ਆਸਟ੍ਰੇਲੀਆ ਦੀ ਸੰਸਦ ਵਿੱਚ ਗੂੰਜਿਆ ਸਿੱਖ ਦੀ ਦਸਤਾਰ ਜਬਰੀ ਲਾਹੁਣ ਦਾ ਮਾਮਲਾ

ਆਸਟ੍ਰੇਲੀਆ ਦੀ ਸੰਸਦ ਵਿੱਚ ਗੂੰਜਿਆ ਸਿੱਖ  ਦੀ ਦਸਤਾਰ ਜਬਰੀ ਲਾਹੁਣ ਦਾ ਮਾਮਲਾ
ਪਰਥ-ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਇੱਕ ਸਿੱਖ ਵਿਅਕਤੀ ਦੀ ਦਸਤਾਰ ਜਬਰੀ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸਲਵਾਦ ਨਾਲ ਜੁੜੇ ਇਸ ਗੰਭੀਰ ਮਾਮਲੇ ਵਿਰੁਧ ਪੱਛਮੀ ਆਸਟ੍ਰੇਲੀਆ ਦੀ ਸੰਸਦ ਵਿੱਚ  ਸੰਸਦ ਮੈਂਬਰ ਸੋਫੀ ਮੈਕਨੀਲ ਨੇ ਇਸ ਸ਼ਰਮਨਾਕ ਘਟਨਾ ਖ਼ਿਲਾਫ਼ ਆਵਾਜ਼ ਉਠਾਈ ਹੈ।ਇਹ ਘਟਨਾ ਪੰਦਰਾਂ ਅਕਤੂਬਰ ਨੂੰ ਪਰਥ ਦੇ ਦੱਖਣ-ਪੂਰਬੀ ਇਲਾਕੇ ਵਿੱਚ ਵਾਪਰੀ। 
ਜਾਣਕਾਰੀ ਅਨੁਸਾਰ ਪੀੜਤ ਸਿੱਖ ਵਿਅਕਤੀ ਆਪਣੀ ਪਤਨੀ ਅਤੇ ਨੌਂ ਮਹੀਨੇ ਦੇ ਬੱਚੇ ਨਾਲ ਇੱਕ ਖਰੀਦਦਾਰੀ ਕੇਂਦਰ ਤੋਂ ਬਾਹਰ ਆ ਰਿਹਾ ਸੀ। ਇਸੇ ਦੌਰਾਨ ਦਿਨ-ਦਿਹਾੜੇ ਇੱਕ ਅਣਪਛਾਤੇ ਵਿਅਕਤੀ ਨੇ ਪਿੱਛਿਓਂ ਆ ਕੇ ਉਸ ਦੇ ਸਿਰ ਤੋਂ ਦਸਤਾਰ ਜਬਰਨ ਲਾਹ ਦਿੱਤੀ ਅਤੇ ਉਸ ਨੂੰ ਲੈ ਕੇ ਉੱਥੋਂ ਫ਼ਰਾਰ ਹੋ ਗਿਆ। ਪਰਿਵਾਰ ਦੇ ਸਾਹਮਣੇ ਵਾਪਰੀ ਇਸ ਘਟਨਾ ਕਾਰਨ ਪੀੜਤ ਅਤੇ ਸਥਾਨਕ ਭਾਈਚਾਰੇ ਵਿੱਚ ਭਾਰੀ ਰੋਸ ਹੈ।

​ਪੱਛਮੀ ਆਸਟ੍ਰੇਲੀਆ ਦੀ ਵਿਧਾਨ ਪਰਿਸ਼ਦ ਦੀ ਮੈਂਬਰ ਸੋਫੀ ਮੈਕਨੀਲ ਨੇ ਬਾਈ ਅਕਤੂਬਰ ਨੂੰ ਸਦਨ ਦੀ ਕਾਰਵਾਈ ਦੌਰਾਨ ਇਹ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਇੱਕ ਸਿੱਖ ਮੈਂਬਰ ਨਾਲ ਖਰੀਦਦਾਰੀ ਕੇਂਦਰ ਦੇ ਬਾਹਰ ਪਰਿਵਾਰ ਦੇ ਸਾਹਮਣੇ ਦਸਤਾਰ ਲਾਹੁਣ ਦੀ ਘਟਨਾ ਬੇਹੱਦ ਚਿੰਤਾਜਨਕ ਹੈ। ਸੰਸਦ ਵਿੱਚ ਇਸ ਮੁੱਦੇ ਦੇ ਉੱਠਣ ਨਾਲ  ਆਸਟ੍ਰੇਲੀਆ ਵਿਚ ਇਹ ਸੁਨੇਹਾ ਗਿਆ ਹੈ ਕਿ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ।

​ਯੂਨਾਈਟਿਡ ਸਿੱਖਸ ਸੰਸਥਾ ਨੇ ਸੰਸਦ ਮੈਂਬਰ ਵੱਲੋਂ ਆਵਾਜ਼ ਉਠਾਉਣ ਦਾ ਸਵਾਗਤ ਕੀਤਾ ਹੈ। ਸੰਸਥਾ ਨੇ ਇਸ  ਨਸਲਵਾਦੀ ਹਮਲੇ ਨੂੰ ਸਿੱਖ ਵਿਅਕਤੀ ਦੇ ਸਤਿਕਾਰ ਅਤੇ ਧਾਰਮਿਕ ਪਛਾਣ ਉੱਤੇ ਸਿੱਧਾ ਹਮਲਾ ਕਰਾਰ ਦਿੱਤਾ। 

​ਇਸ ਘਟਨਾ ਦੀ ਸ਼ਿਕਾਇਤ ਪੱਛਮੀ ਆਸਟ੍ਰੇਲੀਆ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸੰਸਥਾ ਨੇ ਮੰਗ ਕੀਤੀ ਹੈ ਕਿ ਨਫ਼ਰਤੀ ਹਮਲੇ ਦੇ ਪੱਖ ਨੂੰ ਧਿਆਨ ਵਿੱਚ ਰੱਖ ਕੇ ਦੋਸ਼ੀ ਦੀ ਪਛਾਣ ਕੀਤੀ ਜਾਵੇ ਅਤੇ ਸਖ਼ਤ ਕਾਰਵਾਈ ਹੋਵੇ।