ਆਪਣੇ ਹੀ ਬਿਆਨਾਂ ਵਿੱਚ ਘਿਰੀ ਆਰ.ਐੱਸ.ਐੱਸ.
ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਵੱਲੋਂ ਸੰਘ ਦੇ ਸ਼ਤਾਬਦੀ ਵਰ੍ਹੇ ਦੇ ਸਮਾਪਨ ਸਮਾਰੋਹ ਦੌਰਾਨ ਦਿੱਤੇ ਗਏ ਤਾਜ਼ਾ ਭਾਸ਼ਣ ਨੇ ਇੱਕ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਦੋ ਗੱਲਾਂ ’ਤੇ ਖ਼ਾਸ ਜ਼ੋਰ ਦਿੱਤਾ—ਪਹਿਲੀ ਇਹ ਕਿ ਦੇਸ਼ ਵਿੱਚ ਹੋ ਰਹੇ ਪ੍ਰਦਰਸ਼ਨ ਵਿਦੇਸ਼ੀ ਤੇ ਦੇਸ਼-ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਹਨ, ਅਤੇ ਦੂਜੀ ਇਹ ਕਿ ਦੁਨੀਆ ਦੇ ਕਈ ਮੁਲਕ ਭਾਰਤ ਦੀ ਵਧਦੀ ਤਾਕਤ ਤੇ ਤਰੱਕੀ ਤੋਂ ਸੜਦੇ ਹਨ, ਇਸ ਲਈ ਇੱਥੋਂ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਹਾਲਾਂ ਕਿ, ਇਹ ਕੋਈ ਨਵਾਂ ਦਾਅਵਾ ਨਹੀਂ ਹੈ, ਸਗੋਂ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਹਰ ਦੌਰ ਦੀਆਂ ਸਰਕਾਰਾਂ ਇਸ ਪੁਰਾਣੇ ਸਿਆਸੀ ਹੱਥਕੰਡੇ ਦੀ ਵਰਤੋਂ ਕਰਦੀਆਂ ਆਈਆਂ ਹਨ।
ਸੰਘ ਅਤੇ ਸੱਤਾ ਧਿਰ ਦਾ ਪਰਦਾਫਾਸ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਦਾਅਵਿਆਂ ਦੇ ਆਪਸੀ ਵਿਰੋਧਾਭਾਸ ਕਾਰਨ ਹੁੰਦਾ ਹੈ। ਇੱਕ ਪਾਸੇ ਸਰਕਾਰ ਅਤੇ ਸੰਘ ਦਾ ਪ੍ਰਚਾਰ ਹੈ ਕਿ ਭਾਰਤ ਹੁਣ ‘ਵਿਸ਼ਵ ਗੁਰੂ’ ਬਣ ਚੁੱਕਾ ਹੈ ਅਤੇ ਦੁਨੀਆ ਦਾ ਕੋਈ ਵੀ ਵੱਡਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੋਂ ਬਿਨਾਂ ਨਹੀਂ ਹੁੰਦਾ, ਪਰ ਦੂਜੇ ਪਾਸੇ ਇਹ ਰੋਣਾ ਰੋਇਆ ਜਾ ਰਿਹਾ ਹੈ ਕਿ ਦੂਜੇ ਦੇਸ਼ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ। ਜੇਕਰ ਦੇਸ਼ ਅਸਲ ਵਿੱਚ ਇੰਨਾ ਮਜ਼ਬੂਤ ਤੇ ਪ੍ਰਭਾਵਸ਼ਾਲੀ ਹੋ ਚੁੱਕਾ ਹੈ, ਤਾਂ ਸਰਕਾਰ ਇਨ੍ਹਾਂ ਸਾਜ਼ਿਸ਼ਾਂ ਅੱਗੇ ਬੇਵੱਸ ਕਿਉਂ ਜਾਪਦੀ ਹੈ?
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਿਆਨਬਾਜ਼ੀ ਦੀ ਅਸਲ ਪੋਲ ਉਸ ਵੇਲੇ ਖੁੱਲ੍ਹਦੀ ਹੈ ਜਦੋਂ ਹਰ ਲੋਕਤੰਤਰੀ ਅਸਹਿਮਤੀ ਨੂੰ ਸਾਜ਼ਿਸ਼ ਕਰਾਰ ਦੇ ਕੇ ਰੱਦ ਕਰ ਦਿੱਤਾ ਜਾਂਦਾ ਹੈ। ਕਿਸਾਨਾਂ ਤੋਂ ਲੈ ਕੇ ਮਹਿਲਾ ਪਹਿਲਵਾਨਾਂ ਅਤੇ ਨੌਜਵਾਨਾਂ ਤੱਕ—ਹੱਕ ਮੰਗਣ ਵਾਲੇ ਹਰ ਤਬਕੇ ਨੂੰ ਦੇਸ਼-ਵਿਰੋਧੀ ਤਾਕਤਾਂ ਦੇ ਇਸ਼ਾਰੇ ’ਤੇ ਨੱਚਣ ਵਾਲਾ ਕਹਿਣਾ ਸੰਘ ਦੀ ਸਿਆਸੀ ਮਜਬੂਰੀ ਬਣ ਚੁੱਕਾ ਹੈ। ਇਤਿਹਾਸ ਗਵਾਹ ਹੈ ਕਿ ਕਾਂਗਰਸੀ ਦੌਰ ਵਿੱਚ ਜੇਪੀ ਅੰਦੋਲਨ ਨੂੰ ਸੀ.ਆਈ.ਏ. ਦੀ ਸਾਜ਼ਿਸ਼ ਦੱਸੇ ਜਾਣ ਦਾ ਵਿਰੋਧ ਕਰਨ ਵਾਲਾ ਸੰਘ, ਅੱਜ ਖ਼ੁਦ ਇੰਦਰਾ ਗਾਂਧੀ ਵਾਲੀ ਉਸੇ ਨੀਤੀ ’ਤੇ ਉੱਤਰ ਆਇਆ ਹੈ। ਨੌਜਵਾਨਾਂ ਨੂੰ ਲੋੜ ਵੇਲੇ ‘ਦੇਸ਼ਭਗਤ’ ਅਤੇ ਹੱਕ ਮੰਗਣ ਵੇਲੇ ‘ਸਾਜ਼ਿਸ਼ੀ’ ਗਰਦਾਨਣਾ ਸੋਚ ਦਾ ਦੋਹਰਾਪਣ ਹੀ ਨਹੀਂ, ਸਗੋਂ ਲੋਕਾਂ ਦੀਆਂ ਅਸਲ ਤਕਲੀਫ਼ਾਂ ਤੋਂ ਭੱਜਣ ਦਾ ਕੋਝਾ ਯਤਨ ਹੈ। ਸੱਚਾਈ ਇਹ ਹੈ ਕਿ ਇਹ ਸਾਜ਼ਿਸ਼ ਦਾ ਰੋਣਾ ਕਿਸੇ ਬਾਹਰੀ ਖ਼ਤਰੇ ਕਾਰਨ ਨਹੀਂ, ਸਗੋਂ ਘਰੇਲੂ ਮੋਰਚੇ ’ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਦਾ ਇੱਕ ਅਜ਼ਮਾਇਆ ਹੋਇਆ ਹਥਕੰਡਾ ਹੈ।
ਸਪੱਸ਼ਟ ਹੈ ਕਿ ਜਦੋਂ ਸੱਤਾ ਕੋਲ ਵੱਧਦੀ ਬੇਰੁਜ਼ਗਾਰੀ, ਆਰਥਿਕ ਮੰਦਹਾਲੀ ਅਤੇ ਲੋਕਾਂ ਦੇ ਅਸਲ ਸੰਕਟਾਂ ਦਾ ਕੋਈ ਠੋਸ ਹੱਲ ਨਹੀਂ ਹੁੰਦਾ, ਤਾਂ ਜਨਤਕ ਗੁੱਸੇ ਤੋਂ ਬਚਣ ਲਈ ‘ਵਿਦੇਸ਼ੀ ਸਾਜ਼ਿਸ਼’ ਨੂੰ ਇੱਕ ਸਿਆਸੀ ਢਾਲ ਬਣਾ ਲਿਆ ਜਾਂਦਾ ਹੈ। ਪਰ ਇੱਕੋ ਸਮੇਂ ‘ਵਿਸ਼ਵ ਗੁਰੂ’ ਦਾ ਪ੍ਰਚਾਰ ਅਤੇ ਬਾਹਰੀ ਸਾਜ਼ਿਸ਼ਾਂ ਅੱਗੇ ਲਾਚਾਰੀ ਦਾ ਰੋਣਾ ਹੁਣ ਲੋਕਾਂ ਦੀ ਸਮਝ ਵਿੱਚ ਆ ਰਿਹਾ ਹੈ। ਇਸ ਕਾਰਨ ਸੰਘ ਦਾ ਇਹ ਬਿਰਤਾਂਤ ਪੂਰੀ ਤਰ੍ਹਾਂ ਬੇਨਿਕਾਬ ਹੋ ਚੁੱਕਾ ਹੈ।











Comments (0)