ਕੈਨੇਡਾ ਵਿੱਚ ਚੋਣ ਪ੍ਰਚਾਰ ਦੌਰਾਨ ਭਖਿਆ ਨਸਲਵਾਦ
ਬਰੈਂਪਟਨ (ਕੈਨੇਡਾ)/ਏ.ਟੀ.ਨਿਊਜ਼: ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਸਥਾਨਕ ਰਾਜਨੀਤੀ ਉਸ ਵੇਲੇ ਗਰਮਾ ਗਈ, ਜਦੋਂ ਬਰੈਂਪਟਨ ਦੀ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਕੌਂਸਲਰ ਨਵਜੀਤ ਕੌਰ ਬਰਾੜ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਫ਼ਰਤ ਭਰੇ ਪੋਸਟਰ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਨੇ ਜਿੱਥੇ ਸਮੁੱਚੇ ਕੈਨੇਡੀਅਨ-ਪੰਜਾਬੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੌੜਾ ਦਿੱਤੀ ਹੈ, ਉੱਥੇ ਹੀ ਚੋਣ ਪ੍ਰਚਾਰ ਦੌਰਾਨ ਨਸਲਵਾਦ ਅਤੇ ਭਾਈਚਾਰਕ ਸਹਿਣਸ਼ੀਲਤਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ ਅਤੇ ਕਿਉਂ ਲਗਾਏ ਗਏ ਪੋਸਟਰ?
ਨਵਜੀਤ ਕੌਰ ਬਰਾੜ, ਜੋ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਮੁੜ ਮੈਦਾਨ ਵਿੱਚ ਉੱਤਰੇ ਹਨ, ਦੇ ਪ੍ਰਚਾਰ ਦੌਰਾਨ ਇੱਕ ਘਰ ਦੇ ਕੱਚ ਵਾਲੇ ਦਰਵਾਜ਼ੇ ’ਤੇ ਨਫ਼ਰਤੀ ਪੋਸਟਰ ਅਤੇ ਸਟਿੱਕਰ ਚਿਪਕਾਏ ਗਏ ਮਿਲੇ। ਦਰਵਾਜ਼ੇ ’ਤੇ ‘ਨੋ ਪੰਜਾਬੀ’ , ‘ਨੋ ਇਸਲਾਮ’ ਵਰਗੇ ਨਸਲੀ ਤੇ ਧਾਰਮਿਕ ਵਿਤਕਰੇ ਵਾਲੇ ਸੰਦੇਸ਼ ਲਿਖੇ ਹੋਏ ਸਨ ਅਤੇ ਇਜ਼ਰਾਇਲ ਖ਼ਿਲਾਫ਼ ਵੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਸੀ।ਹੱਦ ਤਾਂ ਉਦੋਂ ਹੋਈ ਜਦੋਂ ਇੱਕ ਪੋਸਟਰ ਉੱਤੇ ਕੌਂਸਲਰ ਨਵਜੀਤ ਕੌਰ ਬਰਾੜ ਦੀ ਤਸਵੀਰ ’ਤੇ ਲਾਲ ਰੰਗ ਨਾਲ ਵੱਡਾ ਕਰਾਸ (ਕਾਟਾ) ਲਗਾਇਆ ਹੋਇਆ ਸੀ। ਇਹ ਹਰਕਤ ਚੋਣਾਂ ਦੇ ਮਾਹੌਲ ਵਿੱਚ ਪੰਜਾਬੀ ਅਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਖ਼ਿਲਾਫ਼ ਨਫ਼ਰਤ ਭੜਕਾਉਣ, ਲੋਕਾਂ ਨੂੰ ਵੰਡਣ ਅਤੇ ਉਮੀਦਵਾਰ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਕੀਤੀ ਗਈ ਜਾਪਦੀ ਹੈ।
ਨਵਜੀਤ ਕੌਰ ਬਰਾੜ ਦਾ ਪ੍ਰਤੀਕਰਮ
ਨਵਜੀਤ ਕੌਰ ਬਰਾੜ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਹੀ ਸ਼ਹਿਰ ਵਿੱਚ ਅਜਿਹੀ ਨਫ਼ਰਤ ਦੇਖਣਾ ਚਿੰਤਾਜਨਕ ਹੈ। ਉਨ੍ਹਾਂ ਸਵਾਲ ਉਠਾਇਆ:ਜੇਕਰ ਕੋਈ ਪੰਜਾਬੀ ਵਾਲੰਟੀਅਰ, ਡਾਕ ਕਰਮਚਾਰੀ ਜਾਂ ਡਿਲੀਵਰੀ ਦੇਣ ਵਾਲਾ ਅਜਿਹੇ ਘਰ ਜਾਵੇ ਤਾਂ ਉਸ ਦੇ ਦਿਲ ’ਤੇ ਕੀ ਬੀਤੇਗੀ? ਅਜਿਹੇ ਸੰਦੇਸ਼ ਲੋਕਾਂ ਵਿੱਚ ਅਸੁਰੱਖਿਆ ਪੈਦਾ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਇੱਕ ਵਿਅਕਤੀ ਜਾਂ ਘਰ ਵੱਲੋਂ ਕੀਤੀ ਗਈ ਅਜਿਹੀ ਘਟੀਆ ਹਰਕਤ ਪੂਰੇ ਬਰੈਂਪਟਨ ਸ਼ਹਿਰ ਜਾਂ ਪੰਜਾਬੀ ਭਾਈਚਾਰੇ ਦੀ ਪਛਾਣ ਨਹੀਂ ਹੋ ਸਕਦੀ, ਬਰੈਂਪਟਨ ਦੀ ਅਸਲ ਤਾਕਤ ਆਪਸੀ ਏਕਤਾ ਅਤੇ ਸਾਂਝ ਹੈ।
ਪੁਲਿਸ ਕਾਰਵਾਈ ਅਤੇ ਜਾਂਚ ਦਾ ਰੁਖ਼
ਪੀਲ ਰੀਜਨਲ ਪੁਲੀਸ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਸਥਾਨਕ ਪੱਧਰ ’ਤੇ ਅਜਿਹੀਆਂ ਘਟਨਾਵਾਂ ਨੂੰ ‘ਹੇਟ ਕ੍ਰਾਈਮ’ ਅਤੇ ‘ਨਫ਼ਰਤ ਤੋਂ ਪ੍ਰੇਰਿਤ ਘਟਨਾ’ ਦੇ ਦਾਇਰੇ ਵਿੱਚ ਰੱਖ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਕਿਸੇ ਖ਼ਾਸ ਨਸਲ, ਭਾਸ਼ਾ ਜਾਂ ਧਰਮ ਦੇ ਆਧਾਰ ’ਤੇ ਉਮੀਦਵਾਰਾਂ ਨੂੰ ਧਮਕਾਉਣ ਜਾਂ ਸਮਾਜ ਵਿੱਚ ਵੰਡੀਆਂ ਪਾਉਣ ਵਾਲੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ।
ਸਿਆਸੀ ਆਗੂ ਤੇ ਪੰਥਕ ਧਿਰਾਂ ਇਕਮੁਠ
ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਸਿਆਸਤ ਵਿੱਚੋਂ ਨਵਜੀਤ ਕੌਰ ਦੇ ਹੱਕ ਵਿੱਚ ਜ਼ੋਰਦਾਰ ਸਮਰਥਨ ਜੁਟਿਆ ਹੈ।
ਜਗਮੀਤ ਸਿੰਘ (ਐੱਨ.ਡੀ.ਪੀ.ਆਗੂ) ਨੇ ਨਵਜੀਤ ਕੌਰ ਦੇ ਜਵਾਬ ਦੀ ਸ਼ਲਾਘਾ ਕਰਦਿਆਂ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਕੈਨੇਡਾ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ।
ਗ੍ਰਾਹਮ ਮੈਕਗ੍ਰੇਗਰ (ਐੱਮ.ਪੀ.ਪੀ.) ਅਤੇ ਮਾਰਟਿਨ ਮੇਡੀਰੋਸ (ਕੌਂਸਲਰ) ਨੇ ਪੰਜਾਬੀਆਂ ਅਤੇ ਘੱਟ-ਗਿਣਤੀਆਂ ਖ਼ਿਲਾਫ਼ ਇਸ ਹਰਕਤ ਨੂੰ ਸ਼ਰਮਨਾਕ ਤੇ ਅਸਵੀਕਾਰਨਯੋਗ ਕਰਾਰ ਦਿੱਤਾ।
ਕੈਨੇਡਾ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਨੇ ਇਸ ਮਾਮਲੇ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਪੰਥਕ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿਕਾਸ ਵਿੱਚ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਘਾਲਣਾ ਹੈ, ਪਰ ਚੋਣਾਂ ਦੇ ਦਿਨਾਂ ਵਿੱਚ ਜਾਣਬੁੱਝ ਕੇ ਨਸਲਵਾਦ ਭੜਕਾਇਆ ਜਾ ਰਿਹਾ ਹੈ। ਇੱਕ ਦਸਤਾਰਧਾਰੀ ਸਿੱਖ ਮਹਿਲਾ ਆਗੂ ਦੀ ਤਸਵੀਰ ’ਤੇ ਕਾਟਾ ਮਾਰਨਾ ਅਤੇ ‘ਨੋ ਪੰਜਾਬੀ’ ਵਰਗੇ ਬੋਰਡ ਲਗਾਉਣਾ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਕਾਰਵਾਈ ਹੈ। ਪੰਥਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਫ਼ਰਤੀ ਸੰਦੇਸ਼ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣ ਤਾਂ ਜੋ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਘਟਨਾ ਇਸ ਵੇਲੇ ਕੈਨੇਡਾ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਨਸਲੀ ਵਿਤਕਰੇ ਅਤੇ ਭਾਈਚਾਰਕ ਏਕਤਾ ’ਤੇ ਵੱਡੀ ਬਹਿਸ ਦਾ ਵਿਸ਼ਾ ਬਣੀ ਹੋਈ ਹੈ।











Comments (0)