨ੍ਹਾਂ ਨਾਲ ਟੱਕਰ ਲਵੇਗਾ, ਤਾਂ ਉਹ ਸਿਰਫ਼ ਸਾਹਮਣੇ ਦਿਖਣ ਵਾਲੇ ਆਗੂਆਂ ਤੱਕ ਹੀ ਨਹੀਂ ਰੁਕਣਗੇ, ਸਗੋਂ ਪਰਦੇ ਦੇ ਪਿੱਛੇ ਬੈਠ ਕੇ ਖੇਡ ਖੇਡਣ ਵਾਲਿਆਂ ਦਾ ਵੀ ਪਰਦਾਫਾਸ਼ ਕਰਨਗੇ।

​ਸੰਸਦੀ ਕਮੇਟੀ ਦਾ ਸਖ਼ਤ ਰੁਖ਼

ਕਾਂਗਰਸ ਦੀ ਨਿਗਰਾਨੀ ਕਮੇਟੀ ਦੇ ਸੰਭਾਵੀ ਮੁਖੀ ਰੌਬਰਟ ਗਾਰਸੀਆ ਨੇ ਟਰੰਪ ਪ੍ਰਸ਼ਾਸਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਾਂਚ ਲਈ ਵਕੀਲ ਤਿਆਰ ਰੱਖਣ ਦੀ ਚੇਤਾਵਨੀ ਦਿੱਤੀ ਹੈ। ਸੰਮਨ ਭੇਜਣ ਅਤੇ ਦਸਤਾਵੇਜ਼ ਜਾਂਚਣ ਦੇ ਅਧਿਕਾਰਾਂ ਵਾਲੀ ਇਸ ਕਮੇਟੀ ਕਾਰਨ ਐਲਨ ਮਸਕ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਚੋਣਾਂ ਵਿੱਚ 4,700 ਕਰੋੜ  ਰੁਪਇਆ ਲਗਾਉਣ ਦੇ ਬਾਵਜੂਦ, ਹੁਣ ਮਸਕ ਸਾਹਮਣੇ ਡੈਮੋਕ੍ਰੇਟਸ ਦੇ ਸਖ਼ਤ ਦਬਾਅ ਹੇਠ ਆਪਣੇ ਕਾਰੋਬਾਰ ਨੂੰ ਸੰਭਾਲਣ ਦੀ ਵੱਡੀ ਚੁਣੌਤੀ ਬਣੀ ਹੋਈ ਹੈ।